Welcome to Canadian Punjabi Post
Follow us on

25

June 2024
ਬ੍ਰੈਕਿੰਗ ਖ਼ਬਰਾਂ :
ਪੂਰਨ ਬੰਦ ਦੀ ਚਿਤਾਵਨੀ: ਮਿਸੀਸਾਗਾ ਅਤੇ ਬਰੈਂਪਟਨ ਦੇ ਨਾਲ-ਨਾਲ ਕੈਲੇਡਨ ਵਿੱਚ ਕਿਊ.ਈ.ਡਬਲਯੂ. ਅਤੇ ਹਾਈਵੇ 403, ਹਾਈਵੇ 401 ਅਤੇ ਹਾਈਵੇ 410 `ਤੇ 24-28 ਜੂਨ ਨੂੰ ਰਹਿਣਗੇ ਬੰਦਸਾਊਥ ਗਲੇਨਗੈਰੀ ਵਿੱਚ ਮਾਲ-ਗੱਡੀ ਅਤੇ ਪਿਕਅਪ ਟਰੱਕ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤਰੇਕਸਡੇਲ ਸ਼ੂਟਿੰਗ ਜਾਂਚ ਦੇ ਸਿਲਸਿਲੇ ਵਿੱਚ 14 ਸਾਲਾ ਲੜਕੇ `ਤੇ ਫ੍ਰਸਟ ਡਿਗਰੀ ਕਤਲ ਦੇ ਚਾਰਜਿਜ਼ਟੋਰਾਂਟੋ ਦੇ ਬੇਘਰੇ ਵਿਅਕਤੀ ਦੀ ਮੌਤ ਵਿੱਚ ਟੀਨਏਜ਼ਰ ਲੜਕੀ ਨੇ ਕਤਲ ਦਾ ਦੋਸ਼ ਮੰਨਿਆਰਾਹੁਲ ਗਾਂਧੀ ਤੇ ਮਲਿਕਾਰਜੁਨ ਦਾ ਪ੍ਰਧਾਨ ਮੰਤਰੀ ਮੋਦੀ `ਤੇ ਸ਼ਬਦੀ ਹਮਲਾ, ਕਿਹਾ- “ਸੰਵਿਧਾਨ `ਤੇ ਹਮਲਾ ਸਵੀਕਾਰ ਨਹੀਂ”18ਵੀਂ ਲੋਕ ਸਭਾ ਦਾ ਪਹਿਲਾ ਇਜਲਾਸ ਸ਼ੁਰੂ, ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਮੈਂਬਰ ਵਜੋਂ ਚੁੱਕੀ ਸਹੁੰਨੇਤਨਯਾਹੂ ਨੇ ਆਪਣੀ ਪਤਨੀ ਅਤੇ ਪੁੱਤਰਾਂ ਲਈ ਉਮਰ ਭਰ ਦੀ ਸੁਰੱਖਿਆ ਦੀ ਕੀਤੀ ਮੰਗਜੰਗਲ 'ਚ ਗੁੰਮ ਹੋਇਆ ਵਿਅਕਤੀ 10 ਦਿਨ ਤੱਕ ਪਾਣੀ ਪੀ ਕੇ ਜਿਉਂਦਾ ਰਿਹਾ, ਜੁੱਤੀਆਂ ਵਿੱਚ ਪਾਣੀ ਇਕੱਠਾ ਕਰਕੇ ਪੀਂਦਾ ਰਿਹਾ
 
ਨਜਰਰੀਆ

ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ

June 03, 2024 07:34 AM

-ਜਤਿੰਦਰ ਪਨੂੰ
ਭਾਰਤ ਦੀ ਪਾਰਲੀਮੈਂਟ ਦੇ ਹੇਠਲੇ ਹਾਊਸ ਲੋਕ ਸਭਾ ਵਿੱਚ ਜਿਸ ਦੀ ਬਹੁ-ਗਿਣਤੀ ਹੋਵੇ, ਅਗਲੇ ਪੰਜ ਸਾਲ ਰਾਜ ਉਸ ਪਾਰਟੀ ਦਾ ਲੀਡਰ ਜਾਂ ਲੋੜ ਪਵੇ ਤਾਂ ਉਸ ਦੀ ਥਾਂ ਬਦਲਵਾਂ ਚੁਣਿਆ ਆਗੂ ਕਰ ਸਕਦਾ ਹੈ। ਜਿਹੜਾ ਕੋਈ ਇਸ ਨੂੰ ਚੁਣੌਤੀ ਦੇਣਾ ਚਾਹੇ, ਉਸ ਕੋਲ ਹੱਕ ਹੁੰਦਾ ਹੈ ਅਤੇ ਕਦੇ-ਕਦੇ ਇਹ ਚੁਣੌਤੀ ਸਰਕਾਰਾਂ ਬਦਲਣ ਜਾਂ ਜੇ ਏਦਾਂ ਨਾ ਸਰਦਾ ਹੋਵੇ ਤਾਂ ਨਵੀਂਆਂ ਚੋਣਾਂ ਕਰਵਾਉਣ ਦਾ ਸਬੱਬ ਪੈਦਾ ਕਰਨ ਤੱਕ ਲੈ ਜਾਂਦੀ ਹੈ। ਇਹ ਕੁਝ ਭਾਰਤ ਦੀ ਪਾਰਲੀਮੈਂਟ ਵਿੱਚ ਭਵਿੱਖ ਵਿੱਚ ਕਦੇ ਵੀਹੋ ਸਕਦਾ ਹੈ ਤੇ ਹੋਣ ਨੂੰ ਇਹ ਵੀ ਹੋ ਸਕਦਾ ਹੈ ਕਿ ਕੱਲ੍ਹ-ਕਲੋਤਰ ਨੂੰ ਏਦਾਂ ਦਾ ਕੁਝ ਹੋ ਜਾਵੇ ਕਿ ਭਵਿੱਖ ਵਿੱਚ ਏਦਾਂ ਚੁਣੌਤੀ ਪੇਸ਼ ਕਰਨ ਦੇ ਮੌਕੇ ਹੀ ਸੀਮਤ ਜਿਹੇ ਕਰ ਦਿੱਤੇ ਜਾਣ। ਇਸ ਵਾਰੀ ਵੋਟਾਂ ਪੈਣ ਤੇ ਭਵਿੱਖ ਦੀ ਰਾਜ ਕਰਦੀ ਧਿਰ ਦੀ ਚੋਣ ਹੋਣ ਪਿੱਛੋਂ ਸਾਡੇ ਕੋਲ ਚੋਖਾ ਮੌਕਾ ਹੋਵੇਗਾ, ਜਦੋਂ ਰਾਜਨੀਤਕ ਅਤੇ ਸੰਵਿਧਾਨਕ ਪੱਖਾਂ ਤੋਂ ਚੋਣਾਂ ਵਿੱਚ ਹੋਏ-ਬੀਤੇ ਦੀ ਚਰਚਾ ਅਤੇ ਚੀਰ-ਪਾੜ ਹੁੰਦੀ ਰਹੇਗੀ। ਇਹ ਕੰਮ ਉਸ ਵੇਲੇ ਕਰਾਂਗੇ, ਇਸ ਬਾਰੇ ਤੱਤੇ ਘਾਅ ਕਾਹਲੇ ਅੰਦਾਜ਼ੇ ਲਾਈ ਜਾਣ ਦੀ ਥਾਂ ਅਸੀਂ ਚਾਹਾਂਗੇ ਕਿ ਸਾਡੇ ਲੋਕ ਭਾਰਤ ਦੇ ਲੋਕਤੰਤਰ ਦੀ ਸਥਿਤੀ ਬਾਰੇ ਸੋਚਣ, ਜਿਸ ਵਿੱਚ ਲੋਕਤੰਤਰ ਹੀ ਅਸਲ ਵਿੱਚ ਮਨਫੀ ਹੁੰਦਾ ਜਾਂਦਾ ਅਤੇ ਏਹੋ ਜਿਹੇ ਰੁਝਾਨ ਭਾਰੂ ਹੋਈ ਜਾਂਦੇ ਹਨ, ਜਿਹੜੇ ਸਾਨੂੰ ਮਾਣ ਕਰਨ ਦਾ ਮੌਕਾ ਦੇਣ ਵਾਲੇ ਨਹੀਂ ਜਾਪਦੇ। ਭਾਰਤੀ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਇਸ ਵਾਰ ਜੋ ਕੁਝ ਹੋਇਆ ਤੇ ਅੱਤ ਦੇ ਨੀਵੇਂ ਪੱਧਰ ਤੱਕ ਪਹੁੰਚ ਕੇ ਹੁੰਦਾ ਅਸੀਂ ਵੇਖਿਆ ਹੈ, ਉਸ ਦੀ ਚਰਚਾ ਦੁਨੀਆਂ ਭਰ ਵਿੱਚ ਵੀ ਹੁੰਦੀ ਪਈ ਹੈ।
ਪਹਿਲਾ ਪੱਖ ਰਾਜਨੀਤਕ ਆਗੂਆਂ ਦੇ ਵਿਹਾਰ ਦਾ ਹੈ। ਉਨ੍ਹਾਂ ਨੇ ਮੁੱਦਿਆਂ ਦੀ ਚਰਚਾ ਘੱਟ ਕੀਤੀ ਤੇ ਇਸ ਦੀ ਥਾਂ ਉਹ ਮੁੱਦੇ ਵੱਧ ਚੁੱਕੇ, ਜਿਹੜੇ ਇੱਕ-ਦੂਸਰੇ ਦਾ ਮਜ਼ਾਕ ਬਣਾਉਣ, ਉਸ ਨੂੰ ਘਟੀਆ ਦੱਸਣ ਅਤੇ ਖੁਦ ਨੂੰ ਇਸ ਦੇਸ਼ ਦੇ ਲੋਕਾਂ ਦੀ ਅਸਲੀ ਆਵਾਜ਼ ਵਜੋਂ ਪੇਸ਼ ਕਰਨ ਵੱਲ ਸੇਧੇ ਹੁੰਦੇ ਸਨ। ਸਭ ਕੁਝ ਜਾਣਦੇ ਹੋਏ ਵੀ ਲੋਕ ਬੜੀ ਵਾਰ ਭੁੱਲ ਜਾਂਦੇ ਹਨ ਕਿ ਬੀਤੇ ਸਮੇਂ ਵਿੱਚ ਇਸ ਪਾਰਟੀ ਨੇ ਆਹ ਕੀਤਾ ਸੀ ਤੇ ਉਨ੍ਹਾਂ ਦੀ ਭੁੱਲਣ ਦੀ ਆਦਤ ਨੂੰ ਵਰਤ ਬਣਾ ਕੇ ਸਿਆਸੀ ਸਟੇਜਾਂ ਤੋਂਬੀਤੇ ਦੀਆਂ ਬਾਤਾਂ ਇੰਜ ਪਾਈਆਂ ਜਾਂਦੀਆਂ ਹਨ ਕਿ ਸਾਰੀ ਤਸਵੀਰ ਉਲਟਾ ਕੇ ਪੇਸ਼ ਕੀਤੀ ਗਈ ਹੁੰਦੀ ਹੈ, ਪਰ ਨਾ ਲੋਕ ਕਿੰਤੂ ਕਰਦੇ ਹਨ, ਨਾ ਇੰਜ ਕਰਨ ਵਾਲੇ ਨੂੰ ਆਪਣੇ ਆਪ ਉੱਤੇ ਸ਼ਰਮ ਆਉਂਦੀ ਹੈ। ਜਵਾਨ ਉਮਰ ਵਿੱਚ ਪ੍ਰੇਮਿਕਾਵਾਂ ਨੂੰ ਬੇਵਕੂਫ ਬਣਾਉਣ ਵਾਲੇ ਜਜ਼ਬਾਤੀ ਛੋਕਰਿਆਂ ਬਾਰੇ ਅਸੀਂ ਸੁਣਿਆ ਸੀ ਕਿ ਉਹ ਅਸਮਾਨ ਤੋਂ ਚੰਦ ਅਤੇ ਤਾਰੇ ਤੋੜ ਲਿਆਉਣ ਦੀਆਂ ਡੀਂਗਾਂ ਮਾਰਦੇ ਹਨ ਤੇ ਕਈ ਕਵੀਆਂ ਨੇ ਏਦਾਂ ਦੇ ਗੀਤ ਲਿਖੇ ਤੇ ਪੜ੍ਹੇ ਸਨ, ਪਰ ਆਮ ਲੋਕਾਂ ਅੱਗੇ ਏਦਾਂ ਗੱਪਾਂ ਪਰੋਸੀਆਂ ਜਾ ਸਕਦੀਆਂ ਹਨ, ਇਹ ਚੋਣਾਂ ਵਿੱਚ ਪਤਾ ਲੱਗਾ ਹੈ। ਜਿੱਡੀ ਚਾਹੇ ਗੱਪ ਮਾਰ ਕੇ ਕਹਿ ਦਿਉ ਕਿ ਇਹ ਸਾਡੀ ਗਾਰੰਟੀ ਹੈ, ਕੋਈ ਇਸ ਦਾ ਬੁਰਾ ਨਹੀਂ ਮਨਾਉਂਦਾ ਤੇ ਕਮਾਲ ਦੀ ਗੱਲ ਇਹ ਕਿ ਜਿਹੜੇ ਏਦਾਂ ਕਰਨ ਨੂੰ ‘ਮੁਫਤ ਦੀਆਂ ਰਿਉੜੀਆਂ’ ਵੰਡਣਾ ਕਹਿੰਦੇ ਹਨ, ਅਗਲੇ ਦਿਨ ਓਦੋਂ ਵੱਡੀ ਗੱਪ ਨੂੰ ਗਾਰੰਟੀ ਕਹਿ ਕੇ ਪਹਿਲਿਆਂ ਤੋਂ ਵੱਧ ਲੋਕਾਂ ਦੀ ਭੀੜ ਅੱਗੇ ਅਤੇ ਮੀਡੀਏ ਰਾਹੀਂ ਸਾਰੇ ਦੇਸ਼ ਅੱਗੇ ਪੇਸ਼ ਕਰੀ ਜਾਂਦੇ ਹਨ। ਪਹਿਲੇ ਆਗੂ ਵੀ ਸਾਨੂੰ ਗਲਤ ਨਹੀਂ ਜਾਪਦੇ ਅਤੇ ਉਨ੍ਹਾਂ ਦੀ ਗੱਲ ਕੱਟ ਕੇ ਖੁਦ ਓਦੋਂ ਵੱਡੀ ਗੱਪ ਨੂੰ ਗਾਰੰਟੀ ਕਹਿ ਕੇ ਪੇਸ਼ ਕਰਨ ਵਾਲੇ ਨੂੰ ਠੀਕ ਕਹਿ ਦੇਣ ਵਿੱਚ ਵੀ ਸਾਨੂੰ ਹਰਜ਼ ਨਹੀਂ। ਅਸਲ ਸਥਿਤੀ ਜਿੱਦਾਂ ਦੀ ਹੈ, ਉਸ ਬਾਰੇ ਲੋਕਤੰਤਰ ਨੂੰ ਹੰਢਾਉਣ ਵਾਲੇ ਲੋਕ ਹੋਣਗੇ।
ਦੂਸਰਾ ਪੱਖ ਸਿਰੇ ਦੀ ਘਟੀਆ ਗੱਲ ਕਹਿ ਕੇ ਇਹ ਪਰਖਣ ਦਾ ਹੈ ਕਿ ਲੋਕਾਂ ਦੇ ਮੋਢਿਆਂ ਉੱਤੇ ਲੱਗਾ ਸਿਰ ਕੁਝ ਕੰਮ ਵੀ ਕਰਦਾ ਹੈ ਜਾਂ ਸਿਰਫ ਰਸਮ ਪੂਰੀ ਕਰਨ ਲਈ ਮਨੁੱਖ ਨੂੰ ਸਿਆਸੀ ਹਨੇਰੀਆਂ ਦੌਰਾਨ ਹਵਾ ਵਿੱਚ ਉੱਡ ਜਾਣ ਤੋਂ ਬਚਾਉਣ ਲਈ ਕੁਦਰਤ ਵੱਲੋਂ ਰੱਖਿਆ ਪੇਪਰ-ਵੇਟ ਬਣ ਕੇ ਰਹਿ ਗਿਆ ਹੈ! ਕਿਸੇ ਔਖੇ ਇਮਤਿਹਾਨ ਵਾਸਤੇ ਪੇਸ਼ ਕੀਤੇ ਗਏ ਔਖੇ ਤੋਂ ਔਖੇ ਪ੍ਰਸ਼ਨਾਂ ਵਾਂਗ ਇਹ ਕੰਮ ਹਰ ਕਿਸੇ ਹੋਰ ਤੋਂ ਵੱਧ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਦੇ ਹਨ। ਉਹ ਆਪਣੇ ਵਿਰੋਧੀਆਂ ਉੱਤੇ ਦੂਸ਼ਣਬਾਜ਼ੀ ਕਰਨ ਲਈ ਇਹ ਕਹਿਣ ਤੋਂ ਵੀ ਨਹੀਂ ਝਿਜਕੇ ਕਿ ਵਿਰੋਧੀ ਧਿਰ ਚੋਣ ਜਿੱਤ ਗਈ ਤਾਂ ਤੁਹਾਡੇ ਘਰ ਦੀਆਂ ਦੋ ਮੱਝਾਂ ਵਿੱਚੋਂ ਇੱਕ ਮੱਝ ਖੋਲ੍ਹ ਕੇ ਜਾਂ ਤੁਹਾਡੀ ਪਾਣੀ ਸਪਲਾਈ ਵਾਸਤੇ ਲੱਗੀ ਹੋਈ ਟੂਟੀ ਲਾਹ ਕੇ ਲੈ ਜਾਣਗੇ। ਭਾਰਤ ਦੇ ਲੋਕ ਏਨੇ ਸਿਆਣੇ ਹੋ ਚੁੱਕੇ ਹਨ ਕਿ ਏਦਾਂ ਦੀ ਗੱਪ ਸੁਣ ਕੇ ਵੀ ਇਹ ਨਹੀਂ ਕਹਿੰਦੇ ਕਿ ਏਦਾਂ ਨਹੀਂ ਹੋ ਸਕਦਾ, ਸਗੋਂ ਖੁਸ਼ ਹੋ ਕੇ ਤਾੜੀਆਂ ਮਾਰਦੇ ਹਨ ਕਿ ਇਸ ਆਗੂ ਦਾ ਭਲਾ ਹੋਵੇ, ਜਿਹੜਾ ਸਾਨੂੰ ਸੁਚੇਤ ਕਰ ਰਿਹਾ ਹੈ, ਵਰਨਾ ਸਾਡੀ ਟੂਟੀ ਵੀ ਜਾਂਦੀ ਰਹਿਣੀ ਸੀ ਅਤੇ ਮੱਝ ਵੀ। ਉਰਦੂ ਭਾਸ਼ਾ ਦੀ ਇੱਕ ਕਹਾਵਤ ਹੈ, ‘ਬੜੇ ਮੀਆਂ ਤੋ ਬੜੇ ਮੀਆਂ, ਛੋਟੇ ਮੀਆਂ ਸੁਬਹਾਨ ਅੱਲ੍ਹਾ’। ਕਹਿਣ ਤੋਂ ਭਾਵ ਇਹ ਕਿ ਬੜੇ ਨੇਤਾ ਜਦੋਂ ਏਡੀ ਗੱਲ ਕਹਿ ਸਕਦੇ ਹਨ ਤਾਂ ਕਹਿ ਹੀ ਸਕਦੇ ਹਨ, ਕਮਾਲ ਦੀ ਗੱਲ ਇਹ ਸਮਝੋ ਕਿ ਛੋਟੇ ਮੀਆਂ, ਯਾਨੀ ਛੋਟੇ ਨੇਤਾ ਇਸ ਤੋਂ ਵੀ ਬਹੁਤ ਅੱਗੇ ਤੱਕ ਦੀ ਗੱਲ ਕਹਿ ਸਕਦੇ ਹਨ, ਜਿਹੜੀ ਕਿਸੇ ਦੇ ਮੰਨਣ ਵਿੱਚ ਨਾ ਆਉਂਦੀ ਹੋਵੇ, ਪਰ ਸੁਣਨੀ ਤੇ ਮੰਨਣੀ ਪੈਂਦੀ ਹੈ।
ਤੀਸਰਾ ਪੱਖ ਇਨ੍ਹਾਂ ਚੋਣਾਂ ਵਿੱਚ ਧਰਮ ਦੀ ਵਰਤੋਂ ਨਹੀਂ, ਸਿਖਰਾਂ ਛੋਂਹਦੀ ਦੁਰਵਰਤੋਂ ਦਾ ਹੈ। ਪੰਜਾਬ ਵਿੱਚ ਸਿੱਖੀ ਨੂੰ ਸਿਆਸੀ ਮੁੱਦਾ ਬਣਾ ਲੈਣਾ ਸਾਡੇ ਲੋਕ ਆਮ ਗੱਲ ਸਮਝਦੇ ਹਨ, ਜਦ ਕਿ ਚੋਣਾਂ ਵਿੱਚ ਏਦਾਂ ਨਹੀਂ ਹੋਣਾ ਚਾਹੀਦਾ, ਪਰ ਦੇਸ਼ ਪੱਧਰ ਉੱਤੇ ਇੱਕ ਧਿਰ ਸਭ ਤੋਂ ਵੱਡੀ ਬਹੁ-ਗਿਣਤੀ ਵਾਲੇ ਹਿੰਦੂ ਧਰਮ ਨੂੰ ਮੁੱਦਾ ਬਣਾ ਕੇ ਲੋਕਾਂ ਤੋਂ ਵੋਟਾਂ ਮੰਗਦੀ ਅਤੇ ਉਨ੍ਹਾਂ ਨੂੰ ਬੇਵਕੂਫ ਬਣਾਉਂਦੀ ਹੈ ਤੇ ਦੂਸਰੀ ਇੱਕੋ ਵਕਤ ਦੋ ਬੇੜੀਆਂ ਦੀ ਸਵਾਰ ਹੋਣਾ ਚਾਹੁੰਦੀ ਹੈ। ਛੋਟੇ ਧਰਮਾਂ ਦੇ ਨਾਂਅ ਉੱਤੇ ਵੀ ਏਦਾਂ ਕਰਨ ਵਾਲੇ ਕੁਝ ਥੋੜ੍ਹੇ ਨਹੀਂ, ਰਾਜਸੀ ਲੋੜਾਂ ਦੀ ਪੂਰਤੀ ਲਈ ਉਹ ਵੀ ਹੱਦਾਂ ਲੰਘ ਜਾਂਦੇ ਹਨ ਅਤੇ ਏਦਾਂ ਕਰ ਕੇ ਉਹ ਇਹ ਸੋਚਦੇ ਹਨ ਕਿ ਬਹੁ-ਗਿਣਤੀ ਧਰਮ ਵਾਲੀ ਧਿਰ ਨੂੰ ਠਿੱਠ ਕਰ ਛੱਡਿਆ ਹੈ। ਅਸਲ ਵਿੱਚ ਏਦਾਂ ਦੀ ਰਾਜਨੀਤੀ ਨਾਲ ਉਹਆਪਣੇ ਧਰਮ ਦੇ ਉਨ੍ਹਾਂ ਲੋਕਾਂ ਅੱਗੇ ਹੋਰ ਕੰਡੇ ਵਿਛਾਈ ਜਾਂਦੇ ਹਨ, ਜਿਹੜੇ ਪਹਿਲਾਂ ਹੀ ਇਨ੍ਹਾਂ ਕੰਡਿਆਂ ਤੋਂ ਸਤਾਏ ਹੋਏ ਹਨ। ਅਸੀਂ ਸੁਣ ਰੱਖਿਆ ਹੈ ਕਿ ਲੋਹੇ ਨੂੰ ਲੋਹਾ ਕੱਟਦਾ ਹੈ, ਪਰ ਧਰਮ ਨੂੰ ਫਿਰਕੂਪੁਣੇ ਲਈ ਵਰਤਿਆ ਜਾਵੇ ਤਾਂ ਦੂਸਰੀ ਫਿਰਕਾਪ੍ਰਸਤੀ ਨੂੰ ਕੱਟਦਾ ਨਹੀਂ, ਇੱਕ ਕਿਸਮ ਦੀ ਫਿਰਕਪ੍ਰਸਤੀ ਦੂਸਰੀ ਫਿਰਕਾਪ੍ਰਸਤੀ ਨੂੰ ਹੋਰ ਤਿੱਖਾ ਕਰਦੀ ਹੈ। ਇਹ ਕੰਮ ਉਹ ਲੋਕ ਸਹਿਜ ਸੁਭਾਅ ਨਹੀਂ ਕਰਦੇ, ਉਨ੍ਹਾਂ ਦੀ ਸੋਚ ਵਿੱਚ ਇਹ ਜ਼ਹਿਰੀਲਾ ਦਾਅ ਛਿਪਿਆ ਹੁੰਦਾ ਹੈ ਕਿ ਇਸ ਤਰ੍ਹਾਂ ‘ਆਪਣੇ ਧਰਮ’ ਦੇ ਲੋਕਾਂ ਦੀ ਹਮਾਇਤ ਖਿੱਚਣੀ ਸੌਖੀ ਹੋ ਜਾਂਦੀ ਹੈ। ਨਤੀਜੇ ਵਜੋਂ ਦੋਵਾਂ ਪਾਸਿਆਂ ਦੀ ਫਿਰਕਾਪ੍ਰਸਤੀ ਜਿਸ ਕਿਸਮ ਦੇ ਚੰਦ ਚਾੜ੍ਹ ਸਕਦੀ ਹੈ, ਉਹ ਚਾੜ੍ਹੀ ਜਾ ਰਹੀ ਹੈ।
ਅਗਲਾ ਪੱਖ ਇਹ ਹੈ ਕਿ ਪ੍ਰਮੁੱਖ ਧਰਮਾਂ ਦੀ ਗੱਲ ਤਾਂ ਪਾਸੇ ਰਹੀ, ਲੋਕਤੰਤਰ ਦੇ ਇਸ ਘਮਸਾਨ ਵਿੱਚ ਛੋਟੇ-ਛੋਟੇ ਡੇਰਿਆਂ ਦੀ ਲੋੜ ਵੀ ਮਹਿਸੂਸ ਕੀਤੀ ਜਾਂਦੀ ਹੈ ਤੇ ਅੱਗੋਂ ਉਨ੍ਹਾਂ ਡੇਰਿਆਂ ਦੇ ਮੁਖੀ ਵੀ ਚੋਣਾਂ ਦੇ ਦਿਨਾਂ ਵਿੱਚ ਆਪਣੇ ਡੇਰੇ ਨੂੰ ਡੇਰਾ ਨਹੀਂ ਰਹਿਣ ਦੇਂਦੇ, ਵੋਟਾਂ ਤੇ ਵੋਟਰਾਂ ਦੀ ਸੌਦੇਬਾਜ਼ੀ ਦਾ ਕਾਊਂਟਰ ਬਣਾ ਬੈਠਦੇ ਹਨ। ਇੱਕ ਲੀਡਰ ਸਵੇਰੇ ਆਣ ਕੇ ਉਨ੍ਹਾਂ ਕੋਲ ਤਰਲੇ ਮਾਰਦਾ ਅਤੇ ਦੂਸਰਾ ਦੁਪਹਿਰ ਤੱਕ ਗੇੜਾ ਲਾ ਕੇ ਮੁੜਦਾ ਹੈ ਕਿ ਸ਼ਾਮ ਨੂੰ ਤੀਸਰਾ ਅਤੇ ਅੱਧੀ ਰਾਤ ਚੌਥਾ ਸ਼ਰੀਕ ਵੀ ਆਣ ਵੜਦਾ ਹੈ। ਪੰਜਾਬੀ ਬੋਲੀ ਦਾ ਇੱਕ ਸ਼ਬਦ ‘ਚੁੰਗਾਂ’ ਅੱਜਕੱਲ੍ਹ ਬਹੁਤਾ ਵਰਤੋਂ ਵਿੱਚ ਨਹੀਂ ਰਹਿ ਗਿਆ, ਇਸ ਦਾ ਮਤਲਬ ਦੁਕਾਨ ਉੱਤੇ ਆਏ ਗ੍ਰਾਹਕ ਹੁੰਦਾ ਹੈ। ਧਰਮ ਦੇ ਜਿਹੜੇ ਕੇਂਦਰਾਂ ਉੱਤੇ ਚੋਣਾਂ ਵਿੱਚਏਦਾਂ ਚੌਵੀ ਘੰਟੇ ਰਾਜਸੀ ‘ਚੁੰਗਾਂ’ ਆਈ ਜਾਂਦੀਆਂ ਹਨ ਅਤੇ ਹਰ ਵੇਲੇ ਉਨ੍ਹਾਂ ਦੀ ਕਤਾਰ ਲੱਗੀ ਹੁੰਦੀ ਹੈ, ਉਨ੍ਹਾਂ ਦੀ ਆਮਦ ਦੀ ਏਨੀ ਬਹੁਤਾਤ ਵਾਲੇ ਡੇਰਿਆਂ ਦੇ ਮੁਖੀ ਭਜਨ-ਬੰਦਗੀ ਕਦੋਂ ਕਰਦੇ ਹੋਣਗੇ, ਸਾਡੀ ਸੋਚ ਤੋਂ ਪਰੇ ਹੈ। ਸ਼ਾਇਦ ਇਹ ਲੋਕ ਸੋਚਦੇ ਹੋਣਗੇ ਕਿ ਧਰਮ-ਕਰਮ ਤਾਂ ਅੱਗੋਂ-ਪਿੱਛੋਂ ਵੀ ਹੁੰਦਾ ਰਿਹਾ ਤੇ ਹੁੰਦਾ ਰਹਿਣਾ ਹੈ, ਵੋਟਾਂ ਦਾ ਸੀਜ਼ਨ ਕਾਹਨੂੰ ਖਰਾਬ ਕਰਨਾ ਹੈ, ਸਿਆਸਤ ਦੀ ਫਸਲ ਸੰਭਾਲਣ ਵਿੱਚ ਨਾ ਖੁੰਝ ਜਾਂਦੇ ਹੋਈਏ। ਆਮ ਲੋਕ ਵੀ ਵੇਖ ਕੇ ਚੁੱਪ ਰਹਿੰਦੇ ਹਨ।
ਆਖਰੀ ਪੱਖ ਚੋਣਾਂ ਵਿੱਚ ਚੋਣ ਕਮਿਸ਼ਨ ਦੀ ਭੂਮਿਕਾ ਦਾ ਹੈ, ਜਿਸ ਨੇ ਦੇਸ਼ ਦੇ ਲੋਕਾਂ ਦੀ ਵਫਾਦਾਰੀ ਨਿਭਾਉਣ ਦੀ ਥਾਂ ਆਪਣੇ ਰੁਜ਼ਗਾਰ-ਦਾਤਿਆਂ, ਅਰਥਾਤ ਚੋਣ ਕਮਿਸ਼ਨਰੀ ਦੇ ਮਾਣ-ਮੱਤੇ ਅਹੁਦੇ ਬਖਸ਼ਣ ਵਾਲਿਆਂ ਦੀ ਵਫਾ ਕਰਨ ਨੂੰ ਹਮੇਸ਼ਾ ਪਹਿਲ ਦਿੱਤੀ ਹੈ। ਥੋੜ੍ਹਾ ਜਿਹਾ ਸਮਾਂ ਇਸ ਤੋਂ ਵੱਖਰਾ ਸੀ, ਜਦੋਂ ਟੀ ਐੱਨ ਸੇਸ਼ਨ ਨਾਂਅ ਦਾ ਮੁੱਖ ਚੋਣ ਕਮਿਸ਼ਨਰ ਇਸ ਦੇਸ਼ ਨੂੰ ਮਿਲਿਆ ਸੀ, ਉਸ ਤੋਂ ਬਿਨਾਂ ਮੌਕੇ ਦੇ ਮਾਲਕਾਂ ਦੀ ਜੀ-ਹਜ਼ੂਰੀ ਕਰਨ ਵਾਲੇ ਚੋਣ ਕਮਿਸ਼ਨਰਾਂ ਦੇ ਕਿਰਦਾਰ ਦੀ ਚਰਚਾ ਹੀ ਹੁੰਦੀ ਰਹੀ ਹੈ। ਇਸ ਵਾਰ ਫਿਰ ਚੋਣ ਕਮਿਸ਼ਨਰਾਂ ਨੇ ਲੋਕਤੰਤਰੀ ਅਸ਼ੂਲ ਟੁੱਟਦੇ ਵੇਖ ਕੇ ਚੁੱਪ ਰਹਿਣ ਦਾ ਨਵਾਂ ਰਿਕਾਰਡ ਬਣਾਇਆ ਹੈ, ਕੋਈ ਏਦਾਂ ਦਾ ਪ੍ਰਭਾਵਸ਼ਾਲੀ ਕਦਮ ਕਦੇ ਨਹੀਂ ਉਠਾਇਆ, ਜਿਸ ਦੇ ਕਾਰਨ ਅਜੋਕੇ ਮੁੱਖ ਚੋਣ ਕਮਿਸ਼ਨਰ ਜਾਂ ਉਸ ਦੇ ਦੋਵਾਂ ਜੋੜੀਦਾਰਾਂ ਨੂੰ ਯਾਦ ਰੱਖਿਆ ਜਾਵੇ। ਚੋਣਾਂ ਦੀ ਘੜੀ ਜਦੋਂ ਸਿਰ ਉੱਤੇ ਸੀ, ਇੱਕ ਚੋਣ ਕਮਿਸ਼ਨਰ ਰਿਟਾਇਰ ਹੋ ਗਿਆ ਤੇ ਦੂਸਰਾ ਅਸਤੀਫਾ ਦੇ ਗਿਆ ਸੀ। ਉਨ੍ਹਾਂ ਦੋਵਾਂ ਦੀ ਥਾਂ ‘ਬੂਹੇ ਖੜੋਤੀ ਜੰਨ, ਵਿੰਨ੍ਹੋਂ ਕੁੜੀ ਦੇ ਕੰਨ’ ਵਾਲੀ ਹਾਲਤ ਵਿੱਚ ਨਵੇਂ ਨਿਯੁਕਤ ਕੀਤੇ ਸਨ ਤੇ ਨਵੇਂ ਦੋ ਚੋਣ ਕਮਿਸ਼ਨਰਾਂ ਇਹ ਦੀ ਆਸ ਰੱਖਣੀ ਹੀ ਫਜ਼ੂਲ ਸੀ ਕਿ ਉਹ ਚੋਣਾਂ ਦੌਰਾਨ ਕਾਨੂੰਨੀ ਕਿਤਾਬਾਂ ਵੇਖ ਕੇ ਕੁਝ ਕਰਨਗੇ। ਬਹੁਤ ਸਾਰੇ ਮੌਕੇ ਆਏ ਸਨ, ਜਦੋਂ ਪ੍ਰਧਾਨ ਮੰਤਰੀ ਤੱਕ ਨੇ ਰਾਜਨੀਤਕ ਤੇ ਸੰਵਿਧਾਨਕ ਹੱਦਾਂ ਤੋਂ ਅੱਗੇ ਲੰਘ ਕੇ ਉਹ ਗੱਲਾਂ ਕਹੀਆਂ, ਜਿਨ੍ਹਾਂ ਕਾਰਨ ਉਨ੍ਹਾਂ ਉੱਤੇ ਕਾਰਵਾਈ ਕਰਨੀ ਬਣਦੀ ਸੀ, ਪਰ ਚੋਣ ਕਮਿਸ਼ਨ ਇਸ ਬਾਰੇ ਚੁੱਪ ਰਿਹਾ ਜਾਂ ਕਾਰਵਾਈ ਕਰਨ ਤੋਂ ਟਲਦਾ ਰਿਹਾ ਅਤੇ ਉਹ ਆਗੂ ਇਸ ਤੋਂ ਵੀ ਅਗਲੀ ਹੱਦ ਉਲੰਘਦੇ ਰਹੇ। ਬਾਕੀ ਸਭ ਕੁਝ ਛੱਡੋ, ਚੋਣ ਪ੍ਰਚਾਰ ਬੰਦ ਹੋਣ ਮਗਰੋਂ ਜਿਹੜੀਆਂ ਗੱਲਾਂ ਵਾਸਤੇ ਪੱਕੀ ਮਨਾਹੀ ਦੱਸੀ ਗਈ ਸੀ, ਉਹ ਵੀ ਸ਼ਰੇਆਮ ਹੁੰਦੀਆਂ ਰਹੀਆਂ। ਪ੍ਰਚਾਰ ਰੋਕਣ ਦੇ ਦਿਨ ਅਸੀਂ ਖੁਦ ਪੁੱਛਿਆ ਸੀ ਕਿ ਫਲਾਣੀ ਕਿਸਮ ਦੀ ਸਮੱਗਰੀ ਵਰਤਣ ਦੀ ਆਗਿਆ ਹੈ ਜਾਂ ਮਨਾਹੀ ਹੈ ਤੇ ਸਾਨੂੰ ਚੋਣ ਅਫਸਰਾਂ ਨੇ ਦੱਸਿਆ ਸੀ ਕਿ ਇਸ ਦੀ ਸਖਤ ਮਨਾਹੀ ਹੈ। ਕਮਾਲ ਦੀ ਗੱਲ ਕਿ ਪ੍ਰਚਾਰ ਬੰਦ ਹੋਣ ਤੋਂ ਅਗਲੇ ਦਿਨ ਮਨਾਹੀ ਵਾਲਾ ਸਭ ਕੁਝ ਚੋਣ ਪ੍ਰਚਾਰ ਦੇ ਆਮ ਦਿਨਾਂ ਵਾਂਗ ਚੱਲਦਾ ਰਿਹਾ ਅਤੇ ਕਿਸੇ ਨੇ ਕਿਸੇ ਨੂੰ ਕਿਸੇ ਥਾਂ ਕਿਸੇ ਗੱਲ ਤੋਂ ਰੋਕਿਆ ਨਹੀਂ। ਪਾਰਟੀਆਂ ਤੇ ਆਗੂਆਂ ਦੇ ਇੰਟਰਵਿਊ ਵੀ ਛਪਦੇ ਅਤੇ ਪੇਸ਼ ਹੁੰਦੇ ਰਹੇ ਅਤੇ ਇਸ਼ਤਿਹਾਰ ਵੀ ਵੋਟਾਂ ਵਾਲੇ ਦਿਨ ਤੱਕ ਚੱਲਦੇ ਰਹੇ।
ਮੈਨੂੰ ਉਸ ਵਕਤ ਦਾ ਇੱਕ ਕਿੱਸਾ ਕਦੇ ਨਹੀਂ ਭੁੱਲ ਸਕਦਾ, ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਸਨ। ਇੱਕ ਵਾਰੀ ਅਸੀਂ ਕਿਸੇ ਸਮਾਗਮ ਵਿੱਚ ਸਾਂ। ਇੱਕ ਸੀਨੀਅਰ ਪੱਤਰਕਾਰ ਤੇ ਇੱਕ ਸੀਨੀਅਰ ਸਿਵਲ ਅਫਸਰ ਚਾਹ ਪੀਂਦਿਆਂ ਚਰਚਾ ਕਰਦੇ ਪਏ ਸਨ ਕਿ ਮਨਮੋਹਨ ਸਿੰਘ ਦੇ ਰਾਜ ਵਿੱਚ ਬੜਾ ਕੁਝ ਗਲਤ ਹੁੰਦਾ ਹੈ। ਸਾਰੀ ਗੱਲ ਉਹ ਦੋਵੇਂ ਇੱਕੋ ਸੁਰ ਵਿੱਚ ਕਹਿੰਦੇ ਸਨ ਤੇ ਠੀਕ ਹੀ ਕਹਿੰਦੇ ਸਨ, ਇਸ ਵਿੱਚ ਮੋੜ ਓਦੋਂ ਆ ਗਿਆ, ਜਦੋਂ ਉਨ੍ਹਾਂ ਵਿੱਚੋਂ ਇੱਕ ਜਣੇ ਨੇ ਇਹ ਕਿਹਾ ਕਿ ਮਨਮੋਹਨ ਸਿੰਘ ਦਾ ਕੀ ਕਸੂਰ ਹੈ, ਸਰਕਾਰ ਤਾਂ ਸੋਨੀਆ ਗਾਂਧੀ ਦੇ ਘਰੋਂ ਚੱਲਦੀ ਪਈ ਹੈ, ਮਨਮੋਹਨ ਸਿੰਘ ਸਿਰਫ ਦਸਖਤ ਕਰਦਾ ਹੈ। ਪਹਿਲੇ ਨੇ ਪੁੱਛ ਲਿਆ ਕਿ ਫਿਰ ਏਦਾਂ ਪ੍ਰਧਾਨ ਮੰਤਰੀ ਬਣੇ ਰਹਿਣ ਦਾ ਫਾਇਦਾ ਕੀ ਹੈ ਅਤੇ ਦੂਸਰੇ ਨੇ ਝੱਟ ਆਖਿਆ ਕਿ ਬਹੁਤ ਫਾਇਦਾ ਹੈ, ਇਸ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਇਹ ਦੇਸ਼ ਪ੍ਰਧਾਨ ਮੰਤਰੀ ਦੇ ਬਗੈਰ ਵੀ ਚੱਲ ਸਕਦਾ ਜਾਂ ਚਲਾਇਆ ਜਾ ਸਕਦਾ ਹੈ। ਪਿਛਲੇ ਹਫਤੇ ਇਹ ਹੀ ਗੱਲ ਸਾਨੂੰ ਉਸ ਵੇਲੇ ਯਾਦ ਆਈ, ਜਦੋਂ ਪੱਤਰਕਾਰਾਂ ਦੇ ਇੱਕ ਗਰੁੱਪ ਵਿੱਚ ਬੈਠਿਆਂ ਇੱਕ ਸੱਜਣ ਨੇ ਕਿਹਾ ਕਿ ਕੁਝ ਕਰਨਾ ਨਹੀਂ ਤਾਂ ਏਦਾਂ ਦੇ ਚੋਣ ਕਮਿਸ਼ਨ ਹੋਣ ਦਾ ਫਾਇਦਾ ਕੀ ਹੈ! ਮੈਂ ਜਵਾਬ ਵਿੱਚ ਓਦੋਂ ਵਾਲੀ ਗੱਲ ਕਹਿ ਦਿੱਤੀ ਕਿ ਇਸ ਦਾ ਬੜਾ ਵੱਡਾ ਫਾਇਦਾ ਹੈ, ਇਸ ਸਾਲ ਦੀਆਂ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਵਿੱਚ ਕਿੰਨੇ ਸਾਰੇ ਬੇਲੋੜੇ ਕਾਨੂੰਨਾਂ ਅਤੇ ਬੋਲੋੜੇ ਅਹੁਦਿਆਂ ਵਾਂਗ ਇੱਕ ਬੇਲੋੜੀ ਚੀਜ਼ ਚੋਣ ਕਮਿਸ਼ਨ ਵੀ ਹੈ, ਇਹ ਨਾ ਵੀ ਹੋਵੇ ਤਾਂ ਭਾਰਤ ਦਾ ਲੋਕਤੰਤਰ, ਜਿੰਨਾ ਕੁ ਮਾੜਾ-ਮੋਟਿਆ ਬਚਿਆ ਨਜ਼ਰ ਆਉਂਦਾ ਹੈ, ਚੱਲਦਾ ਰਹਿ ਸਕਦਾ ਹੈ। ਉਂਜ ਇਹ ਲੋਕਤੰਤਰ ਚੱਲਦਾ ਕਿੱਥੇ ਹੈ, ਚੱਲਣ ਦਾ ਐਵੇਂ ਭਰਮ ਜਿਹਾ ਹੀ ਪਾਉਂਦਾ ਹੈ, ਚੋਣ ਕਮਿਸ਼ਨ ਨਾ ਵੀ ਹੋਵੇ ਤਾਂ ਕਿਹੜਾ ਲੋਕਤੰਤਰ ਉੱਤੇ ਪਹਾੜ ਡਿੱਗ ਪਵੇਗਾ!
ਮਿਰਜ਼ਾ ਗਾਲਿਬ ਨੇ ਲਿਖਿਆ ਸੀ ਕਿ ‘ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ, ਦਿਲ ਕੇ ਖੁਸ਼ ਰਖਨੇ ਕੋ ਗਾਲਿਬ ਯੇ ਖਿਆਲ ਅੱਛਾ ਹੈ’। ਦਿਲ ਨੂੰ ਧਰਵਾਸ ਦੇਣ ਜੋਗਾ ਲੋਕਤੰਤਰ ਸਾਡੇ ਕੋਲ ਹੈ ਤਾਂ ਖਿਆਲ ਬੁਰਾ ਨਹੀਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ