ਨਵੀਂ ਦਿੱਲੀ, 23 ਅਪ੍ਰੈਲ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਰਾਜੌਰੀ 'ਚ ਸੋਮਵਾਰ ਦੇਰ ਰਾਤ ਅੱਤਵਾਦੀਆਂ ਨੇ ਇਕ ਸਥਾਨਕ ਵਿਅਕਤੀ ਜੋ ਕਿ ਸਰਾਰੀ ਮੁਲਾਜ਼ਮ ਸੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦਾ ਨਾਮ ਮੁਹੰਮਦ ਰਜ਼ਾਕ (40) ਹੈ ਅਤੇ ਉਹ ਕੁੰਡਾ ਟੋਪੇ ਸ਼ਾਹਦਰਾ ਸ਼ਰੀਫ ਦਾ ਰਹਿਣ ਵਾਲਾ ਸੀ। ਪਿਛਲੇ ਇੱਕ ਮਹੀਨੇ ਵਿੱਚ ਜੰਮੂ-ਕਸ਼ਮੀਰ ਵਿੱਚ ਇਹ ਤੀਜੀ ਘਟਨਾ ਹੈ। ਅੱਤਵਾਦੀਆਂ ਨੇ ਮੁਹੰਮਦ ਰਜ਼ਾਕ ਦੇ ਘਰ 'ਤੇ ਗੋਲੀਬਾਰੀ ਕੀਤੀ ਸੀ। ਇਸ ਦੌਰਾਨ ਰਜ਼ਾਕ ਗੋਲੀ ਲੱਗਣ ਨਾਲ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਅਤੇ ਫ਼ੌਜ ਦੀ ਸਾਂਝੀ ਟੀਮ ਨੇ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਰਜ਼ਾਕ ਸਮਾਜ ਭਲਾਈ ਵਿਭਾਗ ਵਿੱਚ ਕੰਮ ਕਰਦਾ ਸੀ। ਉਸਦਾ ਭਰਾ ਫੌਜ ਵਿੱਚ ਸਿਪਾਹੀ ਹੈ। 19 ਸਾਲ ਪਹਿਲਾਂ ਇਸੇ ਪਿੰਡ 'ਚ ਅੱਤਵਾਦੀਆਂ ਨੇ ਰਜ਼ਾਕ ਦੇ ਪਿਤਾ ਮੁਹੰਮਦ ਅਕਬਰ ਦੀ ਹੱਤਿਆ ਕਰ ਦਿੱਤੀ ਸੀ। ਅਕਬਰ ਨੇ ਸਮਾਜ ਭਲਾਈ ਵਿਭਾਗ ਵਿਚ ਕੰਮ ਕੀਤਾ ਅਤੇ ਰਜ਼ਾਕ ਨੂੰ ਉਸੇ ਵਿਭਾਗ ਵਿਚ ਆਪਣੇ ਪਿਤਾ ਦੀ ਜਗ੍ਹਾ ਨੌਕਰੀ ਮਿਲੀ ਸੀ।