ਫ਼ਿਰੋਜ਼ਪੁਰ, 26 ਸਤੰਬਰ (ਗਿਆਨ ਸਿੰਘ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ
ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਦੇ ਪੱਧਰ ਨੂੰ ਵਿਸ਼ਵ ਪੱਧਰ ਦਾ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵਿਧਾਨ ਸਭਾ ਹਲਕੇ ਦੇ 100 ਦੇ ਕਰੀਬ ਸਰਕਾਰੀ ਸਕੂਲਾਂ ਦੀ ਨਵੀਂ ਚਾਰਦੀਵਾਰੀ, ਚਾਰਦੀਵਾਰੀ ਦੀ ਰਿਪੇਅਰ ਅਤੇ ਜਮਾਤਾਂ ਦੇ ਨਵੇਂ ਕਮਰਿਆਂ ਲਈ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਸਕੂਲਾਂ ਦੇ ਮੁਖੀਆਂ ਨੂੰ 4 ਕਰੋੜ 37 ਹਜ਼ਾਰ ਰੁਪਏ ਦੀ ਗ੍ਰਾਂਟ ਦੀ ਵੰਡ ਕਰਨ ਮੌਕੇ ਕੀਤਾ।
ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ 49 ਸਰਕਾਰੀ ਸਕੂਲਾਂ ਦੀ ਨਵੀਂ ਚਾਰਦੀਵਾਰੀ ਲਈ 288.45 ਲੱਖ ਰੁਪਏ, 52 ਸਰਕਾਰੀ ਸਕੂਲਾਂ ਦੀ ਚਾਰਦੀਵਾਰੀ ਦੀ ਰਿਪੇਅਰ ਲਈ 81.88 ਲੱਖ ਰੁਪਏ ਅਤੇ 4 ਸਕੂਲਾਂ ਦੇ ਵਿਚ ਨਵੇਂ ਕਮਰਿਆਂ ਲਈ 30.04 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਹਲਕੇ ਵਿੱਚ ਸਰਵਪੱਖੀ ਵਿਕਾਸ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਸਿੱਖਿਆ ਖੇਤਰ ਵਿੱਚ ਪੰਜਾਬ ਨੂੰ ਦੇਸ਼ ਹੀ ਨਹੀਂ ਸਗੋਂ ਵਿਸ਼ਵ ਦਾ ਮੋਹਰੀ ਸੂਬਾ ਬਣੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ
ਕਾਰਜਕਾਲ ਦੌਰਾਨ ਰਾਜ ਦੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਦਾ ਮਿਆਰ ਬਹੁਤ ਉੱਚਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਦੂਰ ਕਰਨ ਲਈ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਲਗਾਤਾਰ ਸੁਧਾਰ ਕੀਤਾ ਜਾ ਰਿਹਾ ਹੈ। ਸਰਕਾਰ ਵੱਲੋਂ ਹਰ ਵਰਗ ਦੇ ਵਿਦਿਆਰਥੀਆਂ ਨੂੰ ਸਮੇਂ ਸਿਰ ਕਿਤਾਬਾਂ ਅਤੇ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ ਖੇਤਰ ਵਿੱਚ ਨਵੇਂ ਮੀਲ ਪੱਧਰ ਸਥਾਪਿਤ ਕਰਦਿਆਂ ਸਾਰੇ ਜ਼ਿਲ੍ਹਿਆਂ ਵਿੱਚ ਸਕੂਲ ਆਫ਼ ਐਮੀਨੈਂਸ ਬਣਾਏ ਜਾ ਰਹੇ ਹਨ ਜਿਸ ਤਹਿਤ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ
ਭਗਵੰਤ ਸਿੰਘ ਮਾਨ ਵੱਲੋਂ ਇਸੇ ਮਹੀਨੇ ਅੰਮ੍ਰਿਤਸਰ ਵਿਖੇ ਪਹਿਲੇ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਨੇ ਵਿਭਾਗ ਵੱਲੋਂ ਵਿਧਾਇਕ ਰਣਬੀਰ ਸਿੰਘ ਭੁੱਲਰ ਦਾ ਸਵਾਗਤ ਕੀਤਾ ਅਤੇ ਪੰਜਾਬ ਸਰਕਾਰ ਦਾ ਜ਼ਿਲ੍ਹੇ ਦੇ ਸਕੂਲਾਂ ਦੀਆਂ ਚਾਰਦੀਵਾਰੀਆਂ ਅਤੇ ਕਮਰਿਆਂ ਦੇ ਨਿਰਮਾਣ ਵਾਸਤੇ ਗ੍ਰਾਂਟ ਦੇਣ ਲਈ ਧੰਨਵਾਦ ਕੀਤਾ। ਇਸ ਪਿੱਛੋਂ ਵਿਧਾਇਕ ਭੁੱਲਰ ਵੱਲੋਂ ਵਿਦਿਆਰਥੀਆਂ ਤੇ ਸਟਾਫ਼ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਕਈਆਂ ਦਾ ਮੌਕੇ ‘ਤੇ ਹੀ ਹੱਲ ਕੀਤਾ ਗਿਆ। ਉਨ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦਾ ਵੀ ਦੌਰਾ ਕੀਤਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਬਲਰਾਜ ਕਟੋਰਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱ.) ਸ੍ਰੀ ਸਤੀਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਬਰਾੜ, ਉਪ ਜਿ਼ਲ੍ਹਾ ਸਿੱਖਿਆ ਕੋਮਲ ਅਰੋੜਾ, ਬੀ.ਪੀ.ਈ.ਓ. ਰਣਜੀਤ ਸਿੰਘ, ਬੀ.ਪੀ.ਈ.ਓ. ਇੰਦਰਜੀਤ ਸਿੰਘ, ਬੀ.ਪੀ.ਈ.ਓ. ਰਾਜਨ ਨਰੂਲਾ, ਮਾਸਟਰ ਹਰੀਸ਼ ਕੁਮਾਰ ਬਾਂਸਲ, ਪ੍ਰਿੰਸੀਪਲ ਰਾਜੇਸ਼ ਮਹਿਤਾ, ਪ੍ਰਿੰਸੀਪਲ ਸਤਿੰਦਰਜੀਤ ਕੌਰ, ਪ੍ਰਿੰਸੀਪਲ ਨੀਲਮ ਧਵਨ, ਏ.ਪੀ.ਸੀ. ਜਨਰਲ ਸਰਬਜੀਤ ਸਿੰਘ, ਸਮਾਰਟ ਸਕੂਲ ਕੋਆਰਡੀਨੇਟਰ ਤਲਵਿੰਦਰ ਸਿੰਘ, ਜਸਵੰਤ ਸਿੰਘ, ਈਸ਼ਵਰ ਸ਼ਰਮਾ, ਸੁਰਿੰਦਰ ਸਿੰਘ, ਕੁਲਵੰਤ ਸਿੰਘ ਤੋਂ ਇਲਾਵਾ ਰਾਜ ਬਹਾਦਰ ਸਿੰਘ, ਹਿਮਾਂਸ਼ੂ ਠੱਕਰ, ਗੁਰਭੇਜ ਸਿੰਘ, ਅਮਰਿੰਦਰ ਸਿੰਘ, ਦਿਲਬਾਗ ਔਲਖ ਅਤੇ ਦਲੇਰ ਭੁੱਲਰ ਹਾਜ਼ਰ ਸਨ।