ਓਟਵਾ, 21 ਸਤੰਬਰ (ਪੋਸਟ ਬਿਊਰੋ) : ਫਰਵਰੀ 2022 ਵਿੱਚ ਯੂਕਰੇਨ ਉੱਤੇ ਰੂਸ ਵੱਲੋਂ ਚੜ੍ਹਾਈ ਕੀਤੇ ਜਾਣ ਤੋਂ ਬਾਅਦ ਅਜਿਹਾ ਪਹਿਲੀ ਵਾਰੀ ਹੋ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਕੈਨੇਡਾ ਦੇ ਦਰੇ ਉੱਤੇ ਆ ਰਹੇ ਹਨ।
ਇੱਥੇ ਉਹ ਉੱਘੇ ਕੈਨੇਡੀਅਨ ਅਧਿਕਾਰੀਆਂ ਦੇ ਨਾਲ ਨਾਲ ਯੂਕਰੇਨੀਅਨ ਕੈਨੇਡੀਅਨ ਕਮਿਊਨਿਟੀ ਨਾਲ ਮੁਲਾਕਾਤ ਕਰਨਗੇ। ਜ਼ੈਲੈਂਸਕੀ ਸੁ਼ੱਕਰਵਾਰ ਨੂੰ ਪਾਰਲੀਆਮੈਂਟ ਨੂੰ ਵੀ ਸੰਬੋਧਨ ਕਰਨਗੇ। ਇਹ ਜੰਗ ਸ਼ੁਰੂ ਹੋਣ ਤੋਂ ਬਾਅਦ ਨਿਜੀ ਤੌਰ ਉੱਤੇ ਉਨ੍ਹਾਂ ਦਾ ਪਹਿਲਾ ਪਾਰਲੀਆਮੈਂਟ ਸੰਬੋਧਨ ਹੋਵੇਗਾ। ਜੈ਼ਲੈਂਸਕੀ ਤੇ ਟਰੂਡੋ ਵੱਲੋਂ ਇਸ ਮੌਕੇ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਮਝੌਤੇ ਉੱਤੇ ਦਸਤਖ਼ਤ ਕੀਤੇ ਜਾਣ ਦੀ ਵੀ ਸੰਭਾਵਨਾ ਹੈ।
ਇਸ ਹਫਤੇ ਯੂਕਰੇਨੀ ਆਗੂ ਨੇ ਨਿਊ ਯੌਰਕ ਸਿਟੀ ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਵੀ ਸੰਬੋਧਨ ਕੀਤਾ ਸੀ, ਜਿੱਥੇ ਟਰੂਡੋ ਵੱਲੋਂ ਹੋਰਨਾਂ ਦੇਸ਼ਾਂ ਨੂੰ ਯੂਕਰੇਨ ਦੀਆਂ ਜੰਗ ਵਿੱਚ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਸੀ ਤੇ ਰੂਸ ਨੂੰ ਆਪਣੀਆਂ ਫੌਜਾਂ ਯੂਕਰੇਨ ਤੋਂ ਵਾਪਿਸ ਸੱਦਣ ਦੀ ਮੰਗ ਵੀ ਕੀਤੀ ਗਈ ਸੀ।
ਜਿ਼ਕਰਯੋਗ ਹੈ ਕਿ ਹੁਣ ਤੱਕ ਕੈਨੇਡਾ ਵੱਲੋਂ ਯੂਕਰੇਨ ਨੂੰ ਵਿੱਤੀ ਸਮਰਥਨ ਵਜੋਂ 4·95 ਬਿਲੀਅਨ ਡਾਲਰ ਦਿੱਤੇ ਜਾ ਚੁੱਕੇ ਹਨ ਤੇ 1·8 ਬਿਲੀਅਨ ਡਾਲਰ ਮਿਲਟਰੀ ਮਦਦ ਵਜੋਂ ਮੁਹੱਈਆ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਵਿੱਚ ਗੋਲੀ ਸਿੱਕਾ, ਹਥਿਆਰ, ਪ੍ਰੋਟੈਕਟਿਵ ਇਕਿਉਪਮੈਂਟ, ਹਥਿਆਰਬੰਦ ਗੱਡੀਆਂ ਤੇ ਟੈਂਕਸ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਯੂਕੇ ਤੇ ਲੈਟਵੀਆ ਵਿੱਚ ਯੂਕਰੇਨੀਅਨ ਸੈਨਿਕਾਂ ਨੂੰ ਟਰੇਨਿੰਗ ਵੀ ਮੁਹੱਈਆ ਕਰਵਾਈ ਜਾ ਚੁੱਕੀ ਹੈ।ਅਜੇ ਵੀ ਯੂਕਰੇਨ ਵੱਲੋਂ ਆਪਣੇ ਭਾਈਵਾਲ ਮੁਲਕਾਂ ਨੂੰ ਹੋਰ ਡੋਨੇਸ਼ਨ ਦੇਣ ਤੇ ਮਦਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ।