ਨਵੀਂ ਦਿੱਲੀ, 12 ਸਤੰਬਰ (ਪੋਸਟ ਬਿਊਰੋ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ ਨੂੰ ਚੀਫ਼ ਜਸਟਿਸ ਆਫ਼ ਇੰਡੀਆ (CJI) ਡੀਵਾਈ ਚੰਦਰਚੂੜ ਦੇ ਘਰ ਗਣੇਸ਼ ਪੂਜਾ ਵਿੱਚ ਸਿ਼ਰਕਤ ਕੀਤੀ। ਮੋਦੀ ਨੇ ਆਪਣੀਆਂ ਤਸਵੀਰਾਂ ਐਕਸ 'ਤੇ ਸ਼ੇਅਰ ਕੀਤੀਆਂ ਹਨ। ਸੀਜੇਆਈ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਦਾਸ ਨਾਲ ਮੋਦੀ ਦੀ ਮੁਲਾਕਾਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਵੀਡੀਓ 'ਚ ਸੀਜੇਆਈ ਪ੍ਰਧਾਨ ਮੰਤਰੀ ਮੋਦੀ ਦਾ ਉਨ੍ਹਾਂ ਦੇ ਘਰ 'ਤੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਮੋਦੀ ਨੇ ਸੀਜੇਆਈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਭਗਵਾਨ ਗਣੇਸ਼ ਦੀ ਆਰਤੀ ਕੀਤੀ। ਪ੍ਰਧਾਨ ਮੰਤਰੀ ਨੇ ਮਰਾਠੀ ਪਹਿਰਾਵਾ ਪਹਿਨਿਆ ਹੋਇਆ ਸੀ। ਉਨ੍ਹਾਂ ਨੇ ਮਰਾਠੀ ਟੋਪੀ ਵੀ ਪਾਈ ਹੋਈ ਸੀ।
ਦੂਜੇ ਪਾਸੇ ਸੰਜੇ ਰਾਓਤ ਨੇ ਕਿਹਾ ਕਿ- ਕੀ ਸਾਨੂੰ ਇਨਸਾਫ਼ ਦੇ ਸਕਣਗੇ, ਮੋਦੀ ਦੇ ਦੇ ਘਰ ਆਉਣ ਤੋਂ ਬਾਅਦ ਮਨ 'ਚ ਸ਼ੱਕ ਪੈਦਾ ਹੋ ਗਿਆ ਹੈ। ਸਿ਼ਵ ਸੈਨਾ (ਯੂਬੀਟੀ) ਦੇ ਨੇਤਾ ਸੰਜੇ ਰਾਓਤ ਨੇ ਕਿਹਾ ਕਿ ਸੀਜੇਆਈ ਚੰਦਰਚੂੜ ਮਹਾਰਾਸ਼ਟਰ ਕੇਸ (ਉਧਵ ਅਤੇ ਸਿ਼ੰਦੇ ਧੜੇ ਵਿਚਕਾਰ ਸਿ਼ਵ ਸੈਨਾ ਵਿਵਾਦ) ਦੀ ਸੁਣਵਾਈ ਕਰ ਰਹੇ ਹਨ। ਮੋਦੀ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧਾਂ ਨੂੰ ਦੇਖ ਕੇ ਸ਼ੱਕ ਹੈ ਕਿ ਸਾਨੂੰ ਇਨਸਾਫ ਮਿਲੇਗਾ ਜਾਂ ਨਹੀਂ।