ਕੋਲਕਤਾ, 27 ਅਗਸਤ (ਪੋਸਟ ਬਿਊਰੋ): ਕੋਲਕਤਾ ਵਿੱਚ ਇੱਕ ਸਿਖਿਆਰਥੀ ਡਾਕਟਰ ਦੇ ਬਲਾਤਕਾਰ-ਕਤਲ ਨੂੰ ਲੈ ਕੇ ਮੰਗਲਵਾਰ (27 ਅਗਸਤ) ਨੂੰ ਵਿਦਿਆਰਥੀਆਂ ਅਤੇ ਰਾਜ ਕਰਮਚਾਰੀ ਸੰਗਠਨਾਂ ਦਾ ਪ੍ਰਦਰਸ਼ਨ ਜਾਰੀ ਹੈ। ਪੱਛਮੀ ਬੰਗ ਵਿਦਅਿਾਰਥੀ ਸਮਾਜ ਅਤੇ ਸੰਗਰਾਮੀ ਯੋਧਾ ਮੰਚ ਨਬੰਨਾ ਅਭਿਜਾਨ ਨੇ ਮਾਰਚ ਕੱਢਿਆ।
ਨਬੰਨਾ ਪੱਛਮੀ ਬੰਗਾਲ ਸਰਕਾਰ ਦਾ ਸਕੱਤਰੇਤ ਹੈ, ਜਿੱਥੇ ਮੁੱਖ ਮੰਤਰੀ, ਮੰਤਰੀਆਂ ਅਤੇ ਅਧਿਕਾਰੀਆਂ ਦੇ ਦਫ਼ਤਰ ਸਥਿਤ ਹਨ। ਧਰਨਾਕਾਰੀਆਂ ਦੀ ਰੈਲੀ ਕਰੀਬ 12:45 `ਤੇ ਸ਼ੁਰੂ ਹੋਈ। ਹਾਵੜਾ ਦੇ ਨਾਲ ਲੱਗਦੇ ਸੰਤਰਾਗਾਛੀ ਵਿੱਚ ਪ੍ਰਦਰਸ਼ਨਕਾਰੀ ਲੋਕਾਂ ਨੇ ਬੈਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਪੁਲਿਸ ਨੇ ਲਾਠੀਚਾਰਜ ਕੀਤਾ। ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਅਤੇ ਜਲ ਤੋਪਾਂ ਦੀ ਵੀ ਵਰਤੋਂ ਕੀਤੀ ਗਈ।
ਹਿੰਸਾ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਰੈਲੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਦੀ ਕਾਰਵਾਈ 'ਚ ਕਈ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ ਹਨ। ਪ੍ਰਦਰਸ਼ਨਕਾਰੀਆਂ ਨੂੰ ਨਬੰਨਾ (ਸਕੱਤਰੇਤ) ਵੱਲ ਜਾਣ ਤੋਂ ਰੋਕਣ ਲਈ 7 ਸੜਕਾਂ 'ਤੇ ਤਿੰਨ ਪਰਤਾਂ ਵਿਚ 6 ਹਜ਼ਾਰ ਦੀ ਫੋਰਸ ਤਾਇਨਾਤ ਹੈ। 19 ਪੁਆਇੰਟਾਂ 'ਤੇ ਬੈਰੀਕੇਡ ਲਗਾਏ ਗਏ ਹਨ ਅਤੇ 21 ਪੁਆਇੰਟਾਂ 'ਤੇ ਡੀਸੀਪੀ ਤਾਇਨਾਤ ਕੀਤੇ ਗਏ ਹਨ। ਹਾਵੜਾ ਬ੍ਰਿਜ ਨੂੰ ਬੰਦ ਕਰ ਦਿੱਤਾ ਗਿਆ ਹੈ। ਨਿਗਰਾਨੀ ਲਈ ਡਰੋਨ ਦੀ ਮਦਦ ਲਈ ਜਾ ਰਹੀ ਹੈ।
ਬੀਐਨਐਸ ਦੀ ਧਾਰਾ 163 (ਸੀਆਰਪੀਸੀ ਦੀ ਧਾਰਾ 144) ਰਾਜ ਸਕੱਤਰੇਤ ਨਬੰਨਾ ਨੇੜੇ ਲਗਾਈ ਗਈ ਹੈ। ਇੱਥੇ 5 ਤੋਂ ਵੱਧ ਲੋਕ ਇਕੱਠੇ ਨਹੀਂ ਹੋਣਗੇ। ਇਸ ਤੋਂ ਇਲਾਵਾ ਕਰੇਨ ਦੀ ਵਰਤੋਂ ਕਰਕੇ ਸੜਕਾਂ 'ਤੇ ਭਾਰੀ ਕੰਟੇਨਰ ਵੀ ਰੱਖੇ ਗਏ ਹਨ, ਤਾਂ ਜੋ ਪ੍ਰਦਰਸ਼ਨਕਾਰੀ ਅੱਗੇ ਨਾ ਵਧ ਸਕਣ।