ਓਟਵਾ, 18 ਸਤੰਬਰ (ਪੋਸਟ ਬਿਊਰੋ) : ਬੀਸੀ ਵਿੱਚ ਸਿੱਖ ਆਗੂ ਦੇ ਕਤਲ ਦੇ ਮਾਮਲੇ ਵਿੱਚ ਕੈਨੇਡੀਅਨ ਖੁਫੀਆ ਏਜੰਸੀਆਂ ਵੱਲੋਂ ਭਾਰਤ ਸਰਕਾਰ ਦਾ ਹੱਥ ਹੋਣ ਦਾ ਦਾਅਵਾ ਕੀਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਭਾਰਤ ਦੇ ਡਿਪਲੋਮੈਟ ਨੂੰ ਕੱਢ ਦਿੱਤਾ ਗਿਆ ਹੈ।
ਵਿਦੇਸ਼ ਮੰਤਰੀ ਮਿਲੇਨੀ ਜੋਲੀ ਵੱਲੋਂ ਭਾਰਤ ਦੇ ਇਸ ਡਿਪਲੋਮੈਟ ਦੀ ਪਛਾਣ ਕੈਨੇਡਾ ਵਿੱਚ ਭਾਰਤੀ ਖੁਫੀਆ ਏਜੰਸੀ ਰਾਅ ਦੇ ਹੈੱਡ ਵਜੋਂ ਕੀਤੀ ਗਈ। ਜੋਲੀ ਵੱਲੋਂ ਸੋਮਵਾਰ ਨੂੰ ਇਸ ਖਬਰ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਥੋੜ੍ਹੀ ਦੇਰ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਕੈਨੇਡੀਅਨ ਇੰਟੈਲੀਜੈਂਸ ਏਜੰਸੀਜ਼ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਮਸ਼ਹੂਰ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦੇ ਏਜੰਟਾਂ ਦਾ ਹੱਥ ਹੈ।
ਜੋਲੀ ਨੇ ਆਖਿਆ ਕਿ ਜਦੋਂ ਇਹ ਗੱਲ ਸਾਡੇ ਸਾਹਮਣੇ ਲਿਆਂਦੀ ਗਈ ਉਸ ਤੋਂ ਬਾਅਦ ਅਸੀਂ ਤਿੰਨ ਸਿਧਾਂਤਾਂ ਉੱਤੇ ਕੰਮ ਕਰ ਰਹੇ ਹਾਂ : ਪਹਿਲਾ-ਸਾਨੂੰ ਸੱਚ ਸਾਹਮਣੇ ਲਿਆਉਣਾ ਹੋਵੇਗਾ, ਦੂਜਾ : ਅਸੀਂ ਹਮੇਸ਼ਾਂ ਕੈਨੇਡੀਅਨਜ਼ ਦੀ ਹਿਫਾਜ਼ਤ ਕਰਾਂਗੇ ਤੇ ਤੀਜਾ : ਅਸੀਂ ਕੈਨੇਡਾ ਦੀ ਖੁਦਮੁਖ਼ਤਿਆਰੀ ਦੀ ਹਿਫਾਜ਼ਤ ਕਰਾਂਗੇ। ਉਨ੍ਹਾਂ ਆਖਿਆ ਕਿ ਇਹ ਸੁਨੇਹਾ ਉਨ੍ਹਾਂ ਆਪਣੇ ਹਮਰੁਤਬਾ ਭਾਰਤੀ ਅਧਿਕਾਰੀ ਨੂੰ ਵੀ ਦਿੱਤਾ ਹੈ ਤੇ ਇਹ ਆਸ ਪ੍ਰਗਟਾਈ ਹੈ ਕਿ ਭਾਰਤ ਇਸ ਮਾਮਲੇ ਦੀ ਤਹਿ ਤੱਕ ਜਾਣ ਵਿੱਚ ਉਨ੍ਹਾਂ ਦੀ ਪੂਰੀ ਮਦਦ ਕਰੇਗਾ।ਉਨ੍ਹਾਂ ਆਖਿਆ ਕਿ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਭਾਰਤ ਦੇ ਡਿਪਲੋਮੈਟ ਨੂੰ ਕੱਢਿਆ ਹੈ।
ਜਿ਼ਕਰਯੋਗ ਹੈ ਕਿ 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਨਿੱਝਰ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਤੇ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਸੀ।