ਓਟਵਾ, 7 ਸਤੰਬਰ (ਪੋਸਟ ਬਿਊਰੋ) : ਕਈ ਮਹੀਨਿਆਂ ਦੀ ਜੱਦੋ ਜਹਿਦ ਤੋਂ ਬਾਅਦ ਫੈਡਰਲ ਸਰਕਾਰ ਨੂੰ ਚੋਣਾਂ ਦੇ ਮਾਮਲੇ ਵਿੱਚ ਵਿਦੇਸ਼ੀ ਦਖ਼ਲ ਸਬੰਧੀ ਜਨਤਕ ਜਾਂਚ ਕਰਵਾਉਣ ਲਈ ਆਖਿਰਕਾਰ ਇੱਕ ਜੱਜ ਲੱਭ ਹੀ ਗਿਆ।
ਸਰਕਾਰੀ ਸੂਤਰਾਂ ਅਨੁਸਾਰ ਕਿਊਬਿਕ ਕੋਰਟ ਆਫ ਅਪੀਲ ਦੀ ਜੱਜ ਮੈਰੀ ਜੋਸੀ ਹੋਗ ਇਸ ਜਾਂਚ ਦੀ ਅਗਵਾਈ ਕਰੇਗੀ। ਇਸ ਦੌਰਾਨ ਚੀਨ ਤੋਂ ਇਲਾਵਾ ਹੋਰਨਾਂ ਮੁਲਕਾਂ ਵੱਲੋਂ ਕੀਤੀ ਜਾਣ ਵਾਲੀ ਦਖ਼ਲਅੰਦਾਜ਼ੀ ਦੇ ਪੱਖ ਨੂੰ ਵੀ ਫਰੋਲਿਆ ਜਾਵੇਗਾ।ਪਬਲਿਕ ਸੇਫਟੀ, ਡੈਮੋਕ੍ਰੈਟਿਕ ਇੰਸਟੀਚਿਊਸ਼ਨਜ਼ ਤੇ ਇੰਟਰਗਵਰਮੈਂਟਲ ਅਫੇਅਰਜ਼ ਡੌਮੀਨਿਕ ਲੀਬਲਾਂਕ ਵੱਲੋਂ ਇਸ ਸਬੰਧੀ ਨਿਯਮਾਂ ਤੇ ਟਾਈਮਲਾਈਨ ਬਾਰੇ ਜਾਂਚ ਵੀਰਵਾਰ ਨੂੰ ਕੀਤੀ ਜਾਵੇਗੀ।
ਇਹ ਫੈਸਲਾ ਵੀ ਕਈ ਮਹੀਨਿਆਂ ਤੱਕ ਵਿਰੋਧੀ ਧਿਰਾਂ ਤੇ ਕੁੱਝ ਨੈਸ਼ਨਲ ਸਕਿਊਰਿਟੀ ਸਟੇਕਹੋਲਡਰਜ਼ ਵੱਲੋਂ ਜਨਤਕ ਜਾਂਚ ਕਰਵਾਉਣ ਲਈ ਕੀਤੀ ਜਾ ਰਹੀ ਮੰਗ ਤੋਂ ਬਾਅਦ ਆਇਆ ਹੈ। ਜਿ਼ਕਰਯੋਗ ਹੈ ਕਿ 2019 ਤੇ 2021 ਦੀਆਂ ਫੈਡਰਲ ਚੋਣਾਂ ਦਰਮਿਆਨ ਚੀਨ ਵੱਲੋਂ ਦਖ਼ਲਅੰਦਾਜ਼ੀ ਕਰਨ ਦੇ ਮਾਮਲੇ ਨੇ ਕਾਫੀ ਤੂਲ ਫੜ੍ਹਿਆ ਸੀ। ਇਸ ਤੋਂ ਪਹਿਲਾਂ ਮਾਮਲੇ ਦੀ ਜਾਂਚ ਲਈ ਡੇਵਿਡ ਜੌਹਨਸਟਨ ਨੂੰ ਸਪੈਸ਼ਲ ਰੈਪੋਰਟਰ ਨਿਯੁਕਤ ਕੀਤਾ ਗਿਆ ਸੀ ਪਰ ਇਸ ਦੀ ਚੁਫੇਰਿਓਂ ਨੁਕਤਾਚੀਨੀ ਹੋਣ ਤੋਂ ਬਾਅਦ ਜੌਹਨਸਟਨ ਨੂੰ ਅਸਤੀਫਾ ਦੇਣਾ ਪਿਆ।