* ਡੇਟ-ਰੇਪ ਡਰੱਗਜ਼ ਦੇ ਸ਼ੱਕ ਵਿੱਚ 12 ਗ੍ਰਿਫ਼ਤਾਰੀਆਂ
ਪੈਰਿਸ, 24 ਜੂਨ (ਪੋਸਟ ਬਿਊਰੋ): ਫਰਾਂਸ ਵਿੱਚ 21 ਜੂਨ ਨੂੰ ਸਾਲਾਨਾ ਸਟ੍ਰੀਟ ਸੰਗੀਤ ਉਤਸਵ 'ਫੇਤੇ ਡੇ ਲਾ ਮਿਊਜਿ਼ਕ' ਦੌਰਾਨ, ਕੁਝ ਸ਼ੱਕੀਆਂ ਨੇ ਭੀੜ ਦਾ ਫਾਇਦਾ ਉਠਾਇਆ ਅਤੇ ਤਿਉਹਾਰ ਵਿੱਚ ਆਏ ਲੋਕਾਂ ਨੂੰ ਟੀਕੇ ਲਗਾ ਦਿੱਤੇ। ਸਰਿੰਜ ਹਮਲੇ ਅਕਸਰ ਅਚਾਨਕ ਅਤੇ ਗੁਪਤ ਰੂਪ ਵਿੱਚ ਕੀਤੇ ਜਾਂਦੇ ਹਨ।
ਦਿ ਗਾਰਡੀਅਨ ਅਨੁਸਾਰ, ਇਹ ਸਪੱਸ਼ਟ ਨਹੀਂ ਹੈ ਕਿ ਰੋਹਿਪਨੋਲ ਜਾਂ ਜੀਐੱਚਬੀ ਵਰਗੀਆਂ ਡੇਟ-ਰੇਪ ਦਵਾਈਆਂ ਟੀਕੇ ਲਗਾਏ ਗਏ ਹਨ ਜਾਂ ਨਹੀਂ। ਇਨ੍ਹਾਂ ਦਵਾਈਆਂ ਦੀ ਵਰਤੋਂ ਲੋਕਾਂ ਨੂੰ ਬੇਹੋਸ਼ ਅਤੇ ਨਸ਼ਾ ਕਰਨ ਲਈ ਕੀਤੀ ਜਾਂਦੀ ਹੈ। ਕੁਝ ਪੀੜਤਾਂ ਨੂੰ ਟੌਕਸੀਕੋਲਾਜੀ ਟੈਸਟਾਂ ਲਈ ਹਸਪਤਾਲ ਲਿਜਾਇਆ ਗਿਆ।
ਘਟਨਾ ਤੋਂ ਬਾਅਦ, ਮੌਕੇ 'ਤੇ ਹਫੜਾ-ਦਫੜੀ ਮਚ ਗਈ। ਕਈ ਸ਼ੱਕੀਆਂ ਨੇ ਮੌਕੇ 'ਤੇ ਭੰਨਤੋੜ ਵੀ ਕੀਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਟੀਕਾ ਦੇਣ ਦੀ ਸਿ਼ਕਾਇਤ ਤੋਂ ਬਾਅਦ, ਪੁਲਿਸ ਨੇ 12 ਸ਼ੱਕੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਪਹਿਲਾਂ, ਇੱਕ ਫੇਮੀਨਿਸਟ ਇਨਫਿਲਿਊਏਂਸਰ ਨੇ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਸੋਸ਼ਲ ਮੀਡੀਆ 'ਤੇ ਸਰਿੰਜਾਂ ਨਾਲ ਔਰਤਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਚਰਚਾ ਹੋ ਰਹੀ ਹੈ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਇਹ ਪੋਸਟਾਂ ਕਿੱਥੇ ਅਤੇ ਕਿਸਨੇ ਕੀਤੀਆਂ ਹਨ।
ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਦੇਸ਼ ਭਰ ਵਿੱਚ 145 ਲੋਕਾਂ ਨੇ ਸੂਈ ਚੁਭਣ ਦੀ ਸਿ਼ਕਾਇਤ ਕੀਤੀ, ਜਿਨ੍ਹਾਂ ਵਿੱਚੋਂ 13 ਮਾਮਲੇ ਪੈਰਿਸ ਵਿੱਚ ਸ਼ਾਮਿਲ ਹਨ। ਪੈਰਿਸ ਵਿੱਚ ਤਿੰਨ ਲੋਕਾਂ, ਜਿਨ੍ਹਾਂ ਵਿੱਚ ਇੱਕ 15 ਸਾਲਾ ਲੜਕੀ ਅਤੇ ਇੱਕ 18 ਸਾਲਾ ਲੜਕਾ ਸ਼ਾਮਿਲ ਹੈ, ਨੇ ਸਰਿੰਜ ਚੁਭਣ ਦੀ ਸਿ਼ਕਾਇਤ ਕੀਤੀ।