ਗੁਰਦਾਸਪੁਰ, 3 ਅਕਤੂਬਰ (ਪੋਸਟ ਬਿਊਰੋ): ਗੁਰਦਾਸਪੁਰ ਦੇ ਨੇੜਲੇ ਪਿੰਡ ਅਠਵਾਲ (ਭੁੱਲਰ) ਵਿਖੇ ਦੇਰ ਰਾਤ ਸੜਕ 'ਤੇ ਪੈਦਲ ਜਾ ਰਹੇ ਤਿੰਨ ਦੋਸਤਾਂ ਨੂੰ ਕਿਸੇ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਜਦਕਿ ਦੋ ਦੋਸਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਜ਼ਖਮੀਆਂ ਦਾ ਦੋ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੋਣਹਾਰ ਨੌਜਵਾਨ ਮੁਮਤਾਜ਼ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤਾਂ ਅਮਨ ਮਸੀਹ ਅਤੇ ਦੀਪਕ ਮਸੀਹ ਨਾਲ ਬੀਤੀ ਰਾਤ 9:30 ਵਜੇ ਦੇਹਰ ਫੱਤੂਪੁਰ ਨੂੰ ਜਾਂਦੀ ਸੜਕ 'ਤੇ ਸੈਰ ਕਰ ਰਿਹਾ ਸੀ।
ਉਦੋਂ ਕਲਾਨੌਰ ਵੱਲੋਂ ਆ ਰਹੀ ਇੱਕ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਮੁਮਤਾਜ਼ ਮਸੀਹ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦੇ ਦੋਸਤ ਅਮਨ ਅਤੇ ਦੀਪਕ ਵੀ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੀ ਪੁਲਿਸ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਜਾਂਚ ਕਰਨ ਵਿਚ ਲੱਗੀ ਹੈ।