ਜਬਲਪੁਰ, 7 ਅਪ੍ਰੈਲ (ਪੋਸਟ ਬਿਊਰੋ) : ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਪੀਐਮ ਮੋਦੀ ਦੇ ਰੋਡ ਸ਼ੋਅ ਦੌਰਾਨ ਸਟੇਜ ਡਿੱਗਣ ਕਾਰਨ 10 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਵਿੱਚ ਪੱਤਰਕਾਰ, ਔਰਤਾਂ ਅਤੇ ਬੱਚੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਨੇੜੇ ਹਨ, ਇਸ ਲਈ ਸਾਰੀਆਂ ਪਾਰਟੀਆਂ ਨੇ ਕਮਰ ਕਸ ਲਈ ਹੈ ਅਤੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਪੀਐਮ ਮੋਦੀ ਨੇ ਐਤਵਾਰ ਨੂੰ ਜਬਲਪੁਰ ਵਿੱਚ ਰੋਡ ਸ਼ੋਅ ਕੀਤਾ। ਇਸ ਰੋਡ ਸ਼ੋਅ ਨੂੰ ਦੇਖਣ ਲਈ ਭਾਰੀ ਭੀੜ ਇਕੱਠੀ ਹੋ ਗਈ। ਸਟੇਜ ਡਿੱਗਣ ਕਾਰਨ ਹਾਲਾਂਕਿ ਕਿਸੇ ਨੂੰ ਵੀ ਗੰਭੀਰ ਸੱਟ ਦੀ ਸੂਚਨਾ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਪੀਐੱਮ ਦੀ ਝਲਕ ਪਾਉਣ ਲਈ ਜ਼ਿਆਦਾ ਲੋਕ ਸਟੇਜ 'ਤੇ ਚੜ੍ਹ ਗਏ ਸਨ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਪੁਲਿਸ ਦੇ ਸਮਝਾਉਣ ਦੇ ਬਾਵਜੂਦ ਲੋਕ ਨਹੀਂ ਮੰਨ ਰਹੇ ਸਨ।