ਵਾਸਿ਼ੰਗਟਨ, 24 ਜੂਨ (ਪੋਸਟ ਬਿਊਰੋ): ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਦਰਮਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਈਰਾਨ ਅਤੇ ਇਜ਼ਰਾਈਲ ਦੋਵਾਂ ਨੇ ਜੰਗਬੰਦੀ ਨਿਯਮਾਂ ਦੀ ਉਲੰਘਣਾ ਕੀਤੀ ਹੈ। ਜੰਗਬੰਦੀ ਮੰਗਲਵਾਰ ਤੜਕੇ ਤੋਂ ਲਾਗੂ ਹੋਣੀ ਸੀ, ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਦੋਵਾਂ ਦੇਸ਼ਾਂ ਤੋਂ ਹਮਲੇ ਹੋਏ।
ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਤੁਰੰਤ ਆਪਣੇ ਪਾਇਲਟਾਂ ਨੂੰ ਘਰ ਬੁਲਾਵੇ ਅਤੇ ਬੰਬਾਰੀ ਬੰਦ ਕਰੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ ਇਜ਼ਰਾਈਲ, ਬੰਬ ਨਾ ਸੁੱਟੋ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਇਹ ਇੱਕ ਵੱਡੀ ਉਲੰਘਣਾ ਹੋਵੇਗੀ। ਆਪਣੇ ਪਾਇਲਟਾਂ ਨੂੰ ਤੁਰੰਤ ਵਾਪਸ ਬੁਲਾਓ!
ਟਰੰਪ ਨੇ ਨਾਟੋ ਕਾਨਫਰੰਸ ਲਈ ਹੇਗ ਲਈ ਰਵਾਨਾ ਹੋਣ ਤੋਂ ਪਹਿਲਾਂ ਪੱਤਰਕਾਰਾਂ ਨੂੰ ਕਿਹਾ ਕਿ ਈਰਾਨ ਨੇ ਜੰਗਬੰਦੀ ਤੋੜੀ, ਪਰ ਇਜ਼ਰਾਈਲ ਨੇ ਵੀ। ਮੈਂ ਇਜ਼ਰਾਈਲ ਤੋਂ ਖੁਸ਼ ਨਹੀਂ ਹਾਂ।
ਮੰਗਲਵਾਰ ਸਵੇਰੇ ਇਜ਼ਰਾਈਲ ਨੇ ਦੋਸ਼ ਲਗਾਇਆ ਕਿ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਈਰਾਨ ਨੇ ਆਪਣੇ ਹਵਾਈ ਖੇਤਰ `ਚ ਮਿਜ਼ਾਈਲਾਂ ਦਾਗੀਆਂ। ਈਰਾਨੀ ਫੌਜ ਨੇ ਇਸ ਤੋਂ ਇਨਕਾਰ ਕੀਤਾ, ਪਰ ਉੱਤਰੀ ਇਜ਼ਰਾਈਲ ‘ਚ ਧਮਾਕਿਆਂ ਅਤੇ ਸਾਇਰਨ ਦੀਆਂ ਆਵਾਜ਼ਾਂ ਸੁਣੀਆਂ। ਇਜ਼ਰਾਈਲੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਹਵਾ `ਚ ਦੋ ਈਰਾਨੀ ਮਿਜ਼ਾਈਲਾਂ ਨੂੰ ਡੇਗ ਦਿੱਤਾ ਹੈ।