ਕਲਕੱਤਾ, 11 ਅਗਸਤ (ਪੋਸਟ ਬਿਊਰੋ): ਕਲਕੱਤਾ ਦੇ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਟ੍ਰੇਨੀ ਡਾਕਟਰ ਨਾਲ ਰੇਪ ਅਤੇ ਕਤਲ ਦਾ ਦੋਸ਼ੀ ਸੰਜੇ ਰਾਏ 14 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਹੈ। ਉਸ ਨੂੰ 9 ਅਗਸਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ।
ਸੰਜੇ ਪੁਲਿਸ ਦੀ ਮਦਦ ਲਈ ਹਸਪਤਾਲ ਵਿੱਚ ਸਿਵਲ ਵਲੰਟੀਅਰ ਵਜੋਂ ਕੰਮ ਕਰਦਾ ਸੀ। ਉਸ ਨੇ ਹਸਪਤਾਲ ਦੇ ਜਿ਼ਆਦਾਤਰ ਵਿਭਾਗਾਂ ਦਾ ਦੌਰਾ ਕਰਨਾ ਸੀ। ਜਦੋਂ ਉਸ ਦਾ ਫੋਨ ਚੈੱਕ ਕੀਤਾ ਗਿਆ ਤਾਂ ਉਸ 'ਤੇ ਅਸ਼ਲੀਲ ਵੀਡੀਓ ਵੀ ਪਾਈਆਂ ਗਈਆਂ।
ਪੁਲਿਸ ਨੇ ਦੱਸਿਆ ਕਿ ਟ੍ਰੇਨੀ ਡਾਕਟਰ ਦੀ ਲਾਸ਼ 9 ਅਗਸਤ ਦੀ ਸਵੇਰ ਹਸਪਤਾਲ ਦੇ ਸੈਮੀਨਾਰ ਹਾਲ ਵਿਚੋਂ ਮਿਲੀ ਸੀ। ਘਟਨਾ ਵਾਲੀ ਥਾਂ ਤੋਂ ਬਲੂਟੁੱਥ ਈਅਰਫੋਨ ਵੀ ਮਿਲਿਆ ਹੈ। ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਸੰਜੇ ਨੂੰ ਸਵੇਰੇ 4 ਵਜੇ ਸੈਮੀਨਾਰ ਹਾਲ ਵਿੱਚ ਦਾਖ਼ਲ ਹੁੰਦੇ ਦੇਖਿਆ ਗਿਆ।
ਇਸ ਦੌਰਾਨ ਉਸ ਨੇ ਕੰਨਾਂ 'ਚ ਈਅਰਫੋਨ ਲਗਾਏ ਹੋਏ ਸਨ। ਕੁਝ ਸਮੇਂ ਬਾਅਦ ਜਦੋਂ ਉਹ ਹਾਲ ਤੋਂ ਬਾਹਰ ਆਇਆ ਤਾਂ ਉਸ ਕੋਲ ਈਅਰਫੋਨ ਨਹੀਂ ਸਨ। ਇਸ ਤੋਂ ਬਾਅਦ ਸੰਜੇ ਸਮੇਤ ਕੁਝ ਸ਼ੱਕੀਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ।
ਪੁਲਿਸ ਨੇ ਵਾਰਦਾਤ ਵਾਲੀ ਥਾਂ ਤੋਂ ਮਿਲੇ ਈਅਰਫੋਨਾਂ ਨੂੰ ਸਾਰੇ ਸ਼ੱਕੀਆਂ ਦੇ ਫ਼ੋਨਾਂ ਨਾਲ ਜੋੜਨ ਦੀ ਕੋਸਿ਼ਸ਼ ਕੀਤੀ। ਈਅਰਫੋਨ ਸੰਜੇ ਦੇ ਫੋਨ ਨਾਲ ਜੁੜ ਗਿਆ। ਪੁੱਛਗਿੱਛ ਦੌਰਾਨ ਸੰਜੇ ਨੇ ਰੇਪ ਅਤੇ ਕਤਲ ਦੀ ਗੱਲ ਕਬੂਲੀ ਹੈ।