ਓਟਵਾ, 24 ਸਤੰਬਰ (ਪੋਸਟ ਬਿਊਰੋ) : ਦੂਜੀ ਵਿਸ਼ਵ ਜੰਗ ਦੌਰਾਨ ਨਾਜ਼ੀ ਯੂਨਿਟ ਲਈ ਲੜਨ ਵਾਲੇ ਵਿਅਕਤੀ ਦਾ ਐਤਵਾਰ ਨੂੰ ਪਾਰਲੀਆਮੈਂਟ ਦੇ ਮੈਂਬਰਾਂ ਵੱਲੋਂ ਸਨਮਾਨ ਕੀਤੇ ਜਾਣ ਉੱਤੇ ਕਈ ਯਹੂਦੀ ਐਡਵੋਕੇਸੀ ਆਰਗੇਨਾਈਜ਼ੇਸ਼ਨਜ਼ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਹੈ।
ਸ਼ੁੱਕਰਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੈ਼ਲੈਂਸਕੀ ਦੇ ਓਟਵਾ ਦੌਰੇ ਦੌਰਾਨ ਐਮਪੀਜ਼ ਵੱਲੋਂ 98 ਸਾਲਾ ਯਾਰੋਸਲੈਵ ਹੁਨਕਾ, ਜਿਸ ਨੇ ਪਹਿਲੀ ਯੂਕਰੇਨੀਅਨ ਡਵੀਜ਼ਨ ਲਈ ਲੜਾਈ ਕੀਤੀ ਸੀ, ਦਾ ਸਨਮਾਨ ਕੀਤਾ ਗਿਆ। ਹੁਨਕਾ ਨੂੰ ਸਪੀਕਰ ਐਂਥਨੀ ਰੋਟਾ ਵੱਲੋਂ ਪਾਰਲੀਆਮੈਂਟ ਆਉਣ ਦਾ ਸੱਦਾ ਦਿੱਤਾ ਗਿਆ ਸੀ ਤੇ ਹਾਊਸ ਆਫ ਕਾਮਨਜ਼ ਵਿੱਚ ਉਸ ਦੀ ਜਾਣ-ਪਛਾਣ ਵੀ ਸਪੀਕਰ ਨੇ ਹੀ ਕਰਵਾਈ। ਉਨ੍ਹਾਂ ਆਖਿਆ ਕਿ ਹੁਨਕਾ ਨੌਰਥ ਬੇਅ ਤੇ ਉਨ੍ਹਾਂ ਦੇ ਹਲਕੇ ਨਿਪਿਸਿੰਗ-ਟਿਮਿਸਕੇਮਿੰਗ ਨਾਲ ਸਬੰਧਤ ਹਨ ਤੇ ਇਸ ਉੱਤੇ ਉਨ੍ਹਾਂ ਨੂੰ ਮਾਣ ਹੈ। ਉਹ ਯੂਕਰੇਨੀਅਨ ਤੇ ਕੈਨੇਡੀਅਨ ਹੀਰੋ ਹਨ ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।
ਇਸ ਉੱਤੇ ਐਮਪੀਜ਼ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਈਆਂ ਤੇ ਜ਼ੈਲੈਂਸਕੀ ਨੇ ਆਪਣੀ ਬੰਦ ਮੁੱਠੀ ਹਵਾ ਵਿੱਚ ਲਹਿਰਾਈ। ਹੁਨਕਾ ਨੇ ਗੈਲਰੀ ਤੋਂ ਖੜ੍ਹੇ ਹੋ ਕੇ ਸੱਭ ਦਾ ਧੰਨਵਾਦ ਕੀਤਾ। ਜਿ਼ਕਰਯੋਗ ਹੈ ਕਿ ਪਹਿਲੀ ਯੂਕਰੇਨੀਅਨ ਡਵੀਜ਼ਨ ਨੂੰ ਵਾਫਨ-ਐਸਐਸ ਗੈਲੀਸ਼ੀਆ ਡਵੀਜ਼ਨ ਜਾਂ ਐਸਐਸ 14ਵੀਂ ਵਾਫਨ ਡਵੀਜ਼ਨ ਵਜੋਂ ਵੀ ਜਾਣਿਆ ਜਾਂਦਾ ਹੈ, ਅਤੇ ਇਹ ਯੂਨਿਟ ਸਿੱਧਾ ਨਾਜ਼ੀਆਂ ਦੀ ਕਮਾਂੜ ਹੇਠ ਸੀ।
ਇਸ ਉੱਤੇ ਫਰੈਂਡਜ਼ ਆਫ ਸਾਇਮਨ ਵੀਸੈਂਕਲ ਸੈਂਟਰ ਫੌਰ ਹੌਲੋਕਾਸਟ ਸਟੱਡੀਜ਼ ਵੱਲੋਂ ਐਤਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ ਕਿ ਇਹ ਯੂਨਿਟ ਵੱਡੀ ਪੱਧਰ ਉੱਤੇ ਬੇਕਸੂਰ ਨਾਗਰਿਕਾਂ ਦਾ ਕਤਲ ਕਰਨ ਲਈ ਜਿ਼ੰਮੇਵਾਰ ਸੀ। ਇਸ ਲਈ ਹੌਲੋਕਾਸਟ ਦੌਰਾਨ ਜਿਊਂਦੇ ਬਚੇ ਤੇ ਦੂਜੀ ਵਿਸ਼ਵ ਜੰਗ ਦੇ ਸੈਨਿਕਾਂ, ਜਿਨ੍ਹਾਂ ਨੇ ਨਾਜ਼ੀਆਂ ਨਾਲ ਲੜਾਈ ਕੀਤੀ, ਤੋਂ ਮੁਆਫੀ ਮੰਗੀ ਜਾਣੀ ਚਾਹੀਦੀ ਹੈ ਤੇ ਇਸ ਦਾ ਸਪਸ਼ਟੀਕਰਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਸ਼ਖਸ ਕੈਨੇਡੀਅਨ ਪਾਰਲੀਆਮੈਂਟ ਵਿੱਚ ਕਿਵੇਂ ਦਾਖਲ ਹੋਇਆ ਤੇ ਇਸ ਦਾ ਸਨਮਾਨ ਕਿਸ ਤਰ੍ਹਾਂ ਕੀਤਾ ਗਿਆ। ਇਸ ਉੱਤੇ ਐਤਵਾਰ ਨੂੰ ਰੋਟਾ ਨੇ ਇੱਕ ਬਿਆਨ ਜਾਰੀ ਕਰਕੇ ਕੈਨੇਡਾ ਤੇ ਦੁਨੀਆ ਭਰ ਵਿੱਚ ਰਹਿੰਦੇ ਸਾਰੇ ਯਹੂਦੀਆਂ ਤੋਂ ਮੁਆਫੀ ਮੰਗੀ।