ਜੰਮੂ-ਕਸ਼ਮੀਰ, 8 ਮਾਰਚ (ਪੋਸਟ ਬਿਊਰੋ): ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲੇ 'ਚ ਮੰਗਲਵਾਰ ਨੂੰ ਹਾਈਵੇਅ 'ਤੇ ਜ਼ਮੀਨ ਖਿਸਕ ਗਈ। ਜ਼ਮੀਨ ਖਿਸਕਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਸਮੇਤ ਛੇ ਹੋਰ ਜ਼ਖ਼ਮੀ ਹੋ ਗਏ। ਸੇਰੀ ਪਿੰਡ 'ਚ 270 ਕਿਲੋਮੀਟਰ ਲੰਬੇ ਹਾਈਵੇਅ 'ਤੇ ਦੁਪਹਿਰ ਕਰੀਬ 2:30 ਵਜੇ ਜ਼ਮੀਨ ਖਿਸਕਣ ਕਾਰਨ ਦੋਵੇਂ ਪਾਸੇ ਸੈਂਕੜੇ ਵਾਹਨ ਫਸ ਗਏ। ਰਾਮਬਨ ਦੇ ਡਿਪਟੀ ਕਮਿਸ਼ਨਰ (ਡੀਸੀ) ਮੁਸਰਤ ਇਸਲਾਮ ਨੇ ਕਿਹਾ ਕਿ ਸਬੰਧਤ ਏਜੰਸੀਆਂ ਹਾਈਵੇਅ 'ਤੇ ਆਵਾਜਾਈ ਨੂੰ ਜਲਦੀ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ।
ਇਸਲਾਮ ਨੇ ਕਿਹਾ ਕਿ ਇਕ ਘੰਟੇ ਦੇ ਅੰਦਰ ਉਸੇ ਸਥਾਨ 'ਤੇ ਦੋ ਢਿੱਗਾਂ ਡਿੱਗਣ ਕਾਰਨ ਸਾਈਟ 'ਤੇ ਕੰਮ ਕਰ ਰਹੇ ਇਕ ਕਰੇਨ ਡਰਾਈਵਰ ਦੀ ਮੌਤ ਹੋ ਗਈ, ਜਦੋਂ ਕਿ ਇਕ ਨਿੱਜੀ ਕਾਰ ਵਿਚ ਸਫਰ ਕਰ ਰਹੇ ਇਕ ਪਰਿਵਾਰ ਦੇ 6 ਮੈਂਬਰ ਜ਼ਖਮੀ ਹੋ ਗਏ। ਬਚਾਅ ਮੁਹਿੰਮ ਦੀ ਨਿਗਰਾਨੀ ਕਰ ਰਹੇ ਇਸਲਾਮ ਨੇ ਦੱਸਿਆ ਕਿ ਸਾਰੇ ਛੇ ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ ਰਾਮਬਨ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਪੰਜ ਨੂੰ ਬਾਅਦ ਵਿੱਚ ਵਿਸ਼ੇਸ਼ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਹਸਪਤਾਲ ਜੰਮੂ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਦੋ ਗੱਡੀਆਂ, ਇੱਕ ਅਰਥਮੂਵਰ ਅਤੇ ਇੱਕ ਪ੍ਰਾਈਵੇਟ ਕਾਰ ਵੀ ਨੁਕਸਾਨੀ ਗਈ। ਇਸਲਾਮ ਨੇ ਦੱਸਿਆ ਕਿ ਪਹਿਲਾਂ 50 ਮੀਟਰ ਤੱਕ ਫੈਲੇ ਮਲਬੇ ਹੇਠ ਕੋਈ ਹੋਰ ਵਾਹਨ ਦੱਬੇ ਹੋਣ ਦੀ ਸੰਭਾਵਨਾ ਸੀ ਪਰ ਅਜੇ ਤੱਕ ਅਜਿਹਾ ਕੁਝ ਨਹੀਂ ਮਿਿਲਆ ਹੈ। ਇਸਲਾਮ ਨੇ ਕਿਹਾ ਕਿ ਜ਼ਮੀਨ ਖਿਸਕਣ ਦਾ ਸਿਲਸਿਲਾ ਅਜੇ ਵੀ ਜਾਰੀ ਹੈ ਅਤੇ ਪੱਥਰਬਾਜ਼ੀ ਬੰਦ ਹੋਣ ਤੋਂ ਬਾਅਦ ਹੀ ਆਵਾਜਾਈ ਦੀ ਇਜਾਜ਼ਤ ਦਿੱਤੀ ਜਾਵੇਗੀ।
