-'ਆਪ' ਨੇਤਾ ਆਤਿਸ਼ੀ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਅਸਤੀਫੇ ਦੀ ਕੀਤੀ ਮੰਗ
ਨਵੀਂ ਦਿੱਲੀ, 31 ਅਗਸਤ (ਪੋਸਟ ਬਿਊਰੋ): ਦਿੱਲੀ ਦੇ ਕਾਲਕਾਜੀ ਮੰਦਰ ਵਿੱਚ ਸੇਵਾਦਾਰ ਯੋਗੇਂਦਰ ਸਿੰਘ ਦੇ ਕਤਲ ਮਾਮਲੇ ਵਿੱਚ ਹੁਣ ਤੱਕ 5 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਚਾਰ ਮੁਲਜ਼ਮ ਮੋਹਨ ਉਰਫ਼ ਭੂਰਾ (19) ਅਤੇ ਕੁਲਦੀਪ ਬਿਧੂਰੀ (20), ਜੋਕਿ ਗਲਕਾਬਾਦ ਦੇ ਵਸਨੀਕ ਹਨ, ਨੂੰ ਸ਼ਨੀਵਾਰ ਸ਼ਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਪਹਿਲਾਂ, ਦੱਖਣਪੁਰੀ ਦੇ ਰਹਿਣ ਵਾਲੇ ਅਤੇ ਮੂਲ ਰੂਪ ਵਿੱਚ ਗੋਰਖਪੁਰ (ਉੱਤਰ ਪ੍ਰਦੇਸ਼) ਦੇ ਰਹਿਣ ਵਾਲੇ ਅਤੁਲ ਪਾਂਡੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ, ਆਮ ਆਦਮੀ ਪਾਰਟੀ ਨੇ ਇਸ ਮਾਮਲੇ ਵਿੱਚ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕੀਤੇ ਹਨ ਅਤੇ ਮੁੱਖ ਮੰਤਰੀ ਰੇਖਾ ਗੁਪਤਾ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ।
ਆਪ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨੇ ਵੀ ਸ਼ਨੀਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਇਸ ਮਾਮਲੇ ਸਬੰਧੀ ਅਸਤੀਫ਼ੇ ਦੀ ਮੰਗ ਕੀਤੀ ਹੈ। ਆਤਿਸ਼ੀ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਕਾਲਕਾਜੀ ਮੰਦਰ ਵਿੱਚ ਸੇਵਾਦਾਰ ਦੀ ਬੇਰਹਿਮੀ ਨਾਲ ਹੱਤਿਆ ਸਾਫ਼ ਦਿਖਾਉਂਦੀ ਹੈ ਕਿ ਦਿੱਲੀ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਅਪਰਾਧੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਭਾਜਪਾ ਦੀ 4-ਇੰਜਣ ਸਰਕਾਰ ਪੂਰੀ ਤਰ੍ਹਾਂ ਅਸਫਲ ਹੋ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ।
ਇਹ ਘਟਨਾ 29 ਅਗਸਤ ਦੀ ਸ਼ਾਮ ਨੂੰ ਵਾਪਰੀ ਸੀ। ਪ੍ਰਸਾਦ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਯੋਗੇਂਦਰ ਸਿੰਘ ਨੂੰ ਡੰਡਿਆਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।