ਓਟਵਾ, 24 ਸਤੰਬਰ (ਪੋਸਟ ਬਿਊਰੋ) : ਕੈਨੇਡੀਅਨ ਸਿੱਖ ਭਾਈਚਾਰੇ ਨਾਲ ਸਬੰਧਤ ਦੋ ਗਰੁੱਪਜ਼ ਵੱਲੋਂ ਕੈਨੇਡਾ ਦੀਆਂ ਸਿਆਸੀ ਪਾਰਟੀਆਂ ਨੂੰ ਨਿੱਝਰ ਮਾਮਲੇ ਵਿੱਚ ਇੱਕਜੁੱਟ ਹੋ ਕੇ ਭਾਰਤ ਖਿਲਾਫ ਖੜ੍ਹਨ ਦੀ ਮੰਗ ਕੀਤੀ ਗਈ ਹੈ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਦਾਅਵਾ ਕੀਤੇ ਜਾਣ ਤੋਂ ਬਾਅਦ ਹੀ ਇਹ ਮੰਗ ਕੀਤੀ ਜਾ ਰਹੀ ਹੈ ਕਿ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਸੀ।
ਇੱਕ ਸਾਂਝੇ ਬਿਆਨ ਵਿੱਚ ਓਨਟਾਰੀਓ ਗੁਰਦੁਆਰਾਜ਼ ਕਮੇਟੀ ਤੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕਾਊਂਸਲ ਦਾ ਕਹਿਣਾ ਹੈ ਕਿ ਜੂਨ ਵਿੱਚ ਨਿੱਝਰ ਦੇ ਹੋਏ ਕਤਲ ਦੇ ਮਾਮਲੇ ਵਿੱਚ ਸੰਭਾਵੀ ਵਿਦੇਸ਼ੀ (ਭਾਰਤ) ਦਖਲ ਦਾ ਖੁਲਾਸਾ ਹੋਣ ਤੋਂ ਬਾਅਦ ਸਾਰੀਆਂ ਕੈਨੇਡੀਅਨ ਵਿਰੋਧੀ ਪਾਰਟੀਆਂ ਨੂੰ ਭਾਰਤ ਖਿਲਾਫ ਇੱਕਜੁੱਟਤਾ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ। ਜਿ਼ਕਰਯੋਗ ਹੈ ਕਿ 18 ਸਤੰਬਰ ਨੂੰ ਟਰੂਡੋ ਨੇ ਪਾਰਲੀਆਮੈਂਟ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਕੈਨੇਡੀਅਨ ਖੁਫੀਆ ਏਜੰਸੀਆਂ ਭਾਰਤ ਸਰਕਾਰ ਤੇ ਸਰ੍ਹੀ, ਬੀ ਸੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਨਿੱਝਰ ਦੇ ਹੋਏ ਕਤਲ ਦਰਮਿਆਨ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਫੈਡਰਲ ਆਗੂਆਂ ਵੱਲੋਂ ਭਾਰਤ ਦੀ ਸ਼ਮੂਲੀਅਤ ਬਾਰੇ ਪਤਾ ਲੱਗਣ ਉੱਤੇ ਇਸ ਖਿਲਾਫ ਗੱਲ ਕੀਤੀ ਗਈ ਹੈ। ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਟਰੂਡੋ ਦੇ ਬਿਆਨ ਤੋਂ ਬਾਅਦ ਆਖਿਆ ਸੀ ਕਿ ਕੈਨੇਡੀਅਨਜ਼ ਨੂੰ ਆਪਣੇ ਦੇਸ਼ ਤੇ ਇੱਕ ਦੂਜੇ ਲਈ ਇੱਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਇਸ ਮਾਮਲੇ ਵਿੱਚ ਹੋਰ ਤੱਥਾਂ ਦਾ ਖੁਲਾਸਾ ਕਰਨ ਦੀ ਵੀ ਟਰੂਡੋ ਤੋਂ ਮੰਗ ਕੀਤੀ ਸੀ।
ਐਨਡੀਪੀ ਆਗੂ ਜਗਮੀਤ ਸਿੰਘ, ਜੋ ਕਿ ਆਪ ਵੀ ਸਿੱਖ ਹਨ, ਨੇ ਆਖਿਆ ਕਿ ਉਨ੍ਹਾਂ ਵੱਲੋਂ ਸਿੱਧੇ ਤੌਰ ਉੱਤੇ ਕਿਊਬਿਕ ਕੋਰਟ ਆਫ ਅਪੀਲ ਦੀ ਜੱਜ ਮੈਰੀ ਜੋਸ਼ ਹੋਗ ਨੂੰ ਕੈਨੇਡਾ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਭਾਰਤ ਨੂੰ ਆਖਣਾ ਚਾਹੀਦਾ ਹੈ। ਹੋਗ ਚੀਨ ਤੇ ਰੂਸ ਵਰਗੇ ਮੁਲਕਾਂ ਵੱਲੋਂ ਕੈਨੇਡੀਅਨ ਮਾਮਲਿਆਂ ਵਿੱਚ ਦਖਲ ਦੇ ਮਾਮਲੇ ਦੀ 16 ਮਹੀਨੇ ਚੱਲਣ ਵਾਲੀ ਜਾਂਚ ਦੀ ਅਗਵਾਈ ਕਰ ਰਹੀ ਹੈ।