*ਸਪੇਨ ਦੀ ਮਦਦ ਨਾਲ ਸੀ-295 ਭਾਰਤ 'ਚ ਬਣੇਗਾ
ਨਵੀਂ ਦਿੱਲੀ, 28 ਅਕਤੂਬਰ (ਪੋਸਟ ਬਿਊਰੋ): ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਐਤਵਾਰ ਰਾਤ ਭਾਰਤ ਪਹੁੰਚ ਗਏ ਹਨ। ਸੋਮਵਾਰ ਨੂੰ ਉਨ੍ਹਾਂ ਨੇ ਪੀਐਮ ਮੋਦੀ ਨਾਲ ਵਡੋਦਰਾ ਏਅਰਪੋਰਟ ਤੋਂ ਟਾਟਾ ਪਲਾਂਟ ਤੱਕ ਕਰੀਬ 3.45 ਕਿਲੋਮੀਟਰ ਦਾ ਰੋਡ ਸ਼ੋਅ ਕੀਤਾ। ਇਸ ਤੋਂ ਬਾਅਦ ਦੋਨਾਂ ਨੇਤਾਵਾਂ ਨੇ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਬੱਸ ਦੀ ਅਸੈਂਬਲੀ ਯੂਨਿਟ ਦਾ ਉਦਘਾਟਨ ਕੀਤਾ।
ਸੀ-295 ਪ੍ਰੋਗਰਾਮ ਤਹਿਤ ਕੁੱਲ 56 ਜਹਾਜ਼ ਹਨ, ਜਿਨ੍ਹਾਂ ਵਿੱਚੋਂ 16 ਏਅਰਬੱਸ ਦੁਆਰਾ ਸਿੱਧੇ ਸਪੇਨ ਤੋਂ ਡਿਲੀਵਰ ਕੀਤੇ ਜਾ ਰਹੇ ਹਨ। ਬਾਕੀ 40 ਭਾਰਤ ਵਿੱਚ ਬਣਾਏ ਜਾਣੇ ਹਨ। ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਭਾਰਤ ਵਿੱਚ ਇਨ੍ਹਾਂ 40 ਜਹਾਜ਼ਾਂ ਦਾ ਨਿਰਮਾਣ ਕਰੇਗੀ। ਸਪੇਨ ਨਿਰਮਾਣ, ਸਿਖਲਾਈ ਅਤੇ ਲੌਜਿਸਟਿਕਸ ਵਿੱਚ ਮਦਦ ਕਰੇਗਾ।
ਪ੍ਰਧਾਨ ਮੰਤਰੀ ਸਾਂਚੇਜ਼ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਉਨ੍ਹਾਂ ਦੀ ਪਤਨੀ ਬੇਗੋਨਾ ਗੋਮੇਜ਼ ਵੀ ਭਾਰਤ ਆ ਚੁੱਕੇ ਹਨ। ਇਹ 18 ਸਾਲਾਂ ਬਾਅਦ ਕਿਸੇ ਵੀ ਸਪੇਨ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਹੈ। ਇਸ ਤੋਂ ਪਹਿਲਾਂ ਜੁਲਾਈ 2006 ਵਿੱਚ ਸਪੇਨ ਦੇ ਤਤਕਾਲੀ ਪ੍ਰਧਾਨ ਮੰਤਰੀ ਜੋਸ ਲੁਈਸ ਨੇ ਭਾਰਤ ਦਾ ਦੌਰਾ ਕੀਤਾ ਸੀ।
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵਡੋਦਰਾ ਵਿੱਚ ਪ੍ਰਧਾਨ ਮੰਤਰੀ ਸਾਂਚੇਜ਼ ਨਾਲ ਵੀ ਮੁਲਾਕਾਤ ਕਰਨਗੇ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਦੁਵੱਲੀ ਗੱਲਬਾਤ ਵੀ ਹੋਵੇਗੀ।
ਸਪੇਨ ਦੇ ਪ੍ਰਧਾਨ ਮੰਤਰੀ ਸਾਂਚੇਜ਼ ਵਡੋਦਰਾ ਤੋਂ ਬਾਅਦ ਮੁੰਬਈ ਦਾ ਦੌਰਾ ਕਰਨਗੇ। ਇੱਥੇ ਉਹ ਵਪਾਰ ਅਤੇ ਉਦਯੋਗ ਦੇ ਪ੍ਰਮੁੱਖ ਨੇਤਾਵਾਂ, ਥਿੰਕ ਟੈਂਕਾਂ ਅਤੇ ਫਿਲਮ ਉਦਯੋਗ ਦੇ ਲੋਕਾਂ ਨਾਲ ਗੱਲਬਾਤ ਕਰਨਗੇ। ਇਸ ਦੌਰਾਨ ਉਹ ਫਿਲਮ ਸਟੂਡੀਓ ਦਾ ਦੌਰਾ ਕਰਨਗੇ।
ਇਸ ਤੋਂ ਇਲਾਵਾ ਪੀਐੱਮ ਸਾਂਚੇਜ਼ ਸਪੇਨ-ਇੰਡੀਆ ਕੌਂਸਲ ਫਾਊਂਡੇਸ਼ਨ ਅਤੇ ਆਬਜ਼ਰਵਰ ਰਿਸਰਚ ਫਾਊਂਡੇਸ਼ਨ ਦੇ ਚੌਥੇ ਸਪੇਨ-ਇੰਡੀਆ ਫੋਰਮ ਵਿੱਚ ਸਿ਼ਰਕਤ ਕਰਨਗੇ। ਜਿੱਥੇ ਉਹ ਮੰਚ ਨੂੰ ਸੰਬੋਧਨ ਵੀ ਕਰਨਗੇ।
ਪ੍ਰਧਾਨ ਮੰਤਰੀ ਮੋਦੀ ਨੇ ਅਕਤੂਬਰ 2022 'ਚ ਸੀ-295 ਜਹਾਜ਼ਾਂ ਦੇ ਫਾਈਨਲ ਅਸੈਂਬਲੀ ਲਾਈਨ ਪਲਾਂਟ ਦੀ ਨੀਂਹ ਰੱਖੀ ਸੀ। ਇਸ ਲਈ ਭਾਰਤ ਸਰਕਾਰ ਨੇ ਸਤੰਬਰ 2021 ਵਿੱਚ ਸਪੇਨ ਦੇ ਏਅਰਬੱਸ ਡਿਫੈਂਸ ਐਂਡ ਸਪੇਸ ਨਾਲ 21,935 ਕਰੋੜ ਰੁਪਏ ਵਿੱਚ 56 ਸੀ-295 ਜਹਾਜ਼ਾਂ ਦਾ ਸੌਦਾ ਕੀਤਾ ਸੀ।
ਇਸ ਮੁਤਾਬਕ ਟਾਟਾ ਐਡਵਾਂਸ ਲਿਮਟਿਡ ਅਤੇ ਏਅਰਬੱਸ ਵਿਚਾਲੇ 56 'ਚੋਂ 40 ਜਹਾਜ਼ ਬਣਾਉਣ ਦਾ ਸਮਝੌਤਾ ਹੋਇਆ ਸੀ। ਬਾਕੀ ਬਚੇ 16 ਜਹਾਜ਼ ਸਪੇਨ ਤੋਂ ਉਡਾਣ ਲਈ ਤਿਆਰ ਹਾਲਤ ਵਿੱਚ ਭਾਰਤ ਆਉਣੇ ਹਨ। ਇਸ ਦੀ ਆਖਰੀ ਮਿਤੀ ਅਗਸਤ 2025 ਰੱਖੀ ਗਈ ਹੈ। ਇਸ ਤਹਿਤ ਸਤੰਬਰ 2023 'ਚ ਪਹਿਲਾ ਜਹਾਜ਼ ਭਾਰਤ ਆ ਚੁੱਕਾ ਹੈ।
ਉਦਘਾਟਨ ਤੋਂ ਪਹਿਲਾਂ ਪਲਾਂਟ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਵਿੱਚ ਪਹਿਲਾ ਸੀ-295 ਜਹਾਜ਼ ਸਤੰਬਰ 2026 ਤੱਕ ਤਿਆਰ ਹੋ ਜਾਵੇਗਾ। ਬਾਕੀ 39 ਜਹਾਜ਼ 2031 ਤੱਕ ਤਿਆਰ ਹੋ ਜਾਣਗੇ। ਇਨ੍ਹਾਂ ਨੂੰ ਮੇਕ ਇਨ ਇੰਡੀਆ ਪ੍ਰੋਜੈਕਟ ਤਹਿਤ ਬਣਾਇਆ ਜਾ ਰਿਹਾ ਹੈ।