ਓਟਵਾ, 30 ਜਨਵਰੀ (ਪੋਸਟ ਬਿਊਰੋ) : ਫੈਡਰਲ ਐਨਡੀਪੀ ਆਗੂ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਹਾਊਸ ਆਫ ਕਾਮਨਜ਼ ਤੋਂ ਮੰਗ ਕਰਦੇ ਹਨ ਕਿ ਹੈਲਥ ਕੇਅਰ ਦਾ ਨਿਜੀਕਰਣ ਕੀਤੇ ਜਾਣ ਦੇ ਮਾਮਲੇ ਉੱਤੇ ਐਮਰਜੰਸੀ ਬਹਿਸ ਕਰਵਾਈ ਜਾਵੇ।
ਛੁੱਟੀਆਂ ਤੋਂ ਬਾਅਦ ਸੋਮਵਾਰ ਨੂੰ ਹਾਊਸ ਆਫ ਕਾਮਨਜ਼ ਪਰਤ ਰਹੇ ਪਾਰਲੀਆਮੈਂਟੇਰੀਅਨਜ਼ ਲਈ ਇਹ ਤਰਜੀਹੀ ਮੁੱਦਾ ਹੋਵੇਗਾ। ਆਪਣੀਆਂ ਛੁੱਟੀਆਂ ਦੌਰਾਨ ਜਗਮੀਤ ਸਿੰਘ ਨੇ ਬਹੁਤਾ ਸਮਾਂ ਐਮਰਜੰਸੀ ਰੂਮ ਵਿੱਚ ਲੋਕਾਂ ਦੀ ਵੱਧ ਰਹੀ ਭੀੜ ਤੇ ਵਰਕਰਾਂ ਦੀ ਘਾਟ ਦੇ ਮਾਮਲੇ ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਗੱਲਬਾਤ ਤੇ ਮੀਟਿੰਗ ਕਰਨ ਵਿੱਚ ਬਿਤਾਇਆ। ਜਗਮੀਤ ਸਿੰਘ ਨੇ ਆਖਿਆ ਕਿ ਹੈਲਥ ਕੇਅਰ ਦਾ ਮਾਮਲਾ ਸਾਡੇ ਲਈ ਮੁੱਖ ਹੈ ਤੇ ਇੱਥੇ ਪਹਿਲਾਂ ਹੀ ਸਟਾਫ ਦੀ ਕਾਫੀ ਘਾਟ ਪਾਈ ਜਾ ਰਹੀ ਹੈ ਤੇ ਜੇ ਇਹ ਸਾਰਾ ਸਿਸਟਮ ਪ੍ਰਾਈਵੇਟ ਹੱਥਾਂ ਵਿੱਚ ਚਲਾ ਗਿਆ ਤਾਂ ਹਸਪਤਾਲ ਡਾਕਟਰਾਂ ਤੇ ਨਰਸਾਂ ਤੋਂ ਹੋਰ ਸੱਖਣੇ ਹੋ ਜਾਣਗੇ।
ਜਿ਼ਕਰਯੋਗ ਹੈ ਕਿ ਓਨਟਾਰੀਓ ਵਿੱਚ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਐਲਾਨ ਕੀਤਾ ਸੀ ਕਿ ਉਹ ਹਸਪਤਾਲਾਂ ਦਾ ਕੁੱਝ ਕੰਮਕਾਰ ਜਨਤਕ ਤੌਰ ਉੱਤੇ ਫੰਡ ਪ੍ਰਾਪਤ, ਪ੍ਰਾਈਵੇਟ ਫੈਸਿਲਿਟੀਜ਼ ਨੂੰ ਦੇਣਗੇ ਤਾਂ ਕਿ ਸਰਜਰੀਜ਼ ਲਈ ਉਡੀਕ ਸਮਾਂ ਘਟਾਇਆ ਜਾ ਸਕੇ।ਕੋਵਿਡ-19 ਮਹਾਂਮਾਰੀ ਦੌਰਾਨ ਸਿਹਤ ਸਿਸਟਮ ਉੱਤੇ ਕਾਫੀ ਨਕਾਰਾਤਮਕ ਅਸਰ ਪਿਆ। ਅਲਬਰਟਾ ਤੇ ਸਸਕੈਚਵਨ ਵਰਗੇ ਪ੍ਰੋਵਿੰਸਾਂ ਵੱਲੋਂ ਵੀ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਹਨ।