ਨਵੀਂ ਦਿੱਲੀ, 1 ਮਾਰਚ (ਪੋਸਟ ਬਿਊਰੋ): ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ। ਇਸ ਦੌਰਾਨ ਦੋਨਾਂ ਵਿਚਾਲੇ ਕਈ ਗਲੋਬਲ ਮੁੱਦਿਆਂ ਅਤੇ ਬਦਲਾਅ ਦੀ ਲੋੜ 'ਤੇ ਚਰਚਾ ਹੋਈ। ਬਿਲ ਗੇਟਸ ਭਾਰਤ ਦੇ ਦੌਰੇ 'ਤੇ ਹਨ ਅਤੇ ਇਹ ਮੁਲਾਕਾਤ ਦਿੱਲੀ 'ਚ ਹੋਈ।
ਇਸ ਮੁਲਾਕਾਤ ਤੋਂ ਬਾਅਦ ਬਿਲ ਗੇਟਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ 'ਤੇ ਲਿਖਿਆ, 'ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਹਮੇਸ਼ਾ ਪ੍ਰੇਰਨਾਦਾਇਕ ਹੁੰਦੀ ਹੈ। ਉਨ੍ਹਾਂ ਨਾਲ ਚਰਚਾ ਕਰਨ ਲਈ ਬਹੁਤ ਕੁਝ ਸੀ। ਅਸੀਂ ਆਰਟੀਫੀਸ਼ੀਅਲ ਇੰਟੈਲੀਜੈਂਸ, ਔਰਤਾਂ ਦੀ ਅਗਵਾਈ ਵਾਲੇ ਵਿਕਾਸ, (ਆਮਦਨ), ਖੇਤੀਬਾੜੀ, ਸਿਹਤ ਅਤੇ ਜਲਵਾਯੂ ਅਨੁਕੂਲਨ ਅਤੇ 'ਦੁਨੀਆਂ ਭਾਰਤ ਤੋਂ ਕੀ ਸਿਖ ਸਕਦੀ ਹੈ' ਵਿੱਚ ਨਵੀਨਤਾਵਾਂ 'ਤੇ ਚਰਚਾ ਕੀਤੀ।
ਉਥੇ ਹੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੁਲਾਕਾਤ ਨੂੰ 'ਸ਼ਾਨਦਾਰ' ਦੱਸਿਆ ਹੈ। ਉਨ੍ਹਾਂ ਨੇ ਆਪਣੀ ਐਕਸ ਪੋਸਟ ਵਿੱਚ ਲਿਖਿਆ, 'ਸਾਡੀ ਧਰਤੀ ਦੇ ਹਿੱਤ ਵਿੱਚ ਅਤੇ ਦੁਨੀਆਂ ਭਰ ਦੇ ਲੱਖਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਖੇਤਰਾਂ ਬਾਰੇ ਚਰਚਾ ਕਰਨਾ ਹਮੇਸ਼ਾ ਖੁਸ਼ੀ ਦੀ ਗੱਲ ਹੈ।'
ਇਸ ਤੋਂ ਪਹਿਲਾਂ ਬਿਲ ਗੇਟਸ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ ਸੀ। ਮੁਲਾਕਾਤ ਤੋਂ ਬਾਅਦ ਬਿਲ ਗੇਟਸ ਨੇ ਐਕਸ 'ਤੇ ਲਿਖਿਆ, 'ਮੈਨੂੰ ਭਾਰਤ ਦੀ ਜੀ-20 ਪ੍ਰੈਜ਼ੀਡੈਂਸੀ ਅਤੇ ਮਹਿਲਾ ਆਰਥਿਕ ਸਸ਼ਕਤੀਕਰਨ ਬਾਰੇ ਗੱਲ ਕਰਨ ਦਾ ਮਜ਼ਾ ਆਇਆ। ਉਨ੍ਹਾਂ ਕਿਹਾ ਕਿ ਭਾਰਤ ਗਿਆਨ ਅਤੇ ਤਕਨਾਲੋਜੀ ਦੇ ਤਬਾਦਲੇ ਰਾਹੀਂ ਅੰਤਰ-ਰਾਸ਼ਟਰੀ ਸਹਿਯੋਗ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।