ਬਰੈਂਪਟਨ, 6 ਜੁਲਾਈ (ਪੋਸਟ ਬਿਊਰੋ): ਬਰੈਂਪਟਨ ਈਸਟ ਦੇ ਹਲਕੇ ਵਿਚ ਸਥਿਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਬੋਇਸ ਪਾਰਕ ਵਿਚ ਕੈਨੇਡਾ ਡੇੇਅ ਪਿਕਨਿਕ ਦਾ ਆਯੋਜਨ ਕੀਤਾ ਗਿਆ। ਇਸ ਪਿਕਨਿਕ ਦੇ ਵਿੱਚ ਆਸ ਪਾਸ ਦੇ ਸੈਂਕੜੇ ਪਰਿਵਾਰਾਂ ਨੇ ਹਿੱਸਾ ਲਿਆ। ਕਲੱਬ ਦੇ ਪ੍ਰਧਾਨ ਮੇਜਰ ਸਿੰਘ ਹੰਸਰਾ ਵੱਲੋਂ ਸਾਰਿਆਂ ਦਾ ਸਵਾਗਤ ਕੀਤਾ ਗਿਆ ਅਤੇ ਕਲੱਬ ਦੀ ਸਾਰੀ ਟੀਮ ਵੱਲੋਂ ਰਲ ਕੇ ਬੱਚਿਆਂ ਅਤੇ ਬਜ਼ੁਰਗਾਂ ਦੀਆਂ ਹਲਕੀਆਂ ਫੁਲਕੀਆਂ ਖੇਡਾਂ ਦਾ ਵੀ ਆਯੋਜਨ ਕੀਤਾ ਗਿਆ।
ਇਸ ਮੌਕੇ `ਤੇ ਬਰੈਂਪਟਨ ਸਿਟੀ ਤੋਂ ਡਿਪਟੀ ਮੇਅਰ ਹਰਕੀਰਤ ਸਿੰਘ, ਰੀਜਨਲ ਕੌਂਸਰਲ ਗੁਰਪ੍ਰਤਾਪ ਸਿੰਘ ਤੂਰ, ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਅਤੇ ਨਾਲ ਦੀ ਨਾਲ ਪ੍ਰੋਵਿਨਸ਼ੀਅਲ ਗਵਾਰਨਮੈਂਟ ਵੱਲੋਂ ਐੱਮਪੀਪੀ ਹਰਦੀਪ ਸਿੰਘ ਗਰੇਵਾਲ ਨੇ ਹਾਜ਼ਰੀ ਲਗਵਾਈ। ਸਟੇਜ ਦੀ ਜਿ਼ੰਮੇਵਾਰੀ ਸਾਬਕਾ ਸਿਟੀ ਕੌਂਸਲਰ ਵਿੱਕੀ ਢਿੱਲੋਂ ਵੱਲੋਂ ਨਿਭਾਈ ਗਈ।
ਆਏ ਮਹਿਮਾਨਾਂ ਲਈ ਹਰਦੀਪ ਗਰੇਵਾਲ ਵੱਲੋਂ ਬੱਚਿਆਂ ਵਾਸਤੇ ਆਈਸਕਰੀਮ ਸਟਾਲ ਵੀ ਲਗਾਇਆ ਗਿਆ ਅਤੇ ਇਸ ਦੇ ਨਾਲ ਨਾਲ ਵਧੀਆ ਲੰਚ ਅਤੇ ਗਰਮਾ ਗਰਮ ਜਲੇਬੀਆਂ ਅਤੇ ਚਾਹ ਪਾਣੀ ਦਾ ਵੀ ਬੰਦੋਬਸਤ ਕੀਤਾ ਗਿਆ।
ਇਸ ਮੌਕੇ ਕਮਿਊਨਿਟੀ ਆਗੂ ਜੋਤਵਿੰਦਰ ਸੋਢੀ ਵੀ ਸ਼ਾਮਿਲ ਹੋਏ। ਇਸ ਤੋਂ ਬਾਅਦ ਕਲੱਬ ਦੇ ਪ੍ਰਧਾਨ ਮੇਜਰ ਸਿੰਘ ਹੰਸਰਾ, ਉਪ ਪ੍ਰਧਾਨ ਆਰਪੀ ਸਿੰਘ, ਸੈਕਟਰੀ ਗੁਰਬਖਸ਼ ਸਿੰਘ ਅਤੇ ਖਜ਼ਾਨਚੀ ਬਲਵਿੰਦਰ ਸਿੰਘ ਰੱਖੜਾ ਅਤੇ ਉਨ੍ਹਾਂ ਦੀ ਸਾਰੀ ਟੀਮ ਨੇ ਆਏ ਹੋਏ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ।