ਫਰੀਦਕੋਟ, 20 ਸਤੰਬਰ (ਗਿਆਨ ਸਿੰਘ): 850ਵੇਂ ਬਾਬਾ ਸ਼ੇਖ ਫਰੀਦ ਆਗਮਨ ਪੁਰਬ ਦੇ ਸਬੰਧ ਵਿਚ ਨਵੀਂ ਦਾਣਾ ਮੰਡੀ ਵਿਖੇ ਬੀਤੀਂ ਸ਼ਾਮ ਕਰਵਾਏ ਗਏ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਵੱਖ ਵੱਖ ਰਾਜਾਂ ਦੇ ਕਲਾਕਾਰਾਂ ਵੱਲੋਂ ਸ਼ਮੂਲੀਅਤ ਕਰਕੇ ਆਪਣੀ ਕਲਾ ਦੇ ਖੂਬ ਜੌਹਰ ਦਿਖਾਏ ਗਏ। ਇਸ ਮੌਕੇ ਵਿਧਾਇਕ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਤਰ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਕਰਵਾਏ ਗਏ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਕਲਾਕਾਰਾਂ ਵੱਲੋਂ ਆਪੋ ਆਪਣੇ ਰਾਜਾਂ ਨਾਲ ਸਬੰਧਤ ਸਭਿਆਚਾਰਕ ਪੇਸ਼ਕਾਰੀਆਂ ਰਾਹੀਂ ਸਰੋਤਿਆਂ ਨੂੰ ਕੀਲਿਆਂ। ਇਸ ਕੌਮੀ ਲੋਕ ਨਾਚ ਪ੍ਰੋਗਰਾਮ ਦੌਰਾਨ ਪੰਜਾਬ ਦੀ ਵਿਰਾਸਤੀ ਖੇਡ ਗੱਤਕਾ, ਮਹਾਂਰਾਸ਼ਟਰ ਵੱਲੋਂ ਸੋਗੀ ਮਖੋਟੇ, ਐਮ.ਪੀ ਵੱਲੋਂ ਸਰੀਨਾ, ਝਾਰਖੰਡ ਦਾ ਸ਼ਾਹੂ, ਆਸਾਮ ਦਾ ਬੀਹੂ, ਗੁਜਰਾਤ ਦਾ ਰਾਠਵਾ ਤੋਂ ਇਲਾਵਾ ਉੱਤਰ ਪ੍ਰਦੇਸ਼ ਵੱਲੋਂ ਵੀ ਹਰਮਨ ਪਿਆਰੇ ਡਾਂਸ ਨੇ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ ਪੰਜਾਬ ਵਿਰਾਸਤ ਭੰਗੜਾ ਐਕਡਮੀ ਦੇ ਬੱਚਿਆਂ ਵੱਲੋਂ ਪੰਜਾਬ ਦਾ ਅਲੋਪ ਹੁੰਦਾ ਜਾ ਰਿਹਾ ਡਾਂਸ ਲੁੱਡੀ ਪੇਸ਼ ਕੀਤਾ ਗਿਆ ਜਿਸ ਨੂੰ ਸਰੋਤਿਆਂ ਵੱਲੋਂ ਖੂਬ ਸਰਾਹਿਆ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਜਸਬੀਰ ਸਿੰਘ ਜੱਸੀ ਅਤੇ ਸੰਜੀਵ ਸ਼ਾਦ ਵੱਲੋਂ ਬਾਖੂਬੀ ਨਿਭਾਈ ਗਈ।
ਇਸ ਮੌਕੇ ਐਸ.ਡੀ.ਐਮ. ਜੈਤੋ ਡਾ. ਨਿਰਮਲ ਓਸੇਪਚਨ, ਐਸ.ਡੀ.ਐਮ. ਫਰੀਦਕੋਟ ਬਲਜੀਤ ਕੌਰ, ਐਸ.ਡੀ.ਐਮ. ਕੋਟਕਪੂਰਾ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਤੁਸ਼ਿਤਾ ਗੁਲਾਟੀ, ਉੱਤਰ ਜੋਨ ਸਭਿਆਚਾਰਕ ਕੇਂਦਰ ਦੇ ਪ੍ਰੋਗਰਾਮ ਅਫਸਰ ਰਾਜੇਸ ਬੱਸੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰੋਤਿਆਂ ਵੱਲੋਂ ਸ਼ਿਰਕਤ ਕੀਤੀ ਗਈ।