ਓਟਵਾ, 19 ਸਤੰਬਰ (ਪੋਸਟ ਬਿਊਰੋ) :ਪਿਛਲੇ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਚਾਰ ਫੀ ਸਦੀ ਤੱਕ ਵਧਣ ਤੋਂ ਬਾਅਦ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਦਾ ਕਹਿਣਾ ਹੈ ਕਿ ਇਸ ਔਖੀ ਘੜੀ ਵਿੱਚ ਕੈਨੇਡੀਅਨਜ਼ ਦੀ ਮਦਦ ਕਰਨ ਲਈ ਫੈਡਰਲ ਸਰਕਾਰ ਤੋਂ ਜੋ ਕੁੱਝ ਬਣ ਪਾ ਰਿਹਾ ਹੈ ਉਹ ਕਰ ਰਹੀ ਹੈ। ਇਸ ਨਾਲ ਇੱਕ ਵਾਰੀ ਫਿਰ ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਇਸ ਮੁੱਦੇ ਉੱਤੇ ਬਹਿਸ ਗਰਮਾ ਗਈ।
ਇਸ ਦੌਰਾਨ ਵਿਰੋਧੀ ਧਿਰਾਂ ਵੱਲੋਂ ਅਗਸਤ ਦੀ ਮਹਿੰਗਾਈ ਦਰ ਲਈ ਲਿਬਰਲਾਂ ਉੱਤੇ ਮੁੜ ਉਂਗਲਾਂ ਉਠਾਈਆਂ ਗਈਆਂ। ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਮਹਿੰਗਾਈ ਦਰ ਵਿੱਚ ਹੋਏ ਵਾਧੇ ਲਈ ਸਰਾਸਰ ਲਿਬਰਲ ਸਰਕਾਰ ਨੂੰ ਦੋਸ਼ੀ ਠਹਿਰਾਇਆ। ਇਸੇ ਤਰ੍ਹਾਂ ਐਨਡੀਪੀ ਆਗੂ ਜਗਮੀਤ ਸਿੰਘ ਨੇ ਗਰੌਸਰੀ ਦੀਆਂ ਦਰਾਂ ਵਿੱਚ ਹੋ ਰਹੇ ਵਾਧੇ ਨੂੰ ਰੋਕਣ ਲਈ ਲਿਬਰਲਾਂ ਦੀ ਯੋਜਨਾ ਨੂੰ ਠੁੱਸ ਤੇ ਬੇਕਾਰ ਦੱਸਿਆ।
ਪੌਲੀਏਵਰ ਨੇ ਮੰਗਲਵਾਰ ਨੂੰ ਆਖਿਆ ਕਿ ਨਾ ਸਿਰਫ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ ਸਗੋਂ ਇਹ ਰੋਜ਼ਾਨਾ ਹੋਰ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਹੁਣ ਮਾਮਲਾ ਟਰੂਡੋ ਸਰਕਾਰ ਦੇ ਹੱਥ ਤੋ ਬਾਹਰ ਨਿਕਲ ਚੁੱਕਿਆ ਹੈ ਤੇ ਸਰਕਾਰ ਨੂੰ ਮਹਿੰਗਾਈ ਦਰ ਨੂੰ ਕਾਬੂ ਕਰਨਾ ਔਖਾ ਹੋਇਆ ਪਿਆ ਹੈ। ਉਨ੍ਹਾਂ ਆਖਿਆ ਕਿ ਕੋਈ ਇੱਕ ਚੀਜ਼ ਮਹਿੰਗੀ ਨਹੀਂ ਹੋਈ ਹੈ, ਫੂਡ ਤੇ ਗੈਸ ਤੋਂ ਲੈ ਕੇ ਨਿੱਕੀ ਤੇ ਵੱਡੀ ਹਰ ਚੀਜ਼ ਮਹਿੰਗੀ ਹੋ ਚੁੱਕੀ ਹੈ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਸ਼ਰਮ ਵਾਲੀ ਗੱਲ ਇਹ ਹੈ ਕਿ ਵਿੱਤ ਮੰਤਰੀ ਫਰੀਲੈਂਡ ਨੂੰ ਥੋੜ੍ਹੀ ਜਿਹੀ ਮਹਿੰਗਾਈ ਘਟਣ ਉੱਤੇ ਹੀ ਇਹ ਨਹੀਂ ਸੀ ਆਖਣਾ ਚਾਹੀਦਾ ਕਿ ਉਨ੍ਹਾਂ ਨੂੰ ਸ਼ਾਬਾਸ਼ ਦਿੱਤੀ ਜਾਵੇ।
ਅਗਸਤ ਵਿੱਚ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਵਧੀ ਹੈ। ਬਹਿਸ ਦੌਰਾਨ ਮਹਿੰਗਾਈ ਦੇ ਨਾਲ ਨਾਲ ਕੌਸਟ ਆਫ ਲਿਵਿੰਗ ਦਾ ਮੁੱਦਾ ਵੀ ਛਾਇਆ ਰਿਹਾ। ਇਸ ਦੌਰਾਨ ਟਰੂਡੋ ਨੇ ਸਾਰਾ ਸਮਾਂ ਕੈਨੇਡੀਅਨਜ਼ ਦੀ ਮਦਦ ਕਰਨ ਤੇ ਉਨ੍ਹਾਂ ਲਈ ਹਰ ਉਪਰਾਲਾ ਕਰਨ ਦਾ ਦਾਅਵਾ ਕੀਤਾ ਤੇ ਆਖਿਆ ਕਿ ਵਿਰੋਧੀ ਧਿਰਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਨੂੰ ਊਣਾ ਕਰਕੇ ਵਿਖਾ ਰਹੀਆਂ ਹਨ।