Welcome to Canadian Punjabi Post
Follow us on

16

September 2024
ਬ੍ਰੈਕਿੰਗ ਖ਼ਬਰਾਂ :
ਕਾਊਂਸਲਰ ਨਿਕ ਰੂਲਰ ਹੋਣਗੇ ਸ਼ਹਿਰ ਦੇ ਨਵੇਂ ਫਾਇਰ ਚੀਫਬਰੈਂਪਟਨ ਦੇ ਮੌਸਮ `ਤੇ ਇੱਕ ਨਜ਼ਰ, ਅੱਜ ਧੁੱਪ ਨਿਕਲੀ ਰਹੇਗੀਤਿੰਨ ਮੋਟਰਸਾਈਕਲਾਂ, ਇੱਕ ਪਿਕਅਪ ਟਰੱਕ ਅਤੇ ਐੱਸਯੂਵੀ ਦੀ ਟੱਕਰ ਵਿੱਚ ਗਰੇਟਰ ਸੁਡਬਰੀ ਨਿਵਾਸੀ ਦੀ ਮੌਤ, ਦੋ ਜ਼ਖਮੀਕੈਲਗਰੀ ਪੁਲਿਸ ਨੇ ਹਵਾਈ ਅੱਡੇ `ਤੇ ਲੈਨੀ ਮੈਕਡਾਨਲਡ ਦੀ ਜਾਨ ਬਚਾਉਣ ਵਿੱਚ ਮਦਦ ਕਰਣ ਵਾਲੇ 3 ਕੈਲਗਰੀ ਵਾਸੀਆਂ ਨੂੰ ਕੀਤਾ ਸਨਮਾਨਿਤਮਾਰਿਸਬਰਗ ਵਿੱਚ ਅਪਰ ਕੈਨੇਡਡਾ ਵਿਲੇਜ ਵਿੱਚ ਨਵੀਂ ਕੈਨੇਡੀਅਨ ਘੋੜੇ ਦੀ ਮੂਰਤੀ ਕੀਤੀ ਸਥਾਪਿਤਈਟੋਬਿਕੋਕ ਵਿੱਚ ਵਾਹਨ ਪਲਟਣ ਕਾਰਨ 1 ਵਿਅਕਤੀ ਜਖ਼ਮੀਓਂਟਾਰੀਓ ਫਾਰਮਾਸਿਸਟਾਂ ਦੇ ਕਾਰਜ ਖੇਤਰ ਨੂੰ ਹੋਰ ਵਧਾਉਣ `ਤੇ ਕੀਤਾ ਜਾ ਰਿਹਾ ਵਿਚਾਰਚੰਡੀਗੜ੍ਹ ਗ੍ਰੇਨੇਡ ਹਮਲਾ: ਅਮਰੀਕਾ-ਅਧਾਰਤ ਗੈਂਗਸਟਰ ਹੈਪੀ ਪਾਸੀਆਂ ਵੱਲੋਂ ਮੁਲਜ਼ਮਾਂ ਨੂੰ ਵਿੱਤੀ ਸਹਾਇਤਾ ਦੇਣ ਦੇ ਵਾਅਦੇ ਖੋਖਲੇ ਸਿੱਧ ਹੋਏ, ਜਾਂਚ `ਚ ਹੋਇਆ ਖੁਲਾਸਾ
 
ਨਜਰਰੀਆ

ਸੁਖਬੀਰ ਬਾਦਲ ਵਾਲੇ ਸੰਕਟ ਵਿੱਚੋਂ ਉੱਠ ਰਹੇ ਕਈ ਤਰ੍ਹਾਂ ਦੇ ਸਵਾਲ

September 01, 2024 10:44 PM

-ਜਤਿੰਦਰ ਪਨੂੰ
ਬੀਤਿਆ ਤੀਹ ਅਗਸਤ ਦਾ ਦਿਨ ਅਕਾਲੀ ਰਾਜਨੀਤੀ ਵਿੱਚ ਵੀ ਅਤੇ ਸਿੱਖ ਧਾਰਮਿਕ ਖੇਤਰ ਵਿੱਚ ਸਿਖਰ ਛੋਂਹਦੀ ਹਲਚਲ ਨੂੰ ਮੁਕਾਉਣ ਦੀ ਆਸ ਵਾਲਾ ਸਮਝਿਆ ਗਿਆ ਸੀ, ਪਰ ਇਹ ਹਲਚਲ ਮੁਕਾਉਣ ਦੀ ਥਾਂ ਸਿਰ ਚੁੱਕਦੇ ਮੁੱਦਿਆਂ ਦੀ ਭਰਮਾਰ ਅਤੇ ਉੱਠਦੇ ਸਵਾਲਾਂ ਦੀ ਲੜੀ ਲੰਮੀ ਤੋਂ ਲੰਮੀ ਕਰਨ ਵਾਲਾ ਕੰਮ ਕਰ ਗਿਆ ਹੈ। ਸਿੱਖਾਂ ਵਿੱਚ ਧਰਮ ਅਤੇ ਰਾਜਨੀਤੀ ਦੀ ਸਾਂਝ ਬਾਰੇ ਮੂਲ ਜੜ੍ਹਾਂ ਦੇ ਅਸਲ ਪ੍ਰਤੀਕ ਮੰਨੇ ਜਾਂਦੇ ਸ੍ਰੀ ਅਕਾਲ ਤਖਤ ਤੋਂ ਪੰਜ ਸਿੰਘ ਸਾਹਿਬਾਨ ਦਾ ਜੋ ਆਦੇਸ਼ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਵਿੱਚ ਜਾਰੀ ਕੀਤਾ ਗਿਆ ਹੈ, ਉਸ ਆਦੇਸ਼ ਨੇ ਕਈ ਹੋਰਨਾਂਨੂੰ ਇਸ ਦੇ ਨਾਲ ਲਪੇਟਣ ਦਾ ਮੁੱਢ ਬੰਨ੍ਹ ਦਿੱਤਾ ਅਤੇ ਕਈਆਂ ਨੂੰ ਇਸ ਤੋਂ ਲਾਂਭੇ ਰੱਖਣ ਬਾਰੇਨਵੀਂ ਚਰਚਾ ਵੀ ਛੇੜ ਦਿੱਤੀ ਹੈ।
ਜਿੱਥੋਂ ਤੱਕ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਸੰਬੰਧ ਹੈ, ਜਿੱਦਾਂ ਦੀ ਹੈਂਕੜ ਦਾ ਪ੍ਰਗਟਾਵਾ ਉਹ ਬੀਤੇ ਸਮੇਂ ਵਿੱਚ ਕਰਦਾ ਤੇ ਬਹੁਤ ਸਾਰੇ ਪੁਆੜਿਆਂ ਦਾ ਕਾਰਨ ਬਣਦਾ ਰਿਹਾ ਸੀ, ਉਨ੍ਹਾਂ ਤੋਂ ਬਚਣ ਦਾ ਇੱਕ ਯਤਨ ਉਸ ਨੇ ਉਨੱਤੀ ਅਗਸਤ ਨੂੰ ਕੀਤਾ ਸੀ, ਪਰ ਸਫਲ ਨਹੀਂ ਹੋਇਆ। ਸਲਾਹ ਭਾਵੇਂ ਕਿਸੇ ਨੇ ਦਿੱਤੀ ਹੋਵੇ, ਸ੍ਰੀ ਅਕਾਲ ਤਖਤ ਵਿਖੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਪਾਰਟੀ ਦੀ ਪ੍ਰਧਾਨਗੀ ਛੱਡਣ ਦਾ ਐਲਾਨ ਕਰਨ ਦੀ ਬਜਾਏ ਉਸ ਨੇ ਪਾਰਟੀ ਵਿਚਲੇ ਸਭ ਤੋਂ ਬਜ਼ੁਰਗ ਆਗੂ ਬਲਵਿੰਦਰ ਸਿੰਘ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿੱਤਾ ਸੀ। ਆਖਿਆ ਇਹ ਸੀ ਕਿ ਉਹ ਖੁਦ ਨਿਮਾਣਾ ਸਿੱਖ ਬਣ ਕੇ ਸਿੰਘ ਸਾਹਿਬਾਨ ਦੇ ਹੁਕਮ ਦਾ ਪਾਲਣ ਕਰਨ ਨੂੰ ਤਿਆਰ ਹੈ, ਪਰ ਭੂੰਦੜ ਨੂੰ ਇਹ ਜਿ਼ੰਮੇਵਾਰੀ ਦੇਣ ਲਈ ਪਾਰਟੀ ਦੀ ਕੋਰ ਕਮੇਟੀ ਜਾਂ ਐਗਜ਼ੈਕਟਿਵ ਦੀ ਬੈਠਕਕੋਈ ਨਹੀਂ ਸੱਦੀ ਗਈ, ਸੁਖਬੀਰ ਸਿੰਘ ਨੇ ਆਪਣੇ ਆਪ ਐਲਾਨ ਕਰ ਕੇ ਫਿਰ ਇਹ ਜਤਾ ਦਿੱਤਾ ਕਿ ਉਹ ਜੋ ਚਾਹੇ ਅਤੇ ਜਦੋਂ ਚਾਹੇ ਕਰ ਸਕਦਾ ਹੈ, ਪਾਰਟੀ ਕਮੇਟੀਆਂ ਬੇਲੋੜੀਆਂ ਹਨ। ਉਹਦੇ ਵੱਲੋਂ ਜਿਸ ਸਾਬਕਾ ਮੰਤਰੀ ਨੇ ਐਲਾਨ ਕਰਨ ਤੇ ਸੋਸ਼ਲ ਮੀਡੀਆ ਉੱਤੇ ਟਿਪਣੀਆਂ ਵਾਲਾ ਮੋਰਚਾ ਮੱਲ ਰੱਖਿਆ ਹੈ, ਉਹ ਖੁਦ ਕਈ ਤਰ੍ਹਾਂ ਦੇ ਵਿਵਾਦਾਂ ਵਿੱਚ ਫਸਦਾ ਜਾਂਦਾ ਜਾਪਦਾ ਹੈ। ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਨੂੰ ਅਣ-ਮੰਗੀ ਮੁਆਫੀ ਵਾਲੀਹਦਾਇਤ ਦੇਣ ਲਈ ਉਸ ਵੇਲੇ ਦੇ ਪੰਜ ਸਿੰਘ ਸਾਹਿਬਾਨ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰੀ ਕੋਠੀ ਤੀਕਰ ਲਿਜਾਣ ਵਾਲਾ ਕੰਮ ਵੀ ਏਸੇ ਸਾਬਕਾ ਮੰਤਰੀ ਨੇ ਕੀਤਾ ਦੱਸਿਆ ਜਾਂਦਾ ਹੈ, ਜਿਸ ਕਰ ਕੇ ਕਈ ਤਿਕੜਮਾਂ ਬਾਰੇ ਸਵਾਲਾਂ ਦਾ ਜਵਾਬ ਸਿੱਖ ਸੰਗਤ ਅੱਗੇਅਤੇ ਸ੍ਰੀ ਅਕਾਲ ਤਖਤ ਸਾਹਿਬ ਮੂਹਰੇਖੜੋ ਕੇ ਉਸ ਸਾਬਕਾ ਮੰਤਰੀ ਨੂੰਵੀ ਦੇਣਾ ਪੈ ਸਕਦਾ ਹੈ।
ਪੰਜ ਸਿੰਘ ਸਾਹਿਬਾਨ ਨੇ ਆਪਣੇ ਕੋਲ ਪੇਸ਼ ਹੋਏ ਅੱਤ ਦੇ ਗੰਭੀਰ ਮੁੱਦਿਆਂ ਨੂੰ ਏਨੀ ਕੁ ਗੰਭੀਰਤਾ ਨਾਲ ਲਿਆ ਹੈ ਕਿ ਕੁਝ ਹੀ ਮਿੰਟਾਂ ਵਿੱਚ ਵਿਚਾਰ ਵੀ ਕਰ ਲਈ ਤੇ ਪਾਸ ਕੀਤਾ ਗੁਰਮਤਾ ਵੀ ਬਾਹਰ ਆ ਕੇ ਸੁਣਾ ਦਿੱਤਾ, ਪਰ ਸ਼ਾਮ ਪੈਣ ਤੱਕ ਪੱਤਰਕਾਰ ਉਸ ਮਤੇ ਦੀ ਕਾਪੀ ਲੱਭ ਰਹੇ ਸਨ, ਕਿਸੇ ਨੂੰ ਮਿਲੀ ਨਹੀਂ ਸੀ। ਫੈਸਲੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਉਸ ਨਾਲ ਦਸ ਸਾਲ ਅਕਾਲੀ-ਭਾਜਪਾ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਬਹੁਤ ਸਾਰੇ ਸਿੱਖ ਆਗੂਆਂ ਦਾ ਸਪੱਸ਼ਟੀਕਰਨ ਵੀ ਨਾਲ ਮੰਗ ਲਿਆ ਅਤੇ ਅਗਲੇ ਕਈ ਦਿਨ ਸਪੱਸ਼ਟੀਕਰਨ ਦੇਣ ਤੇ ਉਨ੍ਹਾਂ ਦੇ ਦਿੱਤੇ ਸਪੱਸ਼ਟੀਕਰਨਾਂ ਦੀ ਗਲੀ-ਗਲੀ ਚਰਚਾ ਦਾ ਮੁੱਢ ਵੀ ਬੰਨ੍ਹ ਦਿੱਤਾ ਹੈ। ਉਨ੍ਹਾਂ ਵਿੱਚੋਂ ਬਹੁਤੇ ਮੰਤਰੀਆਂ ਦਾਕਹਿਣਾ ਹੈ ਕਿ ਗਲਤੀਆਂ ਅਤੇ ਗੁਨਾਹ ਬਹੁਤ ਹੋਏ ਸਨ, ਪਰ ਉਨ੍ਹਾਂ ਦਾ ਕਸੂਰ ਨਹੀਂ, ਪਾਰਟੀ ਡਿਸਿਪਲਿਨ ਦੇ ਬੱਧੇ ਉਹ ਤਾਂ ਅਮਲ ਕਰਦੇ ਸਨ, ਫੈਸਲੇ ਸਿਰਫ ਪਿਉ-ਪੁੱਤਰ ਕਰਦੇ ਸਨ। ਏਥੋਂ ਤੱਕ ਕਿ ਸੱਚਾ ਸੌਦਾ ਡੇਰੇ ਵਿੱਚ ਵੋਟਾਂ ਮੰਗਣ ਜਾਣ ਬਾਰੇ ਵੀ ਉਹ ਕਹਿੰਦੇ ਹਨ ਕਿ ਮੀਟਿੰਗ ਕਰ ਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਸਾਰਿਆਂ ਨੂੰ ਸਿਰਸੇ ਜਾਣਾ ਪਵੇਗਾ। ਇਹ ਇੱਕ ਕਿਸਮ ਦਾ ਹੁਕਮ ਸੀ, ਜਿਸ ਨੂੰ ਉਨ੍ਹਾਂ ਸਭ ਨੇ ਮੰਨਿਆ ਸੀ, ਆਪਣੀ ਕਿਸੇ ਦੀ ਮਰਜ਼ੀ ਨਹੀਂ ਸੀ। ਏਦਾਂ ਦੀ ਦਲੀਲ ਜਿੰਨੇ ਵੀ ਸਾਬਕਾ ਮੰਤਰੀਆਂ ਨੇ ਦੇਣੀ ਹੈ, ਉਹ ਸੁਖਬੀਰ ਸਿੰਘ ਬਾਦਲ ਦੀ ਬੇੜੀ ਵਿੱਚ ਹੋਰ ਵੱਟੇ ਪਾਉਣਗੇ।
ਇੱਕ ਬਹੁਤ ਗੰਭੀਰ ਮੁੱਦਾ ਹੋਰ ਉੱਠ ਪਿਆ ਹੈ ਕਿ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਸਿਰਸਾ ਨਾਲ ਸਮਝੌਤਾ ਜਾਂ ਸੌਦਾ ਮਾਰਨ ਪਿੱਛੋਂ ਉਨ੍ਹਾਂ ਦੇ ਮੁਖੀ ਖਿਲਾਫ ਕੇਸ ਰੱਦ ਕਰਾਉਣ ਵਾਸਤੇ ਅਦਾਲਤ ਵਿੱਚ ਝੂਠ ਬੋਲਿਆ ਗਿਆ ਸੀ। ਸਰਕਾਰ ਵੱਲੋਂ ਇੱਕ ਪੁਲਸ ਅਫਸਰ ਨੇ ਐਫੀਡੇਵਿਟ ਪੇਸ਼ ਕੀਤਾ ਕਿ ਜਿਸ ਦਿਨ ਦਸਵੇਂ ਗੁਰੂ ਸਾਹਿਬ ਵਾਲਾ ਸਾਂਗ ਰਚਣ ਦੀ ਸਿ਼ਕਾਇਤ ਦਰਜ ਹੋਈ ਹੈ, ਉਸ ਦਿਨ ਡੇਰਾ ਮੁਖੀ ਰਾਮ ਰਹੀਮ ਪੰਜਾਬ ਵਿੱਚ ਹੀ ਨਹੀਂ ਸੀ। ਦੂਸਰੇ ਪਾਸੇ ਪੁਲਸ ਦੀ ਜਾਂਚ ਟੀਮ ਕੋਲ ਡੇਰਾ ਮੁਖੀ ਦੇ ਆਪਣੇ ਬਿਆਨ ਅਤੇ ਬਿਆਨਾਂ ਹੇਠ ਦਸਖਤ ਮੌਜੂਦ ਹਨ ਕਿ ਉਸ ਦਿਨ ਉਸ ਡੇਰੇ ਵਿੱਚ ਸਮਾਗਮ ਵਿੱਚ ਰਾਮ ਰਹੀਮ ਮੌਜੂਦ ਸੀ ਅਤੇ ਇਹ ਸਭ ਕੁਝ ਓਥੇ ਹੋਇਆ ਸੀ। ਜਿਹੜੇ ਜੱਜ ਕੋਲੋਂ ਉਹ ਕੇਸ ਰੱਦ ਕਰਾਇਆ ਸੀ ਤੇ ਉਸ ਜੱਜ ਨੇ ਕੇਸ ਬਾਰੇ ਲਿਖਣ ਦੀ ਥਾਂ ਸਿਰਸਾ ਡੇਰੇ ਵੱਲੋਂ ਲੋਕ ਸੇਵਾ ਦੇ ਪ੍ਰੋਗਰਾਮਾਂ ਦੀ ਕਹਾਣੀ ਲਿਖ ਕੇ ਮਾਮਲਾ ਮੁਕਾ ਦਿੱਤਾ ਸੀ, ਉਸ ਦੀ ਪਤਨੀ ਨੂੰ ਬਿਨਾਂ ਮੈਰਿਟ ਤੋਂ ਪੰਜਾਬ ਸਰਕਾਰ ਦੇ ਇੱਕ ਕਮਿਸ਼ਨ ਦੀ ਮੈਂਬਰੀਦੇ ਦਿੱਤੀ ਗਈ ਸੀ। ਇਸ ਨਿਯੁਕਤੀ ਲਈ ਤਿੰਨ ਮੈਂਬਰਾਂ ਦੀ ਸਹਿਮਤੀ ਚਾਹੀਦੀ ਸੀ, ਜਿਨ੍ਹਾਂ ਵਿੱਚ ਮੁੱਖ ਮੰਤਰੀ ਤੇ ਇੱਕ ਮੰਤਰੀ ਹੋਰ ਹੋਣਾ ਚਾਹੀਦਾ ਸੀ ਤੇ ਨਾਲ ਵਿਰੋਧੀ ਧਿਰ ਦਾ ਆਗੂ ਬੈਠਣਾ ਚਾਹੀਦਾ ਸੀ, ਪਰ ਨਿਯੁਕਤੀ ਪੱਤਰ ਉੱਤੇ ਕੁੱਲ ਦੋ ਦਸਖਤ ਹਨ, ਇੱਕ ਪ੍ਰਕਾਸ਼ ਸਿੰਘ ਬਾਦਲ ਦੇ ਅਤੇ ਦੂਸਰੇ ਸੁਖਬੀਰ ਸਿੰਘ ਬਾਦਲ ਦੇ, ਤੀਸਰਾ ਮੈਂਬਰ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀਹੋਣਾ ਚਾਹੀਦਾ ਸੀ, ਉਹ ਸੱਦਿਆ ਨਹੀਂ ਜਾਂ ਗਿਆ ਨਹੀਂ, ਦਰਜ ਨਹੀਂ ਸੀ ਕੀਤਾ। ਉਸ ਜੱਜ ਦੀ ਪਤਨੀ ਨੂੰ ਇਹ ਨਿਯੁਕਤੀ ਦੇਣ ਲਈ ਬਾਦਲ ਬਾਪ-ਬੇਟੇ ਨੇ ਜਿਹੜਾ ਦਾਅ ਵਰਤਿਆ ਅਤੇ ਅਕਾਲ ਤਖਤ ਦੀ ਅਵੱਗਿਆ ਅਤੇ ਸਿੱਖ ਸੰਗਤ ਨੂੰ ਝਕਾਨੀ ਦਿੱਤੀ ਸੀ, ਉਹ ਮੁੱਦਾ ਵੀ ਚਰਚਾ ਤੋਂ ਲਾਂਭੇ ਨਹੀਂ ਰੱਖਿਆ ਜਾ ਸਕਦਾ।
ਜਿਹੜੇ ਸਾਬਕਾ ਮੰਤਰੀ ਕਹਿੰਦੇ ਹਨ ਕਿ ਉਨ੍ਹਾਂ ਦੀ ਮਰਜ਼ੀ ਨਹੀਂ ਸੀ, ਉਹ ਸਿਰਫ ਹੁਕਮ ਦੇ ਬੱਧੇ ਸਿਰਸਾ ਡੇਰੇ ਵੱਲ ਜਾਂਦੇ ਰਹੇ ਸਨ, ਉਨ੍ਹਾਂ ਨੂੰ ਇਹ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਦੀ ਵਫਾਦਾਰੀ ਪਾਰਟੀ ਨਾਲ ਸੀ, ਪੰਜਾਬ ਨਾਲ ਸੀ, ਸਿੱਖੀ ਅਸੂਲਾਂ ਨਾਲ ਸੀ ਜਾਂ ਇੱਕ ਸਰਦਾਰ, ਸਰਕਾਰ ਤੇ ਪਰਵਾਰ ਤੱਕ ਸੀਮਤ ਸੀ! ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਉਹ ਅਗਲੀ ਚੋਣ ਜਿੱਤਣ ਦੀ ਝਾਕ ਵਿੱਚ ਆਪਣੇ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਆਪਣੀ ਥਾਂ ਪਾਰਟੀ ਪ੍ਰਧਾਨ ਥਾਪੇ ਉਸ ਦੇ ਪੁੱਤਰ ਦੇ ਉਹ ਹੁਕਮ ਕਿਉਂ ਮੰਨਦੇ ਰਹੇ, ਜਿਨ੍ਹਾਂ ਕਾਰਨ ਪੰਜਾਬ ਦਾ ਵੀ, ਉਨ੍ਹਾਂ ਦੀ ਰਾਜਨੀਤੀ ਦੇ ਆਧਾਰ ਸਿੱਖ ਭਾਈਚਾਰੇ ਦੇ ਧਾਰਮਿਕ ਅਕੀਦਿਆਂ ਦਾ ਵੀਅਤੇ ਕਈ ਹੋਰਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ। ਇਸ ਦਾ ਅਰਥ ਸਿਰਫ ਇਹ ਨਿਕਲਦਾ ਹੈ ਕਿ ਉਨ੍ਹਾਂ ਲਈ ਕੁਰਸੀ ਅਹਿਮ ਸੀ, ਉਸ ਲਈ ਕੋਈ ਪਾਪ ਵੀ ਕਰਨਾ ਪਵੇ ਤਾਂ ਕਰਨ ਨੂੰ ਤਿਆਰ ਹੋ ਸਕਦੇ ਸਨ। ਏਦਾਂ ਦੇ ਲੋਕਾਂ ਨੂੰ ਇਤਹਾਸ ਦੇ ਕੂੜੇਦਾਨ ਵਿੱਚ ਕਿਉਂ ਨਹੀਂ ਸੁੱਟ ਦੇਣਾ ਚਾਹੀਦਾ?
ਅਗਲਾ ਅਤੇ ਇਨ੍ਹਾਂ ਤੋਂ ਵੀ ਗੰਭੀਰ ਮੁੱਦਾ ਸਿੱਖ ਧਰਮ ਦੀਆਂ ‘ਸਰਬ ਸ੍ਰੇਸ਼ਠ’ ਕਹੀਆਂ ਜਾਂਦੀਆਂ ਸਿੱਖ ਧਾਰਮਿਕ ਹਸਤੀਆਂ ਦੇ ਕਿਰਦਾਰ ਅਤੇ ਵਿਹਾਰ ਦਾ ਹੈ। ਇੱਕ ਪਾਸੇ ਉਸ ਡੇਰੇ ਨਾਲ ਕੋਈ ਸੰਬੰਧ ਨਾ ਰੱਖਣ ਲਈ ਸਿੱਖ ਸੰਗਤ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਦੂਸਰੇ ਪਾਸੇ ਦੋ ਕਤਲਾਂ ਅਤੇ ਬਲਾਤਕਾਰ ਦੇ ਕੁਝ ਕੇਸਾਂ ਦਾ ਦੋਸ਼ੀ ਗਰਦਾਨੇ ਜਾ ਰਹੇ ਉਸ ਡੇਰਾ ਮੁਖੀ ਨਾਲ ਇਹ ਧਾਰਮਿਕ ਹਸਤੀਆਂ ਇੱਕ ਅਫਸਰ ਦੀ ਸਰਕਾਰੀ ਕੋਠੀ ਵਿੱਚ ਸਾਰਾ ਦਿਨ ਬੈਠ ਕੇ ਕੁਝ ਦਲਾਲ-ਟਾਈਪ ਵਿਚੋਲਿਆਂ ਰਾਹੀਂ ਸੰਪਰਕ ਕਰਦੀਆਂ ਰਹੀਆਂ ਸਨ। ਡੇਰਾ ਮੁਖੀ ਵੱਲੋਂ ਆਈ ਸਪੱਸ਼ਟੀਕਰਨ ਦੀ ਚਿੱਠੀ ਉਸ ਵੇਲੇ ਉਨ੍ਹਾਂ ਨੇ ਮੰਨੀ ਨਹੀਂ ਸੀ ਅਤੇ ਕੁਝ ਸਾਲ ਪਿੱਛੋਂ ਅਕਾਲੀ ਦਲ ਦੀ ਸਿਆਸੀ ਲੋੜ ਖਾਤਰ ਓਸੇ ਸਪੱਸ਼ਟੀਕਰਨ ਵਾਲੀ ਚਿੱਠੀ ਵਿੱਚ ਖਿਮਾਂ ਦਾ ਸ਼ਬਦਖੁਦ ਜੋੜ ਕੇ ਉਸ ਨੂੰ ਮੁਆਫੀ ਦੇਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ। ਜਿੰਨਾ ਵੱਡਾ ਬਖੇੜਾ ਪਹਿਲਾਂ ਪਿਆ ਫਿਰਦਾ ਸੀ, ਮੁਆਫੀ ਦੇਣ ਦੀ ਨੌਟੰਕੀ ਨੇ ਉਸ ਤੋਂ ਵੱਡਾ ਅਤੇ ਏਨਾ ਵੱਡਾ ਬਖੇੜਾ ਖੜਾ ਕਰ ਦਿੱਤਾ ਕਿ ਓਦੋਂ ਦੇ ਸਿੰਘ ਸਾਹਿਬਾਨ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਸਨ ਰਹਿ ਗਏ। ਸ੍ਰੀ ਅਕਾਲ ਤਖਤ ਦੇ ਜਿਹੜੇਜਥੇਦਾਰ ਨੂੰ ਸੰਸਾਰ ਭਰ ਦੇ ਸਿੱਖ ਜਗਤ ਦੀ ਸਰਬ ਉੱਚ ਧਾਰਮਿਕ ਹਸਤੀ ਕਿਹਾ ਜਾਂਦਾ ਸੀ, ਉਸ ਦੇ ਪੁਤਲੇ ਬਣਾ ਕੇ ਸਿੱਖ ਸੰਗਤਾਂ ਹੀ ਘਸੀਟਣ ਤੇ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸਾੜਨ ਲੱਗ ਪਈਆਂ ਤਾਂ ਰਾਮ ਰਹੀਮ ਨੂੰ ਮੁਆਫੀ ਦਾ ਉਹ ਫੈਸਲਾ ਵਾਪਸ ਲੈਣਾ ਪੈ ਗਿਆ, ਪਰ ਸਿੱਖਾਂ ਵਿੱਚ ਫੈਲ ਚੁੱਕਾ ਰੋਸ ਫਿਰ ਵੀ ਸ਼ਾਂਤ ਨਹੀਂ ਸੀ ਹੋਇਆ। ਉਸ ਵੇਲੇ ਦਾ ਜਥੇਦਾਰ ਤੇ ਉਸ ਦੇ ਸਾਥੀ ਸਿੰਘ ਸਾਹਿਬਾਨ ਕਹਿੰਦੇ ਹਨ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਰਕਾਰੀ ਘਰ ਵਿੱਚ ਸੱਦਿਆ ਗਿਆ ਅਤੇ ਓਥੇ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਉਸ ਦੇ ਪੁੱਤਰ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਹੁਕਮ ਦਾਗਣ ਵਾਂਗ ਕਿਹਾ ਸੀ ਕਿ ਆਹ ਰੁੱਕਾ ਚੁੱਕ ਲਵੋ ਅਤੇ ਜਾਰੀ ਕਰ ਕੇ ਡੇਰਾ ਮੁਖੀ ਨੂੰ ਮੁਆਫੀ ਦੇ ਦਿਉ। ਸਾਰੇ ਜਣੇ ਇਹ ਗੱਲ ਜਾਣਦੇ ਹਨ ਕਿ ਏਦਾਂ ਹੀ ਹੋਇਆ ਸੀ, ਪਰ ਸਵਾਲ ਇਹ ਹੈ ਕਿ ਧਾਰਮਿਕ ਖੇਤਰ ਵਿੱਚ ਆਪਣੇ ਸਿਰਮੌਰ ਹੋਣ ਦਾ ਦਾਅਵਾ ਕਰਨ ਅਤੇ ਸਤਿਕਾਰ ਹਾਸਲ ਕਰਨ ਵਾਲੇ ਸਿੰਘ ਸਾਹਿਬਾਨ ਏਨੇ ਨਿਤਾਣੇ ਕਿਵੇਂ ਹੋ ਗਏ ਕਿ ਓਦੋਂ ਦੀ ਸਰਕਾਰ ਦੇ ਮੁਖੀ ਅਤੇ ਉਸ ਮੁਖੀ ਦੇ ਪੁੱਤਰ ਦੀ ਜੀ-ਹਜ਼ੂਰੀ ਕਰਨ ਉਨ੍ਹਾਂ ਦੀ ਸਰਕਾਰੀ ਕੋਠੀ ਜਾ ਪਹੁੰਚੇ ਸਨ! ਉਨ੍ਹਾਂ ਨੂੰ ਆਪਣੀ ਪਦਵੀ ਅਤੇ ਇਸ ਨਾਲ ਜੁੜੇ ਹੋਏ ਸਤਿਕਾਰ ਦਾ ਚੇਤਾ ਨਹੀਂ ਸੀ ਰਿਹਾ ਤਾਂ ਏਸੇ ਕਾਰਨ ਉਨ੍ਹਾਂ ਨੂੰ ਇਹ ਦਿਨ ਵੇਖਣੇ ਪਏ ਕਿ ਉਹ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਸਨ ਰਹਿ ਗਏ ਅਤੇ ਅੱਜ ਤੱਕ ਸੰਗਤ ਤੋਂ ਓਹਲਾ ਰੱਖਦੇ ਹਨ।
ਹੈਰਾਨੀ ਦੀ ਗੱਲ ਹੈ ਕਿ ਤੀਹ ਅਗਸਤ ਨੂੰ ਸੁਖਬੀਰ ਸਿੰਘ ਬਾਦਲ ਵਿਰੁੱਧ ਅਵੱਗਿਆ ਤੇ ਗੁਨਾਹਾਂ ਦੀ ਸਿ਼ਕਾਇਤ ਬਾਰੇ ਫੈਸਲਾ ਲੈਣ ਵੇਲੇ ਪੰਜ ਸਿੰਘ ਸਾਹਿਬਾਨ ਨੇ ਇਹ ਜਿ਼ਕਰ ਹੀ ਨਹੀਂ ਕੀਤਾ ਕਿ ਉਸ ਵਕਤ ਦੇ ਜਥੇਦਾਰਾਂ ਨੇ ਕਿਹੜੇ ਗੁਨਾਹ ਨੂੰ ਧਾਰਮਿਕ ਪ੍ਰਵਾਨਗੀ ਦੇਣ ਦੇ ਗੁਨਾਹ ਵਿੱਚ ਭਾਈਵਾਲੀ ਕੀਤੀ ਸੀ! ਕਿਹਾ ਜਾ ਸਕਦਾ ਹੈ ਕਿ ਸਰਕਾਰੀ ਦਬਾਅ ਹੇਠ ਆ ਗਏ ਸਨ ਤੇ ਇਹ ਠੀਕ ਵੀ ਹੈ, ਪਰ ਇਹੋ ਗੱਲ ਇਸ ਦਬਾਅ ਦੇ ਹਾਲਾਤ ਦੀ ਸ਼ੁਰੂਆਤ ਦੀ ਘੋਖ ਅਤੇ ਏਦਾਂ ਦੀ ਹਾਲਾਤ ਪੈਦਾ ਕਰਨ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ ਤੱਕ ਜਾਣੀ ਚਾਹੀਦੀ ਹੈ। ਸਾਰੇ ਜਾਣਦੇ ਹਨ ਕਿ ਸੰਸਾਰ ਭਰ ਦੇ ਸਿੱਖ ਜਦੋਂ 1999 ਵਿੱਚ ਖਾਲਸੇ ਦੀ ਸਾਜਨਾ ਦੇ ਤਿੰਨ ਸੌ ਸਾਲਾ ਸਮਾਗਮਾਂ ਵੱਲ ਵੇਖ ਰਹੇ ਸਨ, ਓਦੋਂ ਅਕਾਲੀ ਸਫਾਂ ਵਿੱਚ ਦੋ ਵੱਡੇ ਲੀਡਰਾਂ ਪ੍ਰਕਾਸ਼ ਸਿੰਘ ਬਾਦਲ ਅਤੇ ਗੁਰਚਰਨ ਸਿੰਘ ਟੌਹੜਾ ਵਿਚਾਲੇ ਇੱਕ ਖਿੱਚੋਤਾਣ ਚੱਲਦੀ ਪਈ ਸੀ ਅਤੇ ਓਦੋਂ ਦਾ ਸ੍ਰੀ ਅਕਾਲ ਤਖਤ ਦਾ ਜਥੇਦਾਰ ਮੁਖ ਮੰਤਰੀ ਬਾਦਲ ਦੇ ਵਿਰੋਧੀਆਂ ਨਾਲ ਖੜਾ ਸੀ। ਇਸ ਦੌਰਾਨ ਪਹਿਲੀ ਵਾਰ ਇਹ ਵਾਪਰਿਆ ਕਿ ਅਕਾਲ ਤਖਤ ਦਾ ਜਥੇਦਾਰ ਬਦਲਣ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਵਿੱਚ ਕਰਨ ਦੀ ਥਾਂ ਅੰਮ੍ਰਿਤਸਰ ਵਾਲੇ ਸਰਕਿਟ ਹਾਊਸ ਵਿੱਚ ਅੱਧੀ ਰਾਤ ਕੀਤੀ ਗਈ ਸੀ। ਸਿੱਖਾਂ ਦੀਆਂ ਧਾਰਮਿਕ ਹਸਤੀਆਂ ਨੂੰ ਬੇਇੱਜ਼ਤ ਕਰ ਕੇ ਅਹੁਦੇ ਤੋਂ ਲਾਹੁਣ ਤੇ ਸਰਕਾਰੀ ਸਰਕਿਟ ਹਾਊਸ ਵਿੱਚ ਕੀਤੀ ਬੈਠਕ ਵਿੱਚ ਨਵੇਂ ਜਥੇਦਾਰਾਂ ਦੀਆਂ ਨਿਯੁਕਤੀਆਂ ਕਰਨ ਦਾ ਇਹੋ ਅਮਲ ਸਮਾਂ ਪਾ ਕੇ ਪੰਜ ਸਿੰਘ ਸਾਹਿਬਾਨ ਨੂੰ ਕਿਸੇ ਮੁੱਖ ਮੰਤਰੀ ਦੇ ਸਰਕਾਰੀ ਘਰ ਵਿੱਚ ਸੱਦੇ ਜਾਣ ਅਤੇ ਰੁੱਕਾ ਫੜਾ ਕੇ ਹੁਕਮਨਾਮਾ ਬਣਵਾਉਣ ਤੱਕ ਲੈ ਗਿਆ ਸੀ। ਜਦੋਂ ਇਹ ਸਭ ਕੁਝ ਵਾਪਰਦਾ ਪਿਆ ਸੀ, ਕੁਰਸੀਆਂ ਦੇ ਪਾਵਿਆਂ ਨਾਲ ਬੱਝੇ ਅਕਾਲੀ ਆਗੂਆਂ ਵਿੱਚੋਂ ਕਿਸੇ ਦੀ ਜ਼ਮੀਰ ਕਿਉਂ ਨਹੀਂ ਸੀ ਜਾਗੀ?
ਅੱਜ ਹਾਲਾਤ ਏਨੇ ਬਦਲ ਚੁੱਕੇ ਹਨ, ਜਿੰਨੇ ਕਿਸੇ ਵੀ ਵੱਡੇ ਤੋਂ ਵੱਡੇ ਚਿੰਤਕ ਨੇ ਕਦੀ ਨਹੀਂ ਸਨ ਸੋਚੇ। ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦਾ ਦਾਅਵਾ ਕਰਦੇ ਅਕਾਲੀ ਦਲਲਈ ਆਪਣੇ ਬਾਪ ਵੱਲੋਂ ਥਾਪੇ ਹੋਏ ਪ੍ਰਧਾਨ ਨੂੰ ਸਿੱਖ ਧਰਮ ਦੇ ਸਭ ਤੋਂ ਉੱਚੇ ਤਖਤ ਤੋਂ ਪੰਜ ਸਿੰਘ ਸਾਹਿਬਾਨ ਨੇ ਤਨਖਾਹੀਆ ਕਰਾਰ ਦੇ ਦਿੱਤਾ ਹੈ। ਇਤਹਾਸ ਵਿੱਚ ਪਹਿਲਾਂ ਕਦੇ ਵੀ ਏਦਾਂ ਨਹੀਂ ਹੋਇਆ ਕਿ ਸਿੱਖਾਂ ਦੀ ਪ੍ਰਤੀਨਿਧਤਾ ਦੀ ਸਭ ਤੋਂ ਵੱਡੀ ਦਾਅਵੇਦਾਰ ਪਾਰਟੀ ਦਾ ਮੁਖੀ ਸਿੱਖ ਸਿਧਾਂਤਾਂ ਅਤੇ ਸਿੱਖਾਂ ਦੇ ਸਭ ਤੋਂ ਉੱਚੇ ਤਖਤ ਦੇ ਫੈਸਲਿਆਂ ਦੀ ਅਵੱਗਿਆ ਸਮੇਤ ਕਈ ਗੁਨਾਹਾਂ ਦਾ ਦੋਸ਼ੀ ਐਲਾਨਣ ਦੀ ਨੌਬਤ ਆਈ ਹੋਵੇ ਤੇ ਉਸ ਨਾਲ ਦਸ ਸਾਲ ਸ਼ਾਹੀ ਕੁਰਸੀਆਂ ਦਾ ਨਿੱਘ ਮਾਣ ਚੁੱਕੇ ਸਾਰੇ ਆਗੂ ਦੋਸ਼ੀ ਬਣੇ ਖੜੋਤੇ ਹੋਣ। ਇਸ ਦੇ ਬਾਅਦ ਵੀ ਆਮ ਸਿੱਖਾਂ ਦੀ ਤਸੱਲੀ ਹੋਣ ਦਾ ਪ੍ਰਭਾਵ ਨਹੀਂ ਮਿਲਦਾ, ਲੋਕ ਕਹਿੰਦੇ ਹਨ ਕਿ ਨਿਮਾਣਾ ਬਣ ਕੇ ਅਕਾਲ ਤਖਤ ਸਾਹਿਬ ਮੂਹਰੇ ਖੜੋਣ ਅਤੇ ਲੱਗੀ ਸੇਵਾਚਾਰ ਦਿਨ ਨਿਭਾ ਕੇ ਉਹ ਫਿਰ ਓਸੇ ਤਰ੍ਹਾਂ ਦੀ ਸਿਆਸਤ ਕਰਨ ਦਾ ਰਾਹ ਲੱਭਦੇ ਜਾਪਦੇ ਹਨ। ਆਮ ਲੋਕਾਂ ਨੂੰ ਇਸ ਪ੍ਰਧਾਨ ਦੇ ਨਿਮਾਣੇਪਣ ਉੱਤੇ ਯਕੀਨ ਨਹੀਂ ਰਿਹਾ, ਸਗੋਂ ਇਸ ਨੂੰ ਵੇਲਾ ਟਾਲਣ ਲਈ ਅਸਲੋਂ ਮਾਸੂਮਬਣ ਕੇ ਪੇਸ਼ ਹੋਣ ਵਰਗਾ ਥਰਡ ਰੇਟ ਨਾਟਕ ਮੰਨ ਰਹੇ ਜਾਪਦੇ ਹਨ। ਸ੍ਰੀ ਅਕਾਲ ਤਖਤ ਦੇ ਜਥੇਦਾਰ ਅਤੇ ਦੂਸਰੇ ਸਿੰਘ ਸਾਹਿਬਾਨ ਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਅਕਾਲੀ ਦਾ ਤਾਂ ਜੋ ਪ੍ਰਭਾਵ ਹੈ ਸੋ ਹੈ, ਸਰਬ ਉੱਚ ਕਹੇ ਅਤੇ ਮੰਨੇ ਜਾਂਦੇ ਸਤਿਕਾਰ ਯੋਗ ਤਖਤ ਸਾਹਿਬ ਨੂੰ ਪਿਛਲੇ ਸਮਿਆਂ ਵਾਲੇ ਪ੍ਰਭਾਵ ਤੋਂ ਕਿਸੇ ਵੀ ਤਰ੍ਹਾਂ ਬਚਾ ਲਿਆ ਜਾਵੇ।

 
Have something to say? Post your comment