ਨਵੀਂ ਦਿੱਲੀ, 7 ਮਈ (ਪੋਸਟ ਬਿਊਰੋ): ਪਹਿਲਗਾਮ ਹਮਲੇ ਤੋਂ 15 ਦਿਨ ਬਾਅਦ, ਭਾਰਤ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ 9 ਅੱਤਵਾਦੀ ਟਿਕਾਣਿਆਂ 'ਤੇ ਹਵਾਈ ਹਮਲੇ ਕੀਤੇ। ਇਹ ਹਮਲੇ ਮੰਗਲਵਾਰ ਰਾਤ ਨੂੰ 1:30 ਵਜੇ 'ਆਪ੍ਰੇਸ਼ਨ ਸਿੰਦੂਰ' ਤਹਿਤ ਬਹਾਵਲਪੁਰ, ਮੁਰੀਦਕੇ, ਬਾਗ, ਕੋਟਲੀ ਅਤੇ ਮੁਜ਼ੱਫਰਾਬਾਦ ਵਿੱਚ ਕੀਤੇ ਗਏ।
ਇਹ ਉਹੀ ਟਿਕਾਣੇ ਹਨ ਜਿੱਥੋਂ ਭਾਰਤ 'ਤੇ ਅੱਤਵਾਦੀ ਹਮਲਿਆਂ ਦੀ ਯੋਜਨਾ ਬਣਾਈ ਜਾ ਰਹੀ ਸੀ ਅਤੇ ਉਨ੍ਹਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ। ਪਾਕਿਸਤਾਨ ਤੋਂ ਸਥਾਨਕ ਰਿਪੋਰਟਾਂ ਅਨੁਸਾਰ, ਬਹਾਵਲਪੁਰ ਵਿੱਚ ਹਵਾਈ ਹਮਲੇ ਤੋਂ ਬਾਅਦ 30 ਲੋਕਾਂ ਦੀ ਮੌਤ ਹੋ ਗਈ ਹੈ। ਏਐੱਨਆਈ ਅਨੁਸਾਰ, ਜੈਸ਼-ਏ-ਮੁਹੰਮਦ ਦੇ 4 ਅੱਤਵਾਦੀ ਟਿਕਾਣਿਆਂ, ਲਸ਼ਕਰ-ਏ-ਤੋਇਬਾ ਦੇ 3 ਅਤੇ ਹਿਜ਼ਬੁਲ ਮੁਜਾਹਿਦੀਨ ਦੇ 2 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।
ਪਾਕਿਸਤਾਨ ਦੇ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ, ਭਾਰਤ ਨੇ 24 ਮਿਜ਼ਾਈਲਾਂ ਦਾਗੀਆਂ ਹਨ। ਏਐੱਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਰੀ ਰਾਤ ਆਪ੍ਰੇਸ਼ਨ ਸਿੰਦੂਰ ਦੀ ਨਿਗਰਾਨੀ ਕਰਦੇ ਰਹੇ।
ਭਾਰਤ ਨੇ ਇਹ ਕਾਰਵਾਈ ਖੁਫੀਆ ਏਜੰਸੀ ਰਾਅ ਦੇ ਇਨਪੁਟ 'ਤੇ ਕੀਤੀ ਹੈ। ਭਾਰਤੀ ਫੌਜ ਨੇ ਸੁਭਾਨ ਮਸਜਿਦ ਨੂੰ ਨਿਸ਼ਾਨਾ ਬਣਾਇਆ ਹੈ, ਜੋ ਕਿ ਬਹਾਵਲਪੁਰ ਵਿੱਚ ਜੈਸ਼-ਏ-ਮੁਹੰਮਦ ਦਾ ਮੁੱਖ ਦਫਤਰ ਸੀ। ਬਹਾਵਲਪੁਰ ਸ਼ਹਿਰ ਜੈਸ਼-ਏ-ਮੁਹੰਮਦ (ਜੇਈਐੱਮ) ਦਾ ਗੜ੍ਹ ਹੈ।
ਇਸ ਦੇ ਨਾਲ ਹੀ, ਭਾਰਤ ਨੇ ਮੁਰੀਦਕੇ ਸ਼ਹਿਰ ਵਿੱਚ ਉਮਲਕੁਰਾ ਮਸਜਿਦ ਨੂੰ ਵੀ ਨਿਸ਼ਾਨਾ ਬਣਾਇਆ ਹੈ। ਮੁਰੀਦਕੇ ਨੂੰ ਲਸ਼ਕਰ-ਏ-ਤੋਇਬਾ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ, ਲਸ਼ਕਰ ਦਾ ਮਰਕਜ਼-ਏ-ਤੋਇਬਾ ਕੈਂਪਸ ਮੁਰੀਦਕੇ ਵਿੱਚ ਹੀ ਹੈ, ਜਿੱਥੇ ਅੱਤਵਾਦੀਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, ਭਾਰਤ ਨੇ ਮੁਜ਼ੱਫਰਾਬਾਦ ਵਿੱਚ ਬਿਲਾਲ ਮਸਜਿਦ ਅਤੇ ਕੋਟਲੀ ਵਿੱਚ ਅਬਤ ਮਸਜਿਦ ਨੂੰ ਨਿਸ਼ਾਨਾ ਬਣਾਇਆ ਹੈ।