ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਭੀਮਾ ਕੋਰੇਗਾਉਂ ਕੇਸ ਵਿੱਚ ਪ੍ਰਮੁੱਖ ਕਵੀ ਅਤੇ ਮਨੁੱਖੀ ਅਧਿਕਾਰ ਕਾਰਕੰੁਨ ਪੀ ਵਰਵਰਾ ਰਾਓ ਨੂੰ ਮੈਡੀਕਲ ਆਧਾਰ ਉੱਤੇ ਕੱਲ੍ਹ ਜ਼ਮਾਨਤ ਦਿੱਤੀ ਹੈ।
ਜਸਟਿਸ ਯੂ ਯੂ ਲਲਿਤ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ 82 ਸਾਲਾ ਰਾਓ, ਜੋ ਇਸ ਸਮੇਂ ਖਰਾਬ ਸਿਹਤ ਦੇ ਆਧਾਰ ਉੱਤੇ ਅੰਤਿ੍ਰਮ ਜ਼ਮਾਨਤ ਉੱਤੇ ਹਨ, ਦੀ ਸਿਹਤ ਵਿੱਚ ਅਜੇ ਇੰਨਾ ਸੁਧਾਰ ਨਹੀਂ ਹੋਇਆ ਕਿ ਉਨ੍ਹਾਂ ਨੂੰ ਪਹਿਲਾਂ ਦਿੱਤੀ ਰਾਹਤ ਵਾਪਸ ਲੈਲਈ ਜਾਵੇ। ਅਦਾਲਤ ਨੇ ਇਹ ਵੀ ਕਿਹਾ ਕਿ ਭਾਵੇਂ ਕੇਸ ਦੀ ਚਾਰਜਸ਼ੀਟ ਦਾਖਲ ਕਰ ਦਿੱਤੀ ਗਈ ਹੈ, ਪਰ ਕੁਝ ਮੁਲਜ਼ਮ ਅਜੇ ਤਕ ਨਹੀਂ ਫੜੇ ਗਏ ਤੇ ਜਿਹੜੇ ਅਦਾਲਤ ਅੱਗੇ ਪੇਸ਼ ਕੀਤੇ ਹਨ, ਉਨ੍ਹਾਂ ਖਿਲਾਫ ਦੋਸ਼ ਲਾਗੂ ਕਰਨ ਦੀ ਕਾਰਵਾਈ ਵੀ ਸ਼ੁਰੂ ਨਹੀਂ ਹੋਈ ਤਾਂ ਉਹ ਵਰਵਰਾ ਰਾਓ ਮਗਰ ਕਿਉਂ ਲੱਗੇ ਹੋਏ ਹਨ। ਤੇਲਗੂ ਕਵੀ ਨੂੰ ਜ਼ਮਾਨਤ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਗਰੇਟਰ ਮੁੰਬਈ ਦਾ ਇਲਾਕੇ ਦੀ ਅਦਾਲਤ ਦੀ ਇਜਾਜ਼ਤ ਬਿਨਾਂ ਬਾਹਰ ਕਿਤੇ ਨਹੀਂ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਨਾਲ ਰਿਹਾਈ ਦੀ ਦੁਰਵਰਤੋਂ ਨਹੀਂ ਕਰਨਗੇ।
ਵਰਨਣ ਯੋਗ ਹੈ ਕਿ ਵਰਵਰਾ ਰਾਓ ਨੂੰ 28 ਅਗਸਤ 2018 ਵਿੱਚ ਹੈਦਰਾਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਰਾਓ ਦੀ ਅੰਤਿ੍ਰਮ ਜ਼ਮਾਨਤ ਅਗਲੇ ਹੁਕਮਾਂ ਤਕ ਜਾਰੀ ਰਹੇਗੀ। ਇਹ ਕੇਸ 31 ਦਸੰਬਰ 2017 ਵਿੱਚ ਪੁਣੇ ਵਿੱਚ ਹੋਏ ਐਲਗਾਰ ਪ੍ਰੀਸ਼ਦ ਦੇ ਪ੍ਰੋਗਰਾਮ ਵਿੱਚ ਭੜਕਾਊ ਭਾਸ਼ਣ ਦੇਣ ਨਾਲ ਜੁੜਿਆ ਹੈ। ਪੁਣੇ ਪੁਲਸ ਦਾ ਦਾਅਵਾ ਹੈ ਕਿ ਭਾਸ਼ਣ ਕਾਰਨ ਅਗਲੇ ਦਿਨ ਭੀਮਾ ਕੋਰੇਗਾਉਂ ਵਿੱਚ ਹਿੰਸਾ ਫੈਲੀ ਸੀ ਅਤੇ ਪ੍ਰੋਗਰਾਮ ਦੇ ਪ੍ਰਬੰਧਕਾਂ ਦੇ ਮਾਓਵਾਦੀਆਂ ਨਾਲ ਸੰਬੰਧ ਹਨ। ਪਿੱਛੋਂ ਇਸ ਕੇਸ ਦੀ ਜਾਂਚ ਐਨ ਆਈ ਏ ਨੂੰ ਸੌਂਪ ਦਿੱਤੀ ਗਈ ਸੀ।
ਇਥੋਂ ਦੀ ਵਿਸ਼ੇਸ਼ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੂੰ ਐਲਗਾਰ ਪ੍ਰੀਸ਼ਦ ਨਾਲ ਸਬੰਧਤ ਕੇਸ ਦੇ ਮੁਲਜ਼ਮ ਵਕੀਲ ਸੁਰਿੰਦਰ ਗਾਡਲਿੰਗ ਦੇ ਬਿਆਨ ਦਰਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੌਮੀ ਜਾਂਚ ਏਜੰਸੀ (ਇਨਫੋਰਸਮੈਂਟ ਡਾਇਰੈਕਟੋਰੇਟ) ਦੇ ਕੇਸਾਂ ਲਈ ਵਿਸ਼ੇਸ਼ ਅਪਰਾਧ ਨਾਲ ਸਬੰਧਤ ਪ੍ਰਕਿਰਿਆ ਇਸ ਜਾਂਚ ਦਾ ਹਿੱਸਾ ਹੈ ਤੇ ਇਸ ਬਾਰੇ ਕੋਈ ਸ਼ਿਕਾਇਤ ਦਰਜ ਹੈ ਤਾਂ ਗਾਡਲਿੰਗ ਦੇ ਬਿਆਨ ਦਰਜ ਹੋ ਸਕਦੇ ਹਨ। ਸਾਲ 2018 ਵਿੱਚ ਐਲਗਾਰ ਪ੍ਰੀਸ਼ਦ ਕੇਸ ਵਿੱਚ ਗ੍ਰਿਫਤਾਰ ਕੀਤੇ ਜਾਣ ਮਗਰੋਂ ਗਾਡਲਿੰਗ ਜੇਲ੍ਹ ਵਿੱਚ ਹੈ। ਈ ਡੀ ਨੇ ਅਦਾਲਤ ਨੂੰ ਕਿਹਾ ਕਿ ਇਸ ਕੇਸ ਵਿੱਚ ਗਾਡਲਿੰਗ ਮੁੱਖ ਦੋਸ਼ੀ ਹੈ ਤੇ ਉਹ ਉਸ ਦੇ ਬਿਆਨ ਦਰਜ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਗਾਡਲਿੰਗ ਨੇ ਦਾਅਵਾ ਕੀਤਾ ਕਿ ਏਜੰਸੀ ਉਸ ਨੂੰ ਇੱਕ ਹੋਰ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਰਚ ਰਹੀ ਹੈ।