ਨਵੀਂ ਦਿੱਲੀ, 1 ਅਕਤੂਬਰ (ਪੋਸਟ ਬਿਊਰੋ): ਲੱਦਾਖ ਤੋਂ ਲਗਭਗ 700 ਕਿਲੋਮੀਟਰ ਦੀ ਪੈਦਲ ਯਾਤਰਾ ਕਰਕੇ ਦਿੱਲੀ ਪਹੁੰਚੇ ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਸਮੇਤ 120 ਲੋਕਾਂ ਨੂੰ ਸੋਮਵਾਰ ਦੇਰ ਰਾਤ ਹਿਰਾਸਤ ਵਿੱਚ ਲਿਆ ਗਿਆ। ਵਾਂਗਚੁਕ ਨੂੰ ਪੁਲਿਸ ਦਿੱਲੀ ਦੇ ਬਵਾਨਾ ਥਾਣੇ ਲੈ ਗਈ, ਜਿੱਥੇ ਉਨ੍ਹਾਂ ਨੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ।
ਦਿੱਲੀ ਪੁਲਿਸ ਨੇ ਦੱਸਿਆ ਕਿ ਵਾਂਗਚੁਕ ਦਿੱਲੀ ਸਰਹੱਦ 'ਤੇ ਰਾਤ ਬਿਤਾਉਣਾ ਚਾਹੁੰਦੇ ਸਨ। ਦਿੱਲੀ ਵਿੱਚ 5 ਅਕਤੂਬਰ ਤੱਕ ਧਾਰਾ 163 ਲਾਗੂ ਹੈ। ਮਾਰਚ ਕਰ ਰਹੇ ਲੋਕਾਂ ਨੂੰ ਵਾਪਿਸ ਜਾਣ ਲਈ ਕਿਹਾ ਗਿਆ, ਜਦੋਂ ਉਹ ਨਾ ਮੰਨੇ ਤਾਂ ਕਾਰਵਾਈ ਕੀਤੀ ਗਈ।
ਮੰਗਲਵਾਰ ਸਵੇਰੇ ਲੱਦਾਖ ਦੇ ਸੰਸਦ ਹਾਜੀ ਹਨੀਫਾ ਵੀ ਵਾਂਗਚੁਕ ਦੇ ਪ੍ਰਦਰਸ਼ਨ 'ਚ ਸ਼ਾਮਿਲ ਹੋਏ। ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਅਤੇ ਨਰੇਲਾ ਪੁਲਿਸ ਸਟੇਸ਼ਨ ਭੇਜ ਦਿੱਤਾ।
ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਕਿਹਾ ਹੈ ਕਿ ਉਹ ਜਲਦੀ ਹੀ ਸੋਨਮ ਵਾਂਗਚੁਕ ਨੂੰ ਮਿਲਣ ਜਾਣਗੇ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ- ਮੋਦੀ ਜੀ, ਕਿਸਾਨ ਬਿੱਲ ਵਾਂਗ ਇਹ ਚੱਕਰਵਿਊ ਅਤੇ ਤੁਹਾਡੀ ਹਉਮੈ ਵੀ ਟੁੱਟ ਜਾਵੇਗੀ। ਤੁਹਾਨੂੰ ਲੱਦਾਖ ਦੀ ਆਵਾਜ਼ ਸੁਣਨੀ ਪਵੇਗੀ।
ਦਰਅਸਲ, ਲੇਹ ਐਪੈਕਸ ਬਾਡੀ ਅਤੇ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ ਪਿਛਲੇ 4 ਸਾਲਾਂ ਤੋਂ ਲੱਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਇੱਕ ਮਹੀਨਾ ਪਹਿਲਾਂ ਸੋਨਮ ਵਾਂਗਚੁਕ ਨੇ ਕਰੀਬ 120 ਲੋਕਾਂ ਨਾਲ ਲੇਹ ਤੋਂ ਦਿੱਲੀ ਵਿੱਚ ਬਾਪੂ ਦੀ ਸਮਾਧੀ ਤੱਕ ਪੈਦਲ ਮਾਰਚ ਕੱਢਿਆ ਸੀ। ਉਨ੍ਹਾਂ ਇਸ ਮਾਰਚ ਨੂੰ ਦਿੱਲੀ ਚੱਲੋ ਦਾ ਨਾਂ ਦਿੱਤਾ। ਦਿੱਲੀ ਪੁਲਿਸ ਨੇ ਸੋਮਵਾਰ ਦੇਰ ਰਾਤ ਉਨ੍ਹਾਂ ਨੂੰ ਰੋਕ ਲਿਆ।