ਓਟਵਾ, 25 ਸਤੰਬਰ (ਪੋਸਟ ਬਿਊਰੋ) : ਕੈਨੇਡਾ ਵੱਲੋਂ 18 ਸਾਲ ਤੇ ਇਸ ਤੋਂ ਉੱਪਰ ਦੇ ਸਿਹਤਮੰਦ ਬਾਲਗਾਂ ਨੂੰ ਈਬੋਲਾ ਦੀ ਰੋਕਥਾਮ ਲਈ ਵੈਕਸੀਨ ਦੇਣ ਦੀ ਮਨਜੂ਼ਰੀ ਦਿੱਤੀ ਗਈ ਹੈ। ਇਹ ਵੈਕਸੀਨ ਉਨ੍ਹਾਂ ਮਹਿਲਾਵਾਂ ਨੂੰ ਵੀ ਦਿੱਤੀ ਜਾ ਸਕੇਗੀ ਜਿਹੜੀਆਂ ਗਰਭਵਤੀ ਨਹੀਂ ਹਨ।
ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਈਬੋਲਾ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਸ਼ਖਸ ਨੂੰ ਸਿੰਗਲ ਡੋਜ਼ ਵਾਲੀ ਅਰਵੀਬੋ ਵੈਕਸੀਨ ਦਿੱਤੀ ਜਾ ਸਕੇਗੀ। ਏਜੰਸੀ ਦਾ ਕਹਿਣਾ ਹੈ ਕਿ ਇਹ ਸੌ਼ਟ ਰੁਟੀਨ ਇਮਿਊਨਾਈਜ਼ੇਸ਼ਨ ਲਈ ਨਹੀਂ ਬਣਿਆ ਨਾ ਹੀ ਟਰੈਵਲ ਤੋਂ ਪਹਿਲਾਂ ਕਰਵਾਏ ਜਾਣ ਵਾਲੇ ਟੀਕਾਕਰਣ ਲਈ ਹੀ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਏਜੰਸੀ ਨੇ ਇਹ ਵੀ ਆਖਿਆ ਕਿ ਲੈਬ ਜਾਂ ਹੈਲਥ ਕੇਅਰ ਸੈਟਿੰਗ ਵਿੱਚ ਈਬੋਲਾ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੀਆਂ ਗਰਭਵਤੀ ਔਰਤਾਂ ਜਾਂ ਇਮਿਊਨੋਕੰਪਰੋਮਾਈਜ਼ਡ ਲੋਕਾਂ, ਬੱਚਿਆਂ ਜਾਂ ਬਹੁਤ ਨਿੱਕੇ ਬੱਚਿਆਂ ਨੂੰ ਇਹ ਟੀਕਾ ਲਾਉਣ ਬਾਰੇ ਫਿਰ ਵੀ ਸੋਚਿਆ ਜਾ ਸਕਦਾ ਹੈ। ਪੀਐਚਏਸੀ ਨੇ ਆਖਿਆ ਕਿ ਇਹ ਵੈਕਸੀਨ ਉਹੋ ਜਿਹੇ ਹਾਲਾਤ ਵਿੱਚ ਵੀ ਵਰਤੀ ਜਾ ਸਕਦੀ ਹੈ ਜਦੋਂ ਹੈਲਥ ਕੇਅਰ ਵਰਕਰਜ਼ ਸਿੱਧੇ ਤੌਰ ਉੱਤੇ ਅਜਿਹੇ ਲੋਕਾਂ ਦੀ ਸਾਂਭ ਸੰਭਾਲ ਕਰ ਰਹੇ ਹੋਣ ਜਿਨ੍ਹਾਂ ਨੂੰ ਦਸਤ, ਉਲਟੀਆਂ ਲੱਗੀਆਂ ਹੋਣ, ਬੁਖਾਰ ਹੋਵੇ ਤੇ ਅੰਦਰੂਨੀ ਖੂਨੀ ਰਿਸਾਵ ਹੋ ਰਿਹਾ ਹੋਵੇ।
ਈਬੋਲਾ ਸੰਕ੍ਰਮਣ ਨਾਲ ਫੈਲਣ ਵਾਲੀ ਬਿਮਾਰੀ ਹੈ ਜਿਸ ਦੇ ਫਲੂ ਵਰਗੇ ਲੱਛਣ ਹੁੰਦੇ ਹਨ ਤੇ ਇਹ ਬਾਡੀ ਫਲੂਅਡਜ਼ ਜਿਵੇਂ ਕਿ ਖੂਨ ਤੇ ਸਲਾਇਵਾ ਆਦਿ ਨਾਲ ਇੱਕ ਵਿਅਕਤੀ ਤੋਂ ਦੂਜੇ ਤੱਕ ਫੈਲਦੀ ਹੈ। 1970ਵਿਆਂ ਤੋਂ ਹੀ ਇਸ ਨੇ ਕਈ ਅਫਰੀਕੀ ਮੁਲਕਾਂ ਦੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ।ਮਰੀਜ਼ ਨੂੰ ਹਾਈਡ੍ਰੇਟ ਰੱਖਣ ਲਈ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ ਪਰ ਇਸ ਦਾ ਕੋਈ ਪੱਕਾ ਇਲਾਜ ਨਹੀਂ ਹੈ।