Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਨਜਰਰੀਆ

ਪੂਰਨਮਾਸ਼ੀ ਜੋੜ ਮੇਲਾ ਢੁੱਡੀਕੇ: ਪੂਰਨਮਾਸ਼ੀ ਦਾ ਚੰਦ ਸੀ ਜਸਵੰਤ ਸਿੰਘ ਕੰਵਲ

November 22, 2022 02:06 AM
ਕੰਵਲ ਦੇ ਦੇਹਾਂਤ ਤੋਂ 4 ਦਿਨ ਪਹਿਲਾਂ ਢੁੱਡੀਕੇ ਖੇਡ ਮੇਲੇ ਦੇ ਦਿਨ 28 ਜਨਵਰੀ 2020 ਨੂੰ ਢੁੱਡੀਕੇ ਵਿਖੇ ਕੰਵਲ ਨਾਲ ਸਰਵਣ ਸਿੰਘ, ਉਹਦਾ ਪੁੱਤਰ ਸਰਬਜੀਤ ਸਿੰਘ ਤੇ ਨੂੰਹ ਬੀਬੀ ਗੁਰਪ੍ਰੀਤ ਕੌਰ।

-ਪ੍ਰਿੰ. ਸਰਵਣ ਸਿੰਘ-
ਜਸਵੰਤ ਸਿੰਘ ਕੰਵਲ ਸੱਚਮੁੱਚ ਪੂਰਨਮਾਸ਼ੀ ਦਾ ਚੰਦ ਸੀ ਤੇ ਡਾ. ਜਸਵੰਤ ਗਿੱਲ ਪੁੰਨਿਆਂ ਦਾ ਚਾਨਣ। ਉਹਦੇ ਨਾਵਲ ‘ਪੂਰਨਮਾਸ਼ੀ’ ਵਿਚਲਾ ‘ਨਵਾਂ ਪਿੰਡ’ ਉਹਦਾ ਬਚਪਨ ਵਿਚ ਵੇਖਿਆ ਆਪਣਾ ਪਿੰਡ ਢੁੱਡੀਕੇ ਹੀ ਸੀ। ਨਾਵਲ ਦੇ ਆਰੰਭ `ਚ ਜਿਹੜਾ ਖੂਹ ਚਲਦਾ ਵਿਖਾਇਆ ਗਿਐ ਉਹ ਉਨ੍ਹਾਂ ਦੇ ਬਾਹਰਲੇ ਘਰ ਨੇੜਲਾ ਖੂਹ ਸੀ ਜੋ ਹੁਣ ਪੂਰਿਆ ਜਾ ਚੁੱਕੈ। ਬੇਆਬਾਦ ਹੋਇਆ ਉਹ ਖੂਹ ਨਾਵਲ ‘ਪੂਰਨਮਾਸ਼ੀ’ ਵਿਚ ਅਜੇ ਵੀ ਆਬਾਦ ਹੈ ਜਿਸ ਦੀ ਮੌਣ ਉਤੇ ਕਦੇ ਕੰਵਲ, ਕਦੇ ਬਲਰਾਜ ਸਾਹਨੀ ਤੇ ਉਨ੍ਹਾਂ ਤੋਂ ਪਹਿਲਾਂ ਢੁੱਡੀਕੇ ਦੇ ਗ਼ਦਰੀ ਬਾਬੇ ਬਹਿੰਦੇ ਰਹੇ ਤੇ ਬਾਬਾ ਰੂੜ ਸਿੰਘ ਦੇ ਪਿੰਡ ਚੂਹੜਚੱਕ ਵੱਲੋਂ ਚੜ੍ਹਦਾ ਪੂਰਨਮਾਸ਼ੀ ਦਾ ਚੰਦ ਵੇਖਦੇ ਰਹੇ।
ਕੰਵਲ ਪੰਜਾਬ ਦਾ ਰਸੂਲ ਹਮਜ਼ਾਤੋਵ ਸੀ। ਉਹ ‘ਮੇਰਾ ਦਾਗਿਸਤਾਨ’ ਵਾਂਗ ‘ਮੇਰੇ ਪੰਜਾਬ’ ਨੂੰ ਦਿਲੋਂ ਪਿਆਰ ਕਰਨ ਵਾਲਾ ਜਜ਼ਬਾਤੀ ਲੇਖਕ ਸੀ। ਕਈ ਉਸ ਨੂੰ ‘ਪੰਜਾਬ ਦੀ ਪੱਗ’, ‘ਖੇਤਾਂ ਦਾ ਪੁੱਤ’ ਤੇ ਕਈ ਵਗਦੀਆਂ `ਵਾਵਾਂ ਨਾਲ ਹੁਲ੍ਹਾਰੇ ਖਾਣ ਵਾਲਾ ‘ਸਰੂ ਦਾ ਰੁੱਖ’ ਕਹਿੰਦੇ ਰਹੇ। ਉਹ ਲਹਿਰਾਂ ਨਾਲ ਚੱਲਣ ਵਾਲਾ ਲਹਿਰੀ ਲੇਖਕ ਸੀ। ਉਹਦੀਆਂ ਲਿਖਤਾਂ ਪਿਆਰ ਮੁਹੱਬਤ ਦੇ ਰੁਮਾਂਚਿਕ ਸੰਵਾਦਾਂ ਨਾਲ ਓਤ ਪੋਤ ਸਨ। ਪੰਜਾਬ, ਪੰਜਾਬੀ, ਪੰਜਾਬੀਅਤ ਤੇ ਵਾਰਸ ਦੀ ਹੀਰ ਦਾ ਆਸ਼ਕ ਹੋਣ ਨਾਲ ਉਹ ਪੰਜਾਬੀਆਂ
ਦੇ ਹੱਕਾਂ ਦਾ ਨਗਾਰਚੀ ਸੀ। ਉਹਦੇ ਨਾਵਲਾਂ ਵਿੱਚ ਪੰਜਾਬ ਦੇ ਪੇਂਡੂ ਪਾਤਰ ਪਹਿਲੀ ਵਾਰ ਹੁੱਬ ਕੇ ਪੇਸ਼ ਹੋਏ। ਪੰਜਾਬੀਆਂ ਦਾ ਬਾਈ ਕਿਹਾ ਜਾਂਦਾ ਕੰਵਲ 100 ਸਾਲ 7 ਮਹੀਨੇ 4 ਦਿਨ ਜੀਵਿਆ। 27
ਜੂਨ 1919 ਨੂੰ ਉਸ ਨੇ ਢੁੱਡੀਕੇ ਦੀ ਆਬੋ ਹਵਾ ਵਿਚ ਪਹਿਲਾ ਸਾਹ ਲਿਆ ਸੀ ਤੇ ਢੁੱਡੀਕੇ ਵਿਚ
ਹੀ 1 ਫਰਵਰੀ 2020 ਨੂੰ ਸਵੇਰੇ 7:40 ਵਜੇ ਆਖ਼ਰੀ ਸਾਹ ਲਿਆ। ਮੇਰਾ ਕੰਵਲ ਨਾਲ 62 ਸਾਲਾਂ ਦਾ
ਮੇਲਜੋਲ ਸੀ ਜਿਨ੍ਹਾਂ `ਚੋਂ ਤੀਹ ਸਾਲ ਮੈਂ ਢੁੱਡੀਕੇ ਕਾਲਜ ਵਿਚ ਪੜ੍ਹਾਇਆ। ਅਸੀਂ ਕਈ ਪੂਰਨਮਾਸ਼ੀਆਂ `ਕੱਠੀਆਂ ਵੀ ਮਨਾਈਆਂ।
ਇਕ ਦਿਨ ਵਰਿਆਮ ਸਿੰਘ ਸੰਧੂ ਨਾਲ ਗੁਜ਼ਰ ਗਏ ਲੇਖਕਾਂ ਨੂੰ ਯਾਦ ਕਰਨ ਦੀਆਂ ਗੱਲਾਂ ਚੱਲੀਆਂ ਤਾਂ ਉਸ ਨੇ ਕਿਹਾ, “ਲੇਖਕ ਉਹੀ ਯਾਦ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਾਰਸ ਜੀਂਦੇ ਜਾਗਦੇ ਹੋਣ।”
ਸ਼ੁਕਰ ਹੈ ਕੰਵਲ ਦੇ ਵਾਰਸ ਜਿਊਂਦੇ ਜਾਗਦੇ ਨੇ, ਖ਼ਾਸ ਕਰਕੇ ਢੁੱਡੀਕੇ ਦੇ ਨੌਜੁਆਨ ਤੇ ਦੋਹਤਾ ਸੁਮੇਲ ਸਿੰਘ ਸਿੱਧੂ। ਉਨ੍ਹਾਂ ਨੇ ਕੰਵਲ ਦੀ ਯਾਦ ਵਿਚ ਪੂਰਨਮਾਸ਼ੀ ਪੰਜਾਬੀ ਮੇਲਾ ਜੋੜਿਆ ਜੋ ਐਤਕੀਂ 18-20 ਨਵੰਬਰ ਨੂੰ ਗ਼ਦਰੀ ਬਾਬਿਆਂ ਦੀ ਯਾਦਗਾਰ ਢੁੱਡੀਕੇ ਵਿਖੇ ਮਨਾਇਆ ਗਿਆ। ਪਹਿਲੇ ਦਿਨ ਕਹਾਣੀਕਾਰ ਗੁਰਦੇਵ ਰੁਪਾਣਾ, ਨਾਵਲਕਾਰ ਮੋਹਨ ਕਾਹਲੋਂ ਤੇ ਲੋਕ ਗਾਇਕ ਅਮਰਜੀਤ ਗੁਰਦਾਸਪੁਰੀ ਨੂੰ ਉਚੇਚਾ ਯਾਦ ਕੀਤਾ। ਜੋੜ ਮੇਲੇ ਵਿਚ ਹੀਰ ਗਾਇਣ ਤੇ ਰਜਬ ਅਲੀ ਦੀ
ਕਵੀਸ਼ਰੀ ਸਣੇ ਕਈ ਸਾਹਿਤਕ ਤੇ ਸਭਿਆਚਾਰ ਸੈਸ਼ਨ ਹੋਏ। ਇਹ ਚੌਥਾ ਪੂਰਨਮਾਸ਼ੀ ਮੇਲਾ ਸੀ।
ਕੰਵਲ ਦੀ ਮੁੱਢਲੀ ਪਛਾਣ ‘ਮਾਹਲੇ ਕਾ ਬੰਤਾ’ ਸੀ। ਉਹਦਾ ਜਨਮ ਢੁੱਡੀਕੇ ਦੀ ਕਪੂਰਾ ਪੱਤੀ ਵਿੱਚ ਮਾਹਲਾ ਸਿੰਘ ਦੇ ਘਰ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਸੀ। 1940 ਵਿਚ ਉਸ
ਨੇ ਪਹਿਲੀ ਪੋਥੀ ‘ਜੀਵਨ ਕਣੀਆਂ’ ਲਿਖੀ ਜੋ 1943 `ਚ ਛਪੀ। ਆਖ਼ਰੀ ਪੁਸਤਕ ‘ਧੁਰ ਦਰਗਾਹ’ 2017
ਵਿੱਚ ਛਪੀ ਜਿਸ ਦੇ ਸਰਵਰਕ ਉਪਰ ਛਪਿਆ ਹੈ:
ਦਿਲ ਦੇ ਤਾਰਿਓ! ਰੂਹ ਦੇ ਪਿਆਰਿਓ! ਵਿਛੜਨ ਦਾ ਵੇਲਾ ਧੱਕਾ ਦੇ ਕੇ ਆ ਗਿਆ ਏ। ਧੱਕੇ ਮਾਰਦੇ ਮੇਲੇ ਨੇ ਇੱਕ ਦਿਨ ਖਿਲਰਣਾ ਹੀ ਹੈ। ਆਓ ਰਲ ਮਿਲ ਕੇ ਇਸ ਮੇਲੇ ਨੂੰ ਯਾਦਗਾਰੀ ਬਣਾਈਏ।
ਯਾਰਾਂ ਦੋਸਤਾਂ, ਪਾਠਕਾਂ, ਲੇਖਕਾਂ ਤੇ ਅਨਾਦੀ ਮੇਲ ਮਿਲਾਪੀਆਂ ਨੂੰ, ਘੁੱਟ ਘੁੱਟ ਜੱਫੀਆਂ ਪਾ ਕੇ ਮਿਲੀਏ ਤੇ ਪਿਆਰ ਦੀਆਂ ਪੱਕੀਆਂ ਲੀਹਾਂ ਨੂੰ ਯਾਦਗਾਰੀ ਬਣਾਈਏ …
ਉਸ ਦੀਆਂ ਸੌ ਕੁ ਪੁਸਤਕਾਂ ਵਿੱਚ ਤਿੰਨ ਦਰਜਨ ਦੇ ਕਰੀਬ ਨਾਵਲ ਹਨ। ਦਰਜਨ ਤੋਂ ਵੱਧ
ਕਹਾਣੀ ਸੰਗ੍ਰਹਿ, ਕੁੱਝ ਰੇਖਾ ਚਿੱਤਰ ਸੰਗ੍ਰਹਿ, ਜੀਵਨ ਯਾਦਾਂ, ਕਾਵਿ ਸੰਗ੍ਰਹਿ ਅਤੇ ਕੁੱਝ
ਨਿਬੰਧ ਸੰਗ੍ਰਹਿ ਹਨ। ਸਿਆਸੀ ਲੇਖਾਂ ਵੀ ਦੀਆਂ ਅੱਧੀ ਕੁ ਦਰਜਨ ਕਿਤਾਬਾਂ ਹਨ। ਉਹਦੀਆਂ ਪਾਠਕਾਂ ਨੂੰ ਲਿਖੀਆਂ ਚਿੱਠੀਆਂ ’ਕੱਠੀਆਂ ਕਰ ਲਈਆਂ ਜਾਣ ਤਾਂ ਚਿੱਠੀਆਂ ਦਾ ਹੀ ਗ੍ਰੰਥ ਬਣ ਸਕਦਾ
ਹੈ। ਉਹਦੇ ਪਾਤਰਾਂ ਤੋਂ ਬੁਲਾਏ ਸੰਵਾਦਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਵੱਧ ਹੋਵੇਗੀ ਜੋ ਪਾਠਕਾਂ ਨੇ ਨੋਟ ਬੁੱਕਾਂ ’ਚ ਨੋਟ ਕੀਤੇ। ਉਹਦੀ ਕਲਮ ਨੇ ਪੰਜਾਹ ਲੱਖ ਤੋਂ ਵੱਧ ਲਫ਼ਜ਼ ਲਿਖੇ।
ਉਹਦੇ ਕਈ ਨਾਵਲਾਂ ਤੇ ਲੇਖ ਸੰਗ੍ਰਹਿਆਂ ਦੀਆਂ ਦਰਜਨ ਤੋਂ ਵੱਧ ਐਡੀਸ਼ਨਾਂ ਛਪੀਆਂ। ਉਹਦੀਆਂ ਕਿਤਾਬਾਂ ਦੀਆਂ ਕੁਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪ ਚੁੱਕੀਆਂ ਹਨ। ਪੰਜਾਬੀ
ਲੇਖਕਾਂ ਵਿੱਚੋਂ ਉਸ ਨੂੰ ਸਭ ਤੋਂ ਵੱਧ ਰਾਇਲਟੀ ਮਿਲਦੀ ਰਹੀ। ਵੀਹਵੀਂ ਸਦੀ ਦੇ ਪੰਜਾਬੀ ਲੇਖਕਾਂ `ਚੋਂ ਉਹ ਸਭ ਤੋਂ ਵੱਧ ਪੜ੍ਹਿਆ ਗਿਆ।
1975-76 ਦੀ ਐਮਰਜੰਸੀ ਦੌਰਾਨ ਸਰਕਾਰ ਤੋਂ ਚੋਰੀ ਛਿੱਪੇ ਸਿੰਗਾਪੁਰੋਂ ਛਪਵਾਏ ਉਹਦੇ ਨਾਵਲ ‘ਲਹੂ ਦੀ ਲੋਅ’ ਨੂੰ ਪੰਜਾਬ ਭਾਸ਼ਾ ਵਿਭਾਗ ਨੇ 1977-78 ਵਿੱਚ ਪੁਰਸਕਾਰ ਐਲਾਨਿਆ ਤਾਂ ਅਸੀਂ ਵਧਾਈ ਦੇਣ ਗਏ। ਪਰ ਉਸ ਨੇ ਇਨਾਮ ਠੁਕਰਾਅ ਦਿੱਤਾ। ਕਿਹਾ ਕਿ ਜਿਹੜੀ ਸਰਕਾਰ ‘ਲਹੂ ਦੀ ਲੋਅ’ ਦੇ ਨਾਇਕਾਂ ਦੀ ਕਾਤਲ ਹੈ ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ? ਇਹ ਵਰਣਨਯੋਗ ਹੈ ਕਿ ਉਸ ਦੇ ਬਣਾਏ ਸਾਹਿਤ ਟ੍ਰੱਸਟ ਢੁੱਡੀਕੇ ਨੇ ਸੌ ਕੁ ਲੇਖਕਾਂ ਨੂੰ ਬਾਵਾ ਬਲਵੰਤ, ਬਲਰਾਜ
ਸਾਹਨੀ ਤੇ ਡਾ. ਜਸਵੰਤ ਗਿੱਲ ਦੇ ਨਾਂ `ਤੇ ਅਵਾਰਡ ਦਿੱਤੇ। ਉਹ ਕੱਟੜਪੰਥੀ ਨਹੀਂ ਬਲਕਿ ਫਿਰਕਾਪ੍ਰਸਤੀ ਤੋਂ ਉਪਰ ਉਠਿਆ ਲੇਖਕ ਸੀ।
1986 ਵਿੱਚ ਉਸ ਨੂੰ ਕਰਤਾਰ ਸਿੰਘ ਧਾਲੀਵਾਲ ਅਵਾਰਡ ਲੈਣ ਲਈ ਮਸੀਂ ਮਨਾਇਆ ਗਿਆ ਸੀ।
ਉਦੋਂ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਪ੍ਰੀਤਮ ਸਿੰਘ ਨੇ ਅਕਾਡਮੀ ਦੇ ਜਨਰਲ ਸਕੱਤਰ ਪ੍ਰੋ. ਪ੍ਰਮਿੰਦਰ ਸਿੰਘ ਤੇ ਗੁਰਭਜਨ ਗਿੱਲ ਨੂੰ ਢੁੱਡੀਕੇ ਭੇਜਿਆ ਸੀ। ਉਹ ਮੇਰੇ ਕੋਲ ਆਏ ਤੇ ਕੰਵਲ ਨੂੰ ਮਨਾਉਣ ਲਈ ਨਾਲ ਲੈ ਕੇ ਗਏ। ਉਨ੍ਹਾਂ ਨੂੰ ਤੌਖਲਾ ਸੀ ਕਿਤੇ ‘ਲਹੂ ਦੀ ਲੋਅ’ ਦੇ ਇਨਾਮ ਵਾਂਗ ਨਾਂਹ ਨਾ ਕਰ ਦੇਵੇ। ਉੱਦਣ ਕੰਵਲ ਕਿਤੇ ਬਾਹਰ ਗਿਆ ਹੋਇਆ ਸੀ। ਉਹਦੇ ਪੁੱਤਰ ਸਰਬਜੀਤ, ਡਾ. ਜਸਵੰਤ ਗਿੱਲ ਤੇ ਮੈਂ, ਤਿੰਨਾਂ ਨੇ ਹਾਮੀ ਓਟ ਦਿੱਤੀ ਸੀ ਕਿ ਕੰਵਲ ਨੂੰ ਲੁਧਿਆਣੇ ਲਿਆਵਾਂਗੇ। ਪਰ ਕੰਵਲ ਫਿਰ ਵਿਹਰ ਗਿਆ। ਅਵਾਰਡ ਪੰਜਾਬ ਦੇ ਰਾਜਪਾਲ ਹੱਥੋਂ ਦਿਵਾਇਆ ਜਾਣਾ ਸੀ। ਕੰਵਲ ਨਹੀਂ ਸੀ ਚਾਹੁੰਦਾ ਕਿ ਅਵਾਰਡ ਨੂੰ ਸਰਕਾਰੀ ਹੱਥ ਲੱਗੇ। ਪ੍ਰੋ. ਪ੍ਰੀਤਮ ਸਿੰਘ ਨੂੰ ਦਲੀਲ ਦੇਣੀ ਕਿ ਗਵਰਨਰ ਰਾਜ ਦਾ ਕੇਵਲ ਸੰਵਿਧਾਨਕ ਮੁਖੀ ਹੁੰਦਾ ਹੈ। ਇੰਜ 1986 ਵਿੱਚ ਉਹ ਪਹਿਲੀ ਵਾਰ ਸਾਹਿਤਕ ਇਨਾਮ ਲੈਣ ਦੇ ਰਾਹ ਪਿਆ।
ਫਿਰ 1990 ਵਿੱਚ ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਤੇ 1997 ਵਿੱਚ ਭਾਰਤੀ ਸਾਹਿਤ ਅਕਾਡਮੀ ਦੇ ਅਵਾਰਡ ਮਿਲੇ। 1997 ਵਿੱਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੇ ਉਸ ਨੂੰ ਸਰਵਸ੍ਰੇਸ਼ਟ ਸਾਹਿਤਕਾਰ ਪੁਰਸਕਾਰ ਪਰਦਾਨ ਕੀਤਾ। 2000 ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਅਵਾਰਡ ਮਿਲੇ। 2008 ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਉਸ ਨੂੰ ਡੀਲਿੱਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ। ਫਿਰ ਭਾਸ਼ਾ ਵਿਭਾਗ ਪੰਜਾਬ ਦਾ ਸਾਹਿਤ ਰਤਨ ਅਵਾਰਡ ਅਤੇ ਸਾਹਿਤ ਅਕਾਡਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਅਵਾਰਡ ਮਿਲੇ। 2018 ਵਿੱਚ ਉਸ ਦੇ ਸੌਵੇਂ ਜਨਮ ਦਿਨ `ਤੇ ਪੰਜਾਬ ਕਲਾ ਪ੍ਰੀਸ਼ਦ ਨੇ
ਪੰਜਾਬ ਗੌਰਵ ਦੇ ਮਾਨ ਨਾਲ ਸਨਮਾਨਿਆ। ਉਸ ਨੇ ਦਰਜਨ ਤੋਂ ਵੱਧ ਦੇਸ਼ਾਂ ਦਾ ਭਰਮਣ ਕੀਤਾ।
ਦੇਸ਼ ਵਿਦੇਸ਼ ਦੀਆਂ ਸਾਹਿਤ ਸਭਾਵਾਂ ਵੱਲੋਂ ਮਿਲੇ ਮਾਨ ਸਨਮਾਨਾਂ ਦਾ ਕੋਈ ਅੰਤ ਨਹੀਂ। ਪਰ ਉਹ ਸਭ ਤੋਂ ਵੱਡਾ ਮਾਨ ਸਨਮਾਨ ਪਾਠਕਾਂ ਦੇ ਹੁੰਗ੍ਹਾਰੇ ਨੂੰ ਮੰਨਦਾ ਰਿਹਾ ਜੋ ਉਸ ਨੂੰ ਪੌਣੀ ਸਦੀ ਤੋਂ ਪੜ੍ਹਦੇ ਆ ਰਹੇ ਸਨ।
ਉਹਦੀ ਵਿਚਾਰਧਾਰਾ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ, ਪਰ ਇਹ ਤੱਥ ਸਭ ਮੰਨਦੇ ਸਨ ਕਿ ਉਸ ਨੇ ਸਭ ਤੋਂ ਵੱਧ ਪਾਠਕ ਪੰਜਾਬੀ ਪੁਸਤਕਾਂ ਪੜ੍ਹਨ ਲਾਏ। ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਤੇ ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਨਾਵਲਕਾਰ ਨਾਨਕ ਸਿੰਘ ਦਾ ਵਾਰਸ ਕਿਹਾ ਜਾਂਦਾ। ਉਸ ਨੇ ਮਲਾਇਆ ਵਿੱਚ ਜਾਗੇ ਦੀ ਨੌਕਰੀ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਲੱਰਕੀ ਤੇ ਘਰ ਦੀ ਖੇਤੀ ਵਾਹੀ ਕੀਤੀ। ਪਿੰਡ ਦੀ ਸਰਪੰਚੀ ਤੋਂ ਲੈ ਕੇ ਭਾਸ਼ਾ ਵਿਭਾਗ ਪੰਜਾਬ ਦੇ ਸਲਾਹਕਾਰ ਬੋਰਡ ਦੀ ਮੈਂਬਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਉਹ ਦੇਸ ਵਿਦੇਸ ਵਿਸ਼ਵ ਪੰਜਾਬੀ ਕਾਨਫ੍ਰੰਸਾਂ `ਤੇ ਕਨਵੈਸ਼ਨਾਂ `ਤੇ ਵੀ ਜਾਂਦਾ ਰਿਹਾ।
ਉਹ ਚਾਰ ਜਮਾਤਾਂ ਢੁੱਡੀਕੇ ਪੜ੍ਹ ਕੇ ਅੱਠਵੀਂ ਤਕ ਨਾਨਕੀਂ ਚੂਹੜਚੱਕ ਪੜ੍ਹਿਆ ਸੀ। ਲਛਮਣ ਸਿੰਘ ਗਿੱਲ ਵੀ ਉਥੇ ਪੜ੍ਹਦਾ ਸੀ ਜੋ 1967 ਵਿਚ ਪੰਜਾਬ ਦਾ ਮੁੱਖ ਮੰਤਰੀ ਬਣਿਆ।
ਉਸ ਨੇ ਪੰਜਾਬ ਰਾਜ ਭਾਸ਼ਾ ਐਕਟ ਪਾਸ ਕਰਵਾ ਕੇ ਪੰਜਾਬੀ ਸਾਰੇ ਸਰਕਾਰੀ ਦਫਤਰਾਂ ਵਿਚ ਅਮਲੀ ਤੌਰ `ਤੇ ਲਾਗੂ ਕੀਤੀ। ਲਛਮਣ ਸਿੰਘ ਗਿੱਲ ਤੇ ਕੰਵਲ ਦਾ ਹਾਣੀ ਗਿਆਨੀ ਲਾਲ ਸਿੰਘ ਗੁਆਂਢੀ ਪਿੰਡ ਦੌਧਰ ਦੇ ਸਕੂਲ ਵਿਚ ਪੜ੍ਹਿਆ ਸੀ। ਇਸ ਨੂੰ ਸਬੱਬ ਹੀ ਸਮਝੋ ਕਿ ਢੁੱਡੀਕੇ, ਚੂਹੜਚੱਕ ਤੇ ਦੌਧਰ ਦੇ ਉਹ ਤਿੰਨੇ ਵਿਦਿਆਰਥੀ ਪੰਜਾਬੀ ਭਾਸ਼ਾ ਦੇ ਵੱਡੇ ਥੰਮ੍ਹ ਬਣੇ। ਲਛਮਣ ਸਿੰਘ ਗਿੱਲ ਨੇ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿਵਾਇਆ, ਗਿਆਨੀ ਲਾਲ ਸਿੰਘ ਨੇ ਪੰਜਾਬ ਦੇ ਸਰਕਾਰੀ
ਦਫਤਰਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਦਾ ਕਾਰਜ ਨਿਭਾਇਆ ਅਤੇ ਜਸਵੰਤ ਸਿੰਘ ਕੰਵਲ ਨੇ ਸਾਹਿਤ
ਸਭਾਵਾਂ ਤੇ ਪੰਜਾਬੀ ਕਨਵੈਨਸ਼ਨਾਂ ਕਰਵਾ ਕੇ ਅਤੇ ਭਰਪੂਰ ਪੰਜਾਬੀ ਸਾਹਿਤ ਰਚ ਕੇ ਪੰਜਾਬੀ ਸਾਹਿਤ ਤੇ ਭਾਸ਼ਾ ਨੂੰ ਅਮੀਰ ਬਣਾਇਆ।
ਢੁੱਡੀਕੇ ਦੇ ਖੇਡ ਮੇਲੇ ਸਮੇਂ ਸਾਡਾ ਹਰ ਸਾਲ ਮੇਲ ਹੁੰਦਾ ਸੀ। 2019 ਵਿਚ ਕੈਨੇਡਾ ਪਰਤਣ ਤੋਂ ਪਹਿਲਾਂ ਮੈਂ ਉਸ ਨੂੰ ਮਿਲਣ ਗਿਆ ਤਾਂ ਉਹ ਇਕੋ ਸ਼ਿਅਰ ਮੁੜ ਮੁੜ ਦੁਹਰਾਈ ਗਿਆ ਸੀ:
ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਲੇਂ ਲਾਏਂ...।
ਰਾਤ ਮੈਂ ਉਹਦੇ ਕੋਲ ਹੀ ਰਿਹਾ ਸੀ ਤੇ ਅਸੀਂ ਦੇਰ ਤਕ ਗੱਲਾਂ ਕਰਦੇ ਰਹੇ ਸਾਂ। ਉਹਦਾ ਚੇਤਾ ਕਾਫੀ ਘਟ ਗਿਆ ਸੀ। ਕੱਲ੍ਹ ਦੀ ਗੱਲ ਅੱਜ ਤੇ ਸਵੇਰ ਦੀ ਸ਼ਾਮ ਨੂੰ ਚੇਤੇ ਨਹੀਂ ਸੀ ਰਹਿੰਦੀ। ਰਾਤ ਵਾਲਾ
ਸ਼ਿਅਰ ‘ਹਮ ਜੋ ਗਏ ਤੇ ਤੁਮ ਜੋ ਆਏ’ ਸਵੇਰ ਨੂੰ ਭੁੱਲ ਚੁੱਕਾ ਸੀ। 28 ਜਨਵਰੀ 2020 ਨੂੰ ਸਾਡਾ ਆਖ਼ਰੀ ਮੇਲ ਹੋਇਆ, ਸਿਆਣ ਲਿਆ ਤੇ ਫੋਟੋ ਵੀ ਖਿਚਾ ਲਈ। ਮੁੜ ਮਿਲਣ ਦੇ ਵਾਇਦੇ ਨਾਲ ਵਿਦਾਇਗੀ ਵੀ ਦੇ ਦਿੱਤੀ। ਪਰ 1 ਫਰਵਰੀ 2020 ਨੂੰ ਸਵੇਰੇ ਹੀ ਸਰਬਜੀਤ ਦਾ ਫੋਨ ਆ ਗਿਆ, “ਬਾਪੂ
ਜੀ ਨਹੀਂ ਰਹੇ!” 27 ਜੂਨ 2019 ਨੂੰ ਜਦੋਂ ਕੰਵਲ ਸੌ ਸਾਲਾਂ ਦਾ ਹੋਇਆ ਤਾਂ ਪੰਜਾਬ ਸਰਕਾਰ ਨੇ ਇਲਾਜ ਲਈ
ਪੰਜ ਲੱਖ ਰੁਪਏ ਦਾ ਚੈੱਕ ਭੇਜਿਆ ਸੀ ਜੋ ਪਰਿਵਾਰ ਨੇ ਧੰਨਵਾਦ ਕਰਦਿਆਂ ਮੋੜ ਦਿੱਤਾ ਸੀ ਕਿ ਉਨ੍ਹਾਂ ਦੇ ਬਾਪੂ ਜੀ ਬਿਮਾਰ ਨਹੀਂ। ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਹਨ ਅਤੇ ਅਸੀਂ ਸੇਵਾ ਸੰਭਾਲ ਕਰਨ ਦੇ ਯੋਗ ਹਾਂ। ਕੰਵਲ ਉਦੋਂ ਢੁੱਡੀਕੇ ਦਾ ਸਰਪੰਚ ਸੀ ਜਦੋਂ ਲਾਜਪਤ ਰਾਏ ਖੇਡ ਮੇਲਾ ਸ਼ੁਰੂ ਕੀਤਾ ਸੀ।
ਉਹ ਹਰ ਸਾਲ ਮੇਲੇ `ਚ ਹਾਜ਼ਰੀ ਭਰਦਾ ਰਿਹਾ। 2019 ਵਿਚ ਮੈਂ ਮੱਲੋਮੱਲੀ ਮੇਲੇ `ਚ ਲਿਜਾ ਕੇ ਝੰਡੀ ਕਰਵਾ ਆਇਆ ਸਾਂ। 28 ਜਨਵਰੀ ਨੂੰ 2020 ਦਾ ਮੇਲਾ ਵਿਖਾਉਣ ਲਈ ਵੀ ਕਿਹਾ, “ਓੜਕ ਨੂੰ
ਮਰ ਜਾਣਾ, ਚੱਲ ਮੇਲੇ ਚੱਲੀਏ...।” ਪਰ ਉਹ ਜਾਂਦੀ ਵਾਰ ਦਾ ਮੇਲਾ ਵੇਖਣ ਜੋਗਾ ਨਹੀਂ ਸੀ।
ਉਹ ਉਮਰ ਦੀ ਇਕੋਤਰੀ ਮਾਰਨ ਦੇ ਰਾਹ ਉਤੇ ਸੀ ਜਿਸ `ਚ ਸਿਰਫ਼ ਪੰਜ ਮਹੀਨੇ ਬਾਕੀ ਸਨ। ਪਰ ਕੁਦਰਤ ਨੂੰ ਜੋ ਮਨਜੂਰ ਸੀ ਉਹੀ ਹੋਇਆ। ਕੰਵਲ ਦੀ ਦੇਹ ਦਾ ਹੀ ਅੰਤ ਹੋਇਐ, ਉਹਦੀਆਂ ਲਿਖਤਾਂ ਦਾ ਨਹੀਂ। ਉਹਦੇ ਲਿਖੇ ਲੱਖਾਂ ਲਫ਼ਜ਼ ਤਾਰਿਆਂ ਹਾਰ ਜਗਦੇ ਰਹਿਣਗੇ ਤੇ ਪੂਰਨਮਾਸ਼ੀ ਵਾਂਗ ਹਨ੍ਹੇਰੀਆਂ ਰਾਤਾਂ ਰੁਸ਼ਨਾਉਂਦੇ ਰਹਿਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ