ਗੁਰਦਾਸਪੁਰ, 26 ਸਤੰਬਰ (ਪੋਸਟ ਬਿਊਰੋ): ਗੁਰਦਾਸਪੁਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਵਿਅਕਤੀ ਇੱਕ ਔਰਤ ਨੂੰ ਵਾਲਾਂ ਤੋਂ ਖਿੱਚ ਕੇ ਗਲੀ ਵਿੱਚ ਲੈ ਕੇ ਜਾ ਰਿਹਾ ਹੈ ਅਤੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ ਨਜ਼ਰ ਆ ਰਿਹਾ ਹੈ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਪਿੰਡ ਛੋੜੀਆਂ ਦੀ ਹੈ ਅਤੇ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲਾ ਵਿਅਕਤੀ ਉਸਦਾ ਪਤੀ ਹੈ।
ਪਤੀ ਦੇ ਅੱਤਿਆਚਾਰ ਦਾ ਸਿ਼ਕਾਰ ਹੋਈ ਔਰਤ ਸਿਵਲ ਹਸਪਤਾਲ ਧਾਰੀਵਾਲ ਵਿੱਚ ਜ਼ੇਰੇ ਇਲਾਜ ਹੈ। ਉਸ ਦੀ ਮਾਂ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਪਤੀ ਅਕਸਰ ਉਸ ਦੀ ਕੁੱਟਮਾਰ ਕਰਦਾ ਹੈ ਅਤੇ ਉਸ ਦੇ ਸਹੁਰੇ ਦਾਜ ਦੀ ਮੰਗ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸਿ਼ਕਾਇਤ ਥਾਣਾ ਭੈਣੀ ਮੀਆਂ ਖਾਂ ਵਿਖੇ ਦਰਜ ਕਰਵਾਈ ਗਈ ਹੈ।
ਪੀੜਤ ਔਰਤ ਮੀਨੂੰ ਅਤੇ ਉਸ ਦੀ ਮਾਂ ਰੀਟਾ ਨੇ ਦੱਸਿਆ ਕਿ ਉਪਰੋਕਤ ਵੀਡੀਓ ਕੱਲ੍ਹ ਬਣਾਇਆ ਗਿਆ ਸੀ। ਜਿਸ ਵਿਚ ਉਸਦਾ ਪਤੀ ਉਸਨੂੰ ਵਾਲਾਂ ਤੋਂ ਖਿੱਚ ਕੇ ਘਰ ਲੈ ਗਿਆ। ਸੂਚਨਾ ਮਿਲਣ 'ਤੇ ਉਸ ਦੇ ਨਾਨਕੇ ਪਿੰਡ ਦੇ ਪੰਚਾਇਤ ਮੈਂਬਰ, ਮਾਤਾ, ਭਰਾ ਅਤੇ ਉਸ ਨੂੰ ਉਥੋਂ ਚੁੱਕ ਕੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਧਾਰੀਵਾਲ ਵਿਖੇ ਦਾਖਲ ਕਰਵਾਇਆ। ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਸਹੁਰੇ ਅਕਸਰ ਦਾਜ ਦੀ ਮੰਗ ਕਰਦੇ ਹਨ ਅਤੇ ਉਸ ਦੀ ਕੁੱਟਮਾਰ ਕਰਦੇ ਹਨ।
ਮੌਕੇ 'ਤੇ ਸਿਵਲ ਹਸਪਤਾਲ ਪੁੱਜੇ ਭੈਣੀ ਮੀਆਂ ਖਾਂ ਥਾਣੇ ਦੇ ਜਾਂਚ ਅਧਿਕਾਰੀ ਸਬ ਇੰਸਪੈਕਟਰ ਮੋਹਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਤ ਮੀਨੂੰ ਦੀ ਸਿ਼ਕਾਇਤ ਮਿਲੀ ਹੈ। ਡਾਕਟਰਾਂ ਤੋਂ ਐੱਮ.ਐੱਲ.ਆਰ. ਵੀ ਕੱਟ ਦਿੱਤੀ ਗਈ ਹੈ। ਪਰ ਪੀੜਤ ਔਰਤ ਨੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ। ਸਿ਼ਕਾਇਤ ਦਰਜ ਹੋਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।