Welcome to Canadian Punjabi Post
Follow us on

11

August 2022
ਨਜਰਰੀਆ

ਵੱਡੇ ਦਿਲ ਵਾਲੇ

August 03, 2022 03:58 PM

-ਡਾਕਟਰ ਹਜ਼ਾਰਾ ਸਿੰਘ ਚੀਮਾ
ਕੋਰੋਨਾ ਕਾਲ ਵਾਲੇ ਕਹਿਰ ਦੇ ਸਮੇਂ ਦੀ ਗੱਲ ਹੈ। ਸਵੇਰ ਦੇ ਅੱਠ ਕੁ ਵਜੇ ਹਨ। ਕੰਮ ਵਾਲੀ ਔਰਤ ਆਮ ਦਿਨਾਂ ਤੋਂ ਅੱਧਾ ਘੰਟਾ ਪਹਿਲਾਂ ਆ ਪਹੁੰਚੀ ਤੇ ਆਉਂਦੇ ਸਾਰ ਹੀ ਕਹਿੰਦੀ ਹੈ, ‘‘ਅੰਕਲ, ਮੈਂ ਆਜ ਜਲਦੀ ਚਲੇ ਜਾਨਾ ਹੈ, ਮੁਝੇ ਕਾਮ ਹੈ।” ਮੈਂ ਉਸ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੰਦਾ। ਮੈਨੂੰ ਅਖਬਾਰ ਪੜ੍ਹਦੇ ਨੂੰ ਦੇਖ ਕੇ ਉਹ ਸੁਆਲੀਆਂ ਨਜ਼ਰਾਂ ਨਾਲ ਇੱਕ ਹੋਰ ਹੁਕਮ ਸੁਣਾਉਂਦੀ ਹੈ, ‘‘ਅੰਕਲ, ਮੁਝੇ ਦਸ ਹਜ਼ਾਰ ਰੁਪਏ ਉਧਾਰ ਚਾਹੀਏ, ਕਿਸੀ ਕੋ ਦੇਨੇ ਹੈਂ। ਵੋ ਜਲਦੀ ਹੀ ਵਾਪਸ ਕਰ ਦੇਗੀ।”
ਉਸ ਦੀ ਗੱਲ ਸੁਣ ਕੇ ਮੈਂ ਸੋਚਾਂ ਵਿੱਚ ਪੈ ਜਾਂਦਾ ਹਾਂ। ਅਜੇ ਪਿਛਲੇ ਸਾਲਜਦੋਂ ਮੈਂ ਅੰਮ੍ਰਿਤਸਰ ਤੋਂ ਇੱਥੇ ਆਇਆ ਸੀ ਤਾਂ ਅਲਮਾਰੀ, ਜੋ ਆਕਾਰ ਵਿੱਚ ਵੱਡੀ ਹੋਣ ਕਰ ਕੇ ਉਪਰਲੀ ਮੰਜ਼ਿਲ ਉੱਤੇ ਲਿਜਾਈ ਨਹੀਂ ਜਾ ਸਕੀ, ਉਪਰ ਇਸ ਦੀ ਨਿਗ੍ਹਾ ਪਈ। ਇਸ ਨੇ ਕਿਹਾ, ‘‘ਅੰਕਲ, ਯੇ ਅਲਮਾਰੀ ਮੁਝੇ ਦੇ ਦੋ। ਹਮਾਰੇ ਪਾਸ ਕੱਪੜੇ ਰਖਨੇ ਕੇ ਲੀਏ ਕੁਛ ਨਹੀਂ ਹੈ। ਮੈਂ ਪੈਸੇ ਕਟਵਾ ਦੂੰਗੀ।” ਉਸ ਸਮੇਂ ਇਹ ਅਲਮਾਰੀ ਇਸ ਨੂੰ ਦੇਣ ਦੀ ਥਾਂ 3000 ਰੁਪਏ ਨਕਦ ਮਿਲਣ ਦੇ ਲਾਲਚ ਵਿੱਚ ਮੈਂ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਮੇਰੀ ਇਸ ਗੱਲ ਤੋਂ ਇਹ ਕਈ ਦਿਨ ਤੜਿੰਗ ਰਹੀ। ਚੁੱਪ-ਚੁਪੀਤੇ ਆਉਂਦੀ, ਝਾੜੂ-ਪੋਚਾ ਲਾ ਕੇ, ਸਫਾਈ ਆਦਿ ਕਰਨ ਮਗਰੋਂ ਤਿੰਨੇ ਡੰਗ ਦਾ ਖਾਣਾ ਬਣਾ ਕੇ ਵਾਪਸ ਚਲੀ ਜਾਂਦੀ।
ਸਾਡੇ ਵਿਚਾਲੇ ਪੈਦਾ ਹੋਇਆ ਡੈਡਲਾਕ ਆਖਰ ਮੈਨੂੰ ਤੋੜਨਾ ਪਿਆ। ਫਰਨੀਚਰ ਮਾਰਕੀਟ ਵਿੱਚੋਂ ਇਸ ਨੂੰ ਪੁਰਾਣੀ ਅਲਮਾਰੀ ਲੈ ਕੇ ਦਿੱਤੀ, ਫਿਰ ਪੁਰਾਣਾ ਬੈੱਡ ਆਦਿ ਵੀ ਲੈ ਦਿੱਤਾ। ਇਸੇ ਤਰ੍ਹਾਂ ਇਸ ਦੀਆਂ ਹੋਰ ਛੋਟੀਆਂ-ਮੋਟੀਆਂ ਲੋੜਾਂ ਪੂਰੀਆਂ ਕਰਦਾ ਰਿਹਾ। ਉਹ ਪੂਰੀ ਇਮਾਨਦਾਰੀ ਨਾਲ ਉਧਾਰ ਲਏ ਪੈਸੇ ਦੀ ਪਾਈ ਪਾਈ ਆਪਣੀ ਮਾਸਿਕ ਤਨਖਾਹ ਤੋਂ ਕਟਵਾਉਂਦੀ ਰਹੀ। ਕੋਰੋਨਾ ਕਾਲ ਸਮੇਂ ਜਦੋਂ ਤਕਰੀਬਨ ਸਾਰੇ ਕੋਠੀਆਂ ਵਾਲਿਆਂ ਨੇ ਡਰ ਕਾਰਨ ਆਪੋ-ਆਪਣੀਆਂ ਕੰਮ ਵਾਲੀਆਂ ਦੀ ਛੁੱਟੀ ਕਰ ਦਿੱਤੀ ਸੀ, ਮੈਂ ਆਪਣੀ ਧੀ ਵੱਲੋਂ ਉਸ ਦੀ ਛੁੱਟੀ ਕਰਨ ਦੀ ਸਲਾਹ ਦੇ ਬਾਵਜੂਦ ਉਸ ਨੂੰ ਕੰਮ ਤੋਂ ਨਹੀਂ ਸੀ ਹਟਾਇਆ, ਸਗੋਂ ਜਿੰਨੀ ਦੇਰ ਤੱਕ ਉਸ ਨੂੰ ਹੋਰ ਘਰਾਂ ਦਾ ਕੰਮ ਦੁਬਾਰਾ ਨਹੀਂ ਮਿਲਿਆ, ਮੈਂ ਉਸ ਨੂੰ ਲੋੜੀਂਦਾ ਰਾਸ਼ਨ ਵੀ ਲੈ ਕੇ ਦਿੰਦਾ ਰਿਹਾ।
ਸੋਚਾਂ ਵਿੱਚ ਡੁੱਬਿਆ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਦਾਨੀ ਸਮਝ ਬੈਠਾ ਸਾਂ। ਇੰਨੇ ਨੂੰ ਉਹ ਆਪਣਾ ਕੰਮ ਮੁਕਾ ਕੇ ਚਲੀ ਗਈ। ਜਾਂਦੀ ਕਹਿ ਗਈ, ‘‘ਅੰਕਲ ਮੈਨੇ ਦੁਪਹਿਰ ਕੇ ਤੀਨ ਔਰ ਸ਼ਾਮ ਕੇ ਤੀਨ ਫੁਲਕੇ ਬਨਾ ਕੇ ਰੱਖ ਦੀਏ ਹੈਂ। ਆਪ ਗਰਮ ਕਰ ਕੇ ਖਾ ਲੇਨਾ।” ਉਸ ਦੇ ਜਾਣ ਤੋਂ ਬਾਅਦ ਕੋਸ਼ਿਸ਼ ਕਰਨ ਉੱਤੇ ਵੀ ਉਹ ਮੇਰੀ ਸੋਚ ਵਿੱਚੋਂ ਬਾਹਰ ਨਹੀਂ ਨਿਕਲੀ। ਮੈਂ ਸੋਚਦਾ ਕਿ ਅਜੇ ਪਿਛਲੇ ਮਹੀਨੇ ਇਸ ਨੂੰ ਫਰਿੱਜ ਖਰੀਦਣ ਲਈ 1000 ਰੁਪਏ ਉਧਾਰ ਦਿੱਤੇ ਹਨ, ਇਸ ਦੇ ਲੜਕੇ ਨੂੰ ਸਕੂਲ ਜਾਣ ਲਈ ਧੀ ਵਾਲਾ ਸਪੋਰਟਸ ਸਾਈਕਲ ਵੀ ਮੁਫਤ ਦਿੱਤਾ ਹੈ, ਇਹ ਰੋਜ਼ ਕੋਈ ਨਾ ਕੋਈ ਬਹਾਨਾ ਲਾ ਕੇ ਪੈਸੇ ਮੰਗਦੀ ਰਹਿੰਦੀ ਹੈ। ਇਸ ਨੂੰ ਮੇਰੇ ਕੋਲੋਂ ਉਧਾਰ ਲੈ ਕੇ ਅੱਗੇ ਉਧਾਰ ਦੇਣ ਦੀ ਕੀ ਜ਼ਰੂਰਤ ਹੈ? ਮੇਰੀਆਂ ਆਂਢਣਾਂ ਗੁਆਂਢਣਾਂ ਵੀ ਕਈ ਵਾਰ ਮੈਨੂੰ ਕਹਿ ਚੁੱਕੀਆਂ ਹਨ, ‘‘ਭਾਅ ਜੀ, ਤੁਸੀਂ ਕੰਮ ਵਾਲੀਆਂ ਨੂੰ ਜ਼ਿਆਦਾ ਸਿਰ ਚੜ੍ਹਾ ਰੱਖਿਐ। ਆਮ ਰੇਟ ਨਾਲੋਂ ਤੁਸੀਂ ਇਨ੍ਹਾਂ ਨੂੰ ਵੱਧ ਪੈਸੇ ਦੇ ਰਹੇ ਹੋ। ਤੁਹਾਡੀ ਮਿਸਾਲ ਦੇ ਕੇ ਉਹ ਸਾਨੂੰ ਪੈਸੇ ਵਧਾਉਣ ਨੂੰ ਕਹਿੰਦੀਆਂ ਹਨ। ਇਨ੍ਹਾਂ ਸਭ ਗੱਲਾਂ ਤੋਂ ਮੈਨੂੰ ਇੰਝ ਲੱਗਣ ਲੱਗਦਾ ਕਿ ਮੈਂ ਕੰਮ ਵਾਲੀ ਉਤੇ ਲੋੜੋਂ ਵੱਧ ਅਹਿਸਾਨ ਕਰ ਰਿਹਾ ਹਾਂ।”
ਅਗਲੇ ਦਿਨ ਉਹ ਸਵੇਰੇ ਸਾਝਰੇ ਆ ਜਾਂਦੀ ਹੈ। ਆਉਂਦਿਆਂ ਬੜੇ ਤਲਖ ਲਹਿਜ਼ੇ ਵਿੱਚ ਆਖਦੀ ਹੈ, ‘‘ਅੰਕਲ, ਆਪ ਨੇ ਮੁਝੇ ਦਸ ਹਜ਼ਾਰ ਉਧਾਰ ਦੇਨੇ ਸੇ ਮਨ੍ਹਾ ਕਰ ਦੀਆ ਥਾ ਨਾ, ਮੈਨੇ ਅਪਨੀ ਸੋਨੇ ਕੀ ਬਾਲੀਆਂ ਗਿਰਵੀ ਰੱਖ ਕਰ ਕਿਸੀ ਸੇ ਲੇ ਲੀਏ ਔਰ ਅਪਨੀ ਸਹੇਲੀ ਕੇ ਦੋ ਦੀਏ। ਉਸ ਕੇ ਬੇਟੇ ਕਾ ਅਪਰੇਸ਼ਨ ਹੋਨਾ ਥਾ, ਉਸ ਕੋ ਪੈਸੇ ਕੀ ਬਹੁਤ ਜ਼ਰੂਰਤ ਸੀ। ਇਸ ਲੀਏ ਮੈਨੇ ਕਰਜ਼ ਲੇਕਰ ਉਸ ਕੋ ਦੇ ਦੀਏ। ਜਬ ਉਸ ਕੇ ਪਾਸ ਹੋਂਗੇ, ਵੋ ਮੁਝੇ ਵਾਪਸ ਕਰ ਦੇਗੀ।” ਉਸ ਦੀ ਗੱਲ ਤੋਂ ਹੈਰਾਨ ਹੋਇਆ ਮੈਂ ਉਸ ਨੂੰ ਪੁੱਛਣ ਵਾਲਾ ਸੀ ਕਿ ਉਸ ਨੂੰ ਵਿਆਜੂ ਪੈਸੇ ਲੈ ਕੇ ਅੱਗੇ ਕਿਉਂ ਦਿੱਤੇ, ਉਹ ਮੇਰੇ ਤੋਂ ਪਹਿਲਾਂ ਬੋਲ ਉਠੀ, ‘‘ਅੰਕਲ, ਆਪ ਸੋਚਤੇ ਹੋਂਗੇ ਕਿ ਮੈਨੇ ਕਰਜ਼ਾ ਉਠਾ ਕਰ ਅਪਨੀ ਸਹੇਲੀ ਕੋ ਆਗੇ ਉਧਾਰ ਕਿਉਂ ਦੀਏ। ਅੰਕਲ, ਬਾਤ ਯੇ ਹੈ ਕਿ ਮੇਰੇ ਛੋਟੂ ਕਾ ਭੀ ਪਹਿਲੇ ਐਕਸੀਡੈਂਟ ਹੋ ਗਯਾ ਥਾ। ਉਸ ਕਾ ਆਪਰੇਸ਼ਨ ਕਰਵਾਨੇ ਕੇ ਲੀਏ ਮੇਰੇ ਪਾਸ ਪੈਸਾ ਨਹੀਂ ਥਾ। ਤਬ ਇਸੀ ਸਹੇਲੀ ਨੇ ਕਿਸੇ ਸੇ ਕਰਜ਼ ਲੇ ਕਰੇ ਮੇਰੀ ਹੈਲਪ ਕੀ ਥੀ।ਅਬ ਉਸ ਪਰ ਭੀੜ ਆਨ ਪੜੀ, ਉਸ ਕੋ ਪੈਸੇ ਕੀ ਜ਼ਰੂਰਤ ਥੀ, ਅਬ ਮੈਂ ਉਸ ਕੋ ਯੇ ਬੋਲਤੀ ਕਿ ਮੇਰੇ ਪਾਸ ਤੋਂ ਪੈਸੇ ਨਹੀਂ ਹੈਂ? ਅੰਕਲ! ਹਮ ਨੇਪਾਲੀ ਲੋਗ ਹੈਂ, ਹਮ ਐਸਾ ਕੈਸੇ ਕਰ ਸਕਤੇ ਹੈਂ?ਅੰਕਲ, ਆਪ ਜੋ ਪੈਸੇ ਵਾਲੇ ਬੜੇ ਲੋਗ ਹੈਂ ਨਾ, ਆਪ ਕੇ ਪਾਸ ਦਿਲ ਨਹੀਂ ਹੋਤਾ। ਆਪ ਕਿਸੇ ਗਰੀਬ ਕੀ ਥੋੜ੍ਹੀ ਸੀ ਭੀ ਮਦਦ ਕਰ ਕਰ, ਉਸ ਪਰ ਬਹੁਤ ਬੜਾ ਅਹਿਸਾਨ ਕੀਆ ਸਮਝਤੇ ਹੋ। ਹਮ ਲੋਗ ਗਰੀਬ ਜ਼ਰੂਰ ਹੈਂ, ਪਰ ਹਮਾਰਾ ਦਿਲ ਬੜਾ ਹੋਤਾ ਹੈ। ਹਮ ਮੁਸੀਬਤ ਮੇਂ ਏਕ ਦੂਸਰੇ ਕੇ ਕਾਮ ਆਨਾ ਅਪਨਾ ਧਰਮ ਸਮਝਤੇ ਹੈਂ...।”
ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੈਨੂੰ ਲੱਗਾ, ਜਿਵੇਂ ਉਸ ਨੇ ਮੂੰਹ ਉੱਤੇ ਚਪੇੜ ਜੜ ਦਿੱਤੀ ਹੋਵੇ।

Have something to say? Post your comment