ਆਂਧਰਾ ਪ੍ਰਦੇਸ਼, 5 ਦਸੰਬਰ (ਪੋਸਟ ਬਿਊਰੋ)- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐਫ.) ਨੇ ਖੱਬੇ ਪੱਖੀ ਕੱਟੜਵਾਦ ਦੇ ਖਿਲਾਫ ਵੱਡੀ ਸਫ਼ਲਤਾ ਹਾਸਿਲ ਕੀਤੀ ਹੈ। ਸੁਰੱਖਿਆ ਬਲਾਂ ਨੇ 3 ਰਾਜਾਂ ਵਿਚ ਵੱਖ-ਵੱਖ ਅਪ੍ਰੇਸ਼ਨਾਂ ਦੌਰਾਨ 5 ਨਕਸਲੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ, ਇਸ ਦੇ ਨਾਲ ਹੀ 7 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਹੈ। ਇਨ੍ਹਾਂ ਸਫ਼ਲ ਅਪੇ੍ਰਸ਼ਨਾਂ ਤੋਂ ਬਾਅਦ ਸੀ.ਆਰ.ਪੀ.ਐੱਫ਼. ਦੇ ਬੁਲਾਰੇ ਨੇ ਕਿਹਾ, ‘ਐਤਵਾਰ ਨੂੰ 3 ਰਾਜਾਂ ਵਿਚ 5 ਨਕਸਲੀ ਫੜ੍ਹੇ ਗਏ ਅਤੇ 7 ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ। ਜਾਣਕਾਰੀ ਮੁਤਾਬਕ ਤੇਲੰਗਾਨਾ ਵਿਚ ਸੀ.ਆਰ.ਪੀ.ਐੱਫ਼. ਅਤੇ ਪੁਲਸ ਯੂਨਿਟਾਂ ਨੇ ਸਾਂਝੇ ਆਪ੍ਰੇਸ਼ਨ ਵਿਚ ਕੇ ਚੇਰਲਾ ਪੁਲਸ ਚੌਕੀ ਦੇ ਅਧੀਨ ਜੰਗਲੀ ਖੇਤਰ ਤੋਂ 5 ਮਿਲੀਸ਼ੀਆ ਨੂੰ ਗਿ੍ਰਫਤਾਰ ਕੀਤਾ।’
ਆਂਧਰਾ ਪ੍ਰਦੇਸ ਵਿਚ, ਯਟਾਪਾਕਾ ਵਿਖੇ 2 ਮਾਓਵਾਦੀਆਂ ਨੇ ਸੀ.ਆਰ.ਪੀ.ਐੱਫ਼. ਅਤੇ ਆਂਧਰਾ ਪ੍ਰਦੇਸ਼ ਪੁਲਸ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ ਸੁਕਮਾ ਵਿਚ 4 ਮਾਓਵਾਦੀ ਅਤੇ ਚਿੰਤਾਗੁਫਾ ਵਿਚ 1 ਨਕਸਲੀ ਨੇ ਸੀ.ਆਰ.ਪੀ.ਐੱਫ਼. ਅਤੇ ਛੱਤੀਸਗੜ੍ਹ ਪੁਲਸ ਅਧਿਕਾਰੀਆਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।
ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਸੁਕਮਾ ਵਿਚ ਇਕ ਹੋਰ ਅਪ੍ਰੇਸ਼ਨ ਵਿਚ ਸੀ.ਆਰ.ਪੀ.ਐੱਫ਼. ਅਤੇ ਸੂਬਾ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਇੱਥੋਂ ਸੀ.ਆਰ.ਪੀ.ਐੱਫ਼. ਨੇ 02 ਭਰਮਾਰ ਰਾਈਫਲਾਂ, 03 ਰਾਈਫਲ ਬੈਰਲ, ਕੋਰਡਟੈਕਸ ਤਾਰ, ਸਪਲਿੰਟਰ, ਗਨ ਪਾਊਡਰ, ਵੋਲਟਾਮੀਟਰ, ਅਤੇ ਆਈ.ਈ.ਡੀ. ਲਈ ਪ੍ਰੈਸ਼ਰ ਮਕੈਨਿਜ਼ਮ ਟਿ੍ਰਗਰ ਬਰਾਮਦ ਕੀਤੇ।
ਸੀ.ਆਰ.ਪੀ.ਐੱਫ਼. ਨੇ ਦੱਸਿਆ ਕਿ ਨਕਸਲੀ ਖਤਰੇ ਦਾ ਮੁਕਾਬਲਾ ਕਰਨ ਲਈ ਫੋਰਸ ਨੇ ਆਪ੍ਰੇਸਨ ਚਲਾਉਣ, ਨਕਸਲੀ ਸਪਲਾਈ ਲਾਈਨਾਂ ਨੂੰ ਬੰਦ ਕਰਨ, ਮੁੱਖ ਖੇਤਰਾਂ ਵਿਚ ਨਵੇਂ ਕੈਂਪ ਸਥਾਪਤ ਕਰਨ ਅਤੇ ਮਾਓਵਾਦੀਆਂ ਨੂੰ ਹਥਿਆਰ ਸੁੱਟਣ ਅਤੇ ਮੁੱਖ ਧਾਰਾ ਵਿਚ ਸ਼ਾਮਲ ਹੋਣ ਦੀ ਅਪੀਲ ਕਰਨ ਦੀ ਬਹੁ-ਪੱਖੀ ਰਣਨੀਤੀ ਅਪਣਾਈ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਇਸ ਵਿਚ ਸਫ਼ਲਤਾ ਮਿਲ ਰਹੀ ਹੈ।