ਨਵੀਂ ਦਿੱਲੀ, 22 ਅਕਤੂਬਰ (ਪੋਸਟ ਬਿਊਰੋ): ਮੰਗਲਵਾਰ ਨੂੰ ਸੰਸਦ 'ਚ ਵਕਫ ਬਿੱਲ 'ਤੇ ਜੇਪੀਸੀ ਦੀ ਬੈਠਕ ਦੌਰਾਨ ਹੰਗਾਮਾ ਹੋ ਗਿਆ। ਜਾਣਕਾਰੀ ਮੁਤਾਬਕ ਟੀਐੱਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਅਤੇ ਭਾਜਪਾ ਸੰਸਦ ਅਭਿਜੀਤ ਗੰਗੋਪਾਧਿਆਏ ਵਿਚਾਲੇ ਤਿੱਖੀ ਬਹਿਸ ਹੋਈ।
ਇਸ ਦੌਰਾਨ ਕਲਿਆਣ ਬੈਨਰਜੀ ਨੇ ਉੱਥੇ ਰੱਖੀ ਕੱਚ ਦੀ ਪਾਣੀ ਦੀ ਬੋਤਲ ਮੇਜ਼ 'ਤੇ ਸੁੱਟ ਦਿੱਤੀ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਉਨ੍ਹਾਂ ਦੇ ਅੰਗੂਠੇ ਅਤੇ ਇੱਕ ਉਂਗਲੀ 'ਤੇ ਸੱਟਾਂ ਲੱਗੀਆਂ ਹਨ। ਬਾਅਦ ਵਿਚ ਉਨ੍ਹਾਂ ਨੂੰ ਇਲਾਜ ਲਈ ਲਿਜਾਇਆ ਗਿਆ।
ਘਟਨਾ ਤੋਂ ਬਾਅਦ ਮੀਟਿੰਗ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਇਲਾਜ ਤੋਂ ਬਾਅਦ ਏਆਈਐੱਮਆਈਐੱਮ ਦੇ ਮੁਖੀ ਅਸਦੁਦੀਨ ਓਵੈਸੀ ਅਤੇ ਆਪ ਨੇਤਾ ਸੰਜੇ ਸਿੰਘ ਨੂੰ ਉਨ੍ਹਾਂ ਨੂੰ ਮੀਟਿੰਗ ਰੂਮ ਵਿੱਚ ਵਾਪਿਸ ਲੈ ਕੇ ਜਾਂਦੇ ਦੇਖਿਆ ਗਿਆ।
ਸੂਤਰਾਂ ਮੁਤਾਬਕ ਵਕਫ਼ ਬਿੱਲ 'ਤੇ ਸੰਸਦੀ ਕਮੇਟੀ ਟੀਐੱਮਸੀ ਦੇ ਸੰਸਦ ਮੈਂਬਰ ਕਲਿਆਣ ਬੈਨਰਜੀ ਨੂੰ ਬੈਠਕ 'ਚ ਉਨ੍ਹਾਂ ਦੇ ਬੇਤੁਕੇ ਵਿਵਹਾਰ ਲਈ ਮੁਅੱਤਲ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।
ਵਕਫ਼ (ਸੋਧ) ਬਿੱਲ 8 ਅਗਸਤ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਵਿਰੋਧੀ ਧਿਰ ਦੇ ਇਤਰਾਜ਼ਾਂ ਦਰਮਿਆਨ ਜੇਪੀਸੀ ਕੋਲ ਭੇਜਿਆ ਗਿਆ ਸੀ। ਕਮੇਟੀ ਨੇ ਅਗਲੇ ਸੰਸਦ ਸੈਸ਼ਨ ਦੇ ਪਹਿਲੇ ਹਫ਼ਤੇ ਆਪਣੀ ਰਿਪੋਰਟ ਲੋਕ ਸਭਾ ਨੂੰ ਸੌਂਪਣੀ ਹੈ।