ਨਵੀਂ ਦਿੱਲੀ, 11 ਅਗਸਤ (ਪੋਸਟ ਬਿਊਰੋ)- ਐਕਟਰ ਮੁਕੇਸ਼ ਖੰਨਾ ਇੱਕ ਵਾਰ ਫਿਰ ਲੋਕਾਂ ਦੇ ਨਿਸ਼ਾਨੇ ਉੱਤੇ ਆ ਗਏ ਹਨ। ਉਨ੍ਹਾਂ ਵੱਲੋਂ ਲੜਕੀਆਂ ਬਾਰੇ ਦਿੱਤੇ ਵਿਵਾਦਤ ਬਿਆਨ ਪਿੱਛੋਂ ਦਿੱਲੀ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦੇ ਹੋਏ ਦਿੱਲੀ ਪੁਲਸ ਤੋਂ ਉਨ੍ਹਾਂ ਉੱਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਕਿਹਾ, ਸ਼ਕਤੀਮਾਨ ਐਕਟਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇੱਕ ਆਦਮੀ ਸ਼ਕਤੀਮਾਨ ਤਦ ਬਣਦਾ ਹੈ, ਜਦ ਔਰਤਾਂ ਦੀ ਇੱਜ਼ਤ ਕਰਨੀ ਸਿੱਖੇ। ਟੀ ਵੀ ਉੱਤੇ ਉਡਣ ਨਾਲ ਕੋਈ ਇਨਸਾਨ ਸ਼ਕਤੀਮਾਨ ਨਹੀਂ ਬਣਦਾ, ਮੈਂ ਦਿੱਲੀ ਪੁਲਸ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ ਮੈਂ ਕੇਸ ਦਰਜ ਕਰ ਕੇ ਸਖਤ ਕਾਰਵਾਈ ਕਰਨ ਦੀ ਮੰਗ ਉਠਾਈ ਹੈ।
ਅਸਲ ਵਿੱਚ ਮੁਕੇਸ਼ ਖੰਨਾ ਦੇ ਵਾਇਰਲ ਵੀਡੀਓ ਵਿੱਚ ਉਹ ਕਹਿ ਰਹੇ ਹਨ ਕਿ ਕੋਈ ਲੜਕੀ ਜੇ ਕਿਸੇ ਲੜਕੇ ਨੂੰ ਜਿਨਸੀ ਸੰਬੰਧ ਬਣਾਉਣ ਨੂੰ ਕਹੇ ਤਾਂ ਉਹ ਲੜਕੀ, ਲੜਕੀ ਨਹੀਂ, ਵੇਸਵਾ ਹੈ, ਕਿਉਂਕਿ ਏਦਾਂ ਦੀਆਂ ਬੇਸ਼ਰਮੀ ਵਾਲੀਆਂ ਗੱਲਾਂ ਕੋਈ ਸਭਿਅਕ ਸਮਾਜ ਦੀ ਲੜਕੀ ਕਦੇ ਨਹੀਂ ਕਰੇਗੀ। ਜੇ ਕਰਦੀ ਹੈ ਤਾਂ ਉਹ ਸੱਭਿਅਕ ਸਮਾਜ ਦੀ ਨਹੀਂ ਹੈ। ਉਹ ਉਸ ਦਾ ਧੰਦਾ ਹੈ, ਤੁਸੀਂ ਉਸ ਵਿੱਚ ਹਿੱਸੇਦਾਰ ਨਾ ਬਣੋ। ਇਸ ਲਈ ਕਹਿੰਦਾ ਹਾਂ ਕਿ ਅਜਿਹੀਆਂ ਲੜਕੀਆਂ ਤੋਂ ਬਚੋ।