ਓਟਵਾ, 20 ਸਤੰਬਰ (ਪੋਸਟ ਬਿਊਰੋ) : ਓਐਸਜੀਸੀ ਨੇ ਕੈਨੇਡੀਅਨ ਸਿੱਖਾਂ ਦੇ ਪੱਖ ਉੱਤੇ ਆਖਿਆ ਕਿ ਆਪਣੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੈਨੇਡੀਅਨ ਸਿੱਖ ਆਗੂ ਨਿੱਝਰ ਦੇ ਕਤਲ ਵਿੱਚ ਸਿੱਧਿਆਂ ਭਾਰਤ ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕਰਨ ਨਾਲ ਉਹ ਕਾਫੀ ਨਿਰਾਸ਼ ਹੋਏ ਹਨ। ਕੈਨੇਡਾ ਦੇ ਇਤਿਹਾਸ ਵਿੱਚ ਇਹ ਕਾਫੀ ਦੁਖ ਭਰਿਆ ਤੇ ਉਦਾਸ ਦਿਨ ਰਿਹਾ ਕਿਉਂਕਿ ਅਸੀਂ ਇਸ ਨੂੰ ਸਿੱਧਿਆਂ ਆਪਣੀ ਖੁਦਮੁਖ਼ਤਿਆਰੀ, ਕੈਨੇਡੀਅਨ ਕਦਰਾਂ ਕੀਮਤਾਂ ਤੇ ਅਧਿਕਾਰਾਂ ਉੱਤੇ ਹਮਲਾ ਮੰਨਦੇ ਹਾਂ।
ਇਹ ਵੀ ਆਖਿਆ ਗਿਆ ਕਿ ਵੱਡੀ ਦੁੱਖ ਦੀ ਗੱਲ ਇਹ ਵੀ ਹੈ ਕਿ ਹਰਦੀਪ ਸਿੰਘ ਨਿੱਝਰ ਨੂੰ ਸਰ੍ਹੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪਵਿੱਤਰ ਧਰਤੀ ਉੱਤੇ ਮਾਰਿਆ ਗਿਆ, ਜਿੱਥੇ ਉਹ ਪ੍ਰਧਾਨ ਸੀ।ਉਨ੍ਹਾਂ ਆਖਿਆ ਕਿ ਭਾਵੇ ਅਜੇ ਤੱਕ ਕਾਤਲ ਫੜ੍ਹੇ ਨਹੀਂ ਗਏ ਹਨ ਤੇ ਅਸੀਂ ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਂਚ ਦੀ ਜਿਹੜੀ ਦਿਸ਼ਾ ਚੁਣੀ ਗਈ ਹੈ ਉਸ ਨਾਲ ਵੀ ਇਤਫਾਕ ਰੱਖਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਕਹਿਣ ਮੁਤਾਬਕ ਸਾਨੂੰ ਪੂਰੀ ਆਸ ਹੈ ਕਿ ਕਾਤਲ ਫੜ੍ਹੇ ਜਾਣਗੇ ਤੇ ਸਾਨੂੰ ਇਨਸਾਫ ਮਿਲੇਗਾ। ਉਨ੍ਹਾਂ ਆਖਿਆ ਕਿ ਉਹ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ।
ਕੈਨੇਡੀਅਨ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ ਤੇ ਇਸ ਮਾਮਲੇ ਦੀ ਤਹਿ ਤੱਕ ਜਾਣ ਲਈ ਪੂਰੀ ਕੋਸਿ਼ਸ਼ ਕਰਾਂਗੇ। ਉਨ੍ਹਾਂ ਆਖਿਆ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਡਿਪਲੋਮੈਟਿਕ ਸਟਾਫ ਨੂੰ ਸਹਿਯੋਗ ਕਰਨ ਲਈ ਆਖਣ ਤੇ ਕੈਨੇਡੀਅਨ ਅਧਿਕਾਰੀਆਂ ਨਾਲ ਪਾਰਦਰਸ਼ੀ ਜਾਂਚ ਵਿੱਚ ਮਦਦ ਕਰਨ।