ਕਿਊਬਿਕ, 7 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਪਾਰਟੀ ਵੱਲੋਂ ਕਿਊਬਿਕ ਸਿਟੀ ਵਿੱਚ ਆਪਣਾ ਤਿੰਨ ਰੋਜ਼ਾ ਇਜਲਾਸ ਕੀਤਾ ਜਾ ਰਿਹਾ ਹੈ। ਪਹਿਲੇ ਦਿਨ ਦੀ ਸੁ਼ਰੂਆਤ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਵੱਲੋਂ ਜਸਟਿਨ ਟਰੂਡੋ ਖਿਲਾਫ ਭਾਸ਼ਣ ਦੇ ਕੇ ਕੀਤੀ ਗਈ। ਪੌਲੀਏਵਰ ਨੇ ਦੋਸ਼ ਲਾਇਆ ਕਿ ਟਰੂਡੋ ਦੇ ਅੱਠ ਸਾਲ ਸੱਤਾ ਵਿੱਚ ਰਹਿਣ ਕਾਰਨ ਹੀ ਕੌਸਟ ਆਫ ਲਿਵਿੰਗ, ਹਾਊਸਿੰਗ ਦੀਆਂ ਕੀਮਤਾਂ, ਜੁਰਮ, ਨਸਿ਼ਆਂ ਤੇ ਅਞਿਵਸਥਾ ਵਿੱਚ ਵਾਧਾ ਹੋਇਆ ਹੈ।
ਪੌਲੀਏਵਰ ਨੇ ਆਖਿਆ ਕਿ ਟਰੂਡੋ ਚਾਹੁੰਦੇ ਹਨ ਕਿ ਅਸੀਂ ਆਪਣਾ ਅਤੀਤ ਮਿਟਾਅ ਦੇਈਏ, ਆਪਣੇ ਭਵਿੱਖ ਨੂੰ ਰੱਦ ਕਰ ਦੇਈਏ ਤੇ ਦੇਸ਼ ਵਿੱਚ ਇਸ ਸਮੇਂ ਫੈਲੇ ਹੋਏ ਅਨਿਆਂ ਵਾਲੇ ਮਾਹੌਲ ਵਿੱਚ ਹੀ ਦਬ ਘੁੱਟ ਕੇ ਰਹੀਏ। ਉਨ੍ਹਾਂ ਆਖਿਆ ਕਿ ਦੂਜੇ ਪਾਸੇ ਕੰਜ਼ਰਵੇਟਿਵ ਕੌਮਨ ਸੈਂਸ ਵਾਲਾ ਪਲੈਨ ਲਿਆ ਰਹੇ ਹਨ, ਜਿਸ ਨਾਲ ਇੱਕ ਵਾਰੀ ਫਿਰ ਦੇਸ਼ ਦੁਨੀਆ ਵਿੱਚ ਆਜ਼ਾਦ ਮੁਲਕ ਦਾ ਦਰਜਾ ਹਾਸਲ ਕਰ ਸਕੇਗਾ।
ਇਹ ਇਜਲਾਸ ਤਿੰਨ ਦਿਨ ਚੱਲੇਗਾ, ਜਿੱਥੇ ਪਾਲਿਸੀ ਬਾਰੇ ਬਹਿਸ ਹੋਵੇਗੀ ਤੇ ਹੋਰਨਾਂ ਬੁਲਾਰਿਆਂ ਦੇ ਵਿਚਾਰ ਸੁਣੇ ਜਾਣਗੇ।ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਨੇ ਆਪਣੇ ਨਵੇਂ ਲੋਗੋ ਦਾ ਖੁਲਾਸਾ ਵੀ ਕੀਤਾ। ਹੁਣ ਇਹ ਲੋਗੋ ਕੰਜ਼ਰਵੇਟਿਵਾਂ ਦੇ “ਸੀ” ਦੀ ਥਾਂ ਮੇਪਲ ਲੀਫ ਵਾਲਾ ਹੋਵੇਗਾ। ਇਸ ਦੌਰਾਨ ਬਰੈਂਪਟਨ ਵੈਸਟ ਤੋਂ ਇਲੈਕਟੋਰਲ ਡਿਸਟ੍ਰਿਕਟ ਐਸੋਸਿਏਸ਼ਨ ਦੇ ਪ੍ਰੈਜ਼ੀਡੈਂਟ ਤੇ ਅਤੀਤ ਵਿੱਚ ਉਮੀਦਵਾਰ ਰਹਿ ਚੁੱਕੇ ਮੁਰਾਰੀਲਾਲ ਥਾਪਲਿਆਲ ਨੇ ਆਖਿਆ ਕਿ ਪੌਲੀਏਵਰ ਦਮਦਾਰ ਆਗੁ ਹਨ ਤੇ ਉਹ ਕੰਜ਼ਰਵੇਟਿਵ ਨੀਤੀਆਂ ਨੂੰ ਲੈ ਕੇ ਬਹੁਤ ਸਪਸ਼ਟ ਹਨ। ਵੱਧ ਟੈਕਸਾਂ, ਹਾਊਸਿੰਗ ਅਫੋਰਡੇਬਿਲਿਟੀ ਆਦਿ ਤੋਂ ਕੈਨੇਡੀਅਨ ਅੱਕ ਚੁੱਕੇ ਹਨ ਤੇ ਸਾਨੂੰ ਪੂਰੀ ਉਮੀਦ ਹੈ ਕਿ ਪੌਲੀਏਵਰ ਦੇਸ਼ ਨੂੰ ਬਿਹਤਰ ਢੰਗ ਨਾਲ ਚਲਾ ਸਕਦੇ ਹਨ। ਹੁਣ ਹਵਾ ਦਾ ਰੁਖ ਕੰਜ਼ਰਵੇਟਿਵਾਂ ਵੱਲ ਨਜ਼ਰ ਆ ਰਿਹਾ ਹੈ।
ਇਸ ਦੌਰਾਨ ਡੈਲੀਗੇਟ ਜ਼ੀਨਥ ਸਿੰਘ ਨੇ ਆਖਿਆ ਕਿ ਇਜਲਾਸ ਵਿੱਚ ਆ ਕੇ ਸਾਰਿਆਂ ਵਿੱਚ ਨਵੀਂ ਊਰਜਾ ਭਰ ਗਈ ਹੈ।ਇਸ ਦੌਰਾਨ ਦੋ ਹਜ਼ਾਰ ਤੋਂ ਵੱਧ ਡੈਲੀਗੇਟਸ ਨੇ ਖੁਦ ਨੂੰ ਰਜਿਸਟਰ ਕਰਵਾਇਆ।