Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਨਜਰਰੀਆ

ਅਸੀਸਾਂ ਦਾ ਮੀਂਹ

July 31, 2022 04:44 PM

-ਮੋਹਨ ਸ਼ਰਮਾ
ਗੱਲ 1996 ਦੇ ਨੇੜੇ-ਤੇੜੇ ਦੀ ਹੈ। ਉਨ੍ਹੀਂ ਦਿਨੀਂ ਟੀਚਰ ਭਰਤੀ ਜ਼ਿਲਾ ਪੱਧਰਦੀ ਚੋਣ ਕਮੇਟੀ ਬਣਾ ਕੇ ਕੀਤੀ ਜਾਣੀ ਸੀ। ਚੋਣ ਕਮੇਟੀ ਦਾ ਮੁਖੀ ਸੰਬੰਧਤ ਜ਼ਿਲੇ ਦਾ ਜ਼ਿਲਾ ਸਿੱਖਿਆ ਅਫਸਰ ਸੀ। ਜ਼ਿਲਾ ਸੈਨਿਕ ਵੈਲਫੇਅਰ ਅਫਸਰ, ਜ਼ਿਲਾ ਭਲਾਈ ਅਫਸਰ ਅਤੇ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਕਮੇਟੀ ਦੇ ਮੈਂਬਰ ਸਨ। ਇੰਟਰਵਿਊ ਸ਼ੁਰੂ ਹੋਣ ਵਿੱਚ ਦੋ ਦਿਨ ਰਹਿੰਦੇ ਸਨ, ਸ਼ਾਮ ਨੂੰ ਡਿਊਟੀ ਮਗਰੋਂ ਘਰ ਗਿਆ ਤਾਂ ਦੂਜੇ ਮੁਹੱਲੇ ਦੀ ਇੱਕ ਵਿਧਵਾ ਔਰਤ ਤੇ ਉਸ ਦਾ ਬੀ ਐਡ ਪਾਸ ਮੁੰਡਾ ਮੇਰੀ ਪਤਨੀ ਕੋਲ ਬੈਠੇ ਸਨ। ਮੈਂ ਵੀ ਉਨ੍ਹਾਂ ਕੋਲ ਬੈਠ ਗਿਆ। ਪਤਨੀ ਨੇ ਪਾਣੀ ਦਾ ਗਿਲਾਸ ਦਿੰਦਿਆਂ ਔਰਤ ਤੇ ਮੁੰਡੇ ਵੱਲ ਵਿੰਹਦਿਆਂ ਕਿਹਾ, ‘‘ਇਹਦੇ ਪਤੀ ਨੂੰ ਗੁਜ਼ਰਿਆਂ ਪੰਜ ਸਾਲ ਹੋ ਗਏ, ਵਿਚਾਰੀ ਨੇ ਖੇਤਾਂ ਵਿੱਚ ਬੱਲੀਆਂ ਚੁਗ ਚੁਗ ਅਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰ ਕੇ ਮੁੰਡਾ ਪੜ੍ਹਾਇਆ। ਪਰਸੋਂ ਇੰਟਰਵਿਊ ਹੈ, ਇਨ੍ਹਾਂ ਦੀ ਬਾਂਹ ਫੜੋ।”
ਜੀਵਨ ਸਾਥਣ ਚਾਹ ਵੀ ਬਣਾ ਲਿਆਈ। ਚਾਹ ਦਾ ਘੁੱਟ ਭਰਦਿਆਂ ਮੈਂ ਉਨ੍ਹਾਂ ਨੂੰ ਹੌਸਲਾ ਦਿੱਤਾ, ‘‘ਤੁਹਾਡੀ ਜਿੰਨੀ ਮਦਦ ਹੋ ਸਕੀ, ਕਰਾਂਗਾ। ਤੁਸੀਂ ਸ਼ਾਮ ਪੰਜ ਵਜੇ ਮੇਰੇ ਦਫਤਰ ਆ ਜਾਇਓ। ਤੁਹਾਨੂੰ ਡਿਪਟੀ ਕਮਿਸ਼ਨਰ ਕੋਲ ਲਿਜਾ ਕੇ ਮਦਦ ਲਈ ਬੇਨਤੀ ਕਰਾਂਗਾ।” ਅਧਿਕਾਰੀ ਹੋਣ ਦੇ ਨਾਤੇ ਮੈਨੂੰ ਪਤਾ ਸੀ ਕਿ ਉਹ ਤਕਰੀਬਨ ਸਾਢੇ ਕੁ ਪੰਜ ਵਜੇ ਆਪਣੇ ਕੈਂਪ ਆਫਿਸ ਮਿਲ ਜਾਂਦੇ ਸਨ।ਮਾਂ ਪੁੱਤ ਪੰਜ ਵਜੇ ਤੋਂ ਪਹਿਲਾਂ ਮੇਰੇ ਦਫਤਰ ਆ ਗਏ। ਡਿਪਟੀ ਕਮਿਸ਼ਨਰ ਤੋਂ ਟੈਲੀਫੋਨ ਉੱਤੇ ਮਿਲਣ ਦਾ ਸਮਾਂ ਮੰਗਿਆ ਤਾਂ ਉਨ੍ਹਾਂ ਛੇ ਕੁ ਵਜੇ ਆਉਣ ਨੂੰ ਕਹਿ ਦਿੱਤਾ। ਮਿੱਥੇ ਸਮੇਂ ਉੱਤੇ ਮਾਂ ਪੁੱਤ ਨੂੰ ਲੈ ਕੇ ਮੈਂ ਕੋਠੀ ਚਲਾ ਗਿਆ ਅਤੇ ਉਸ ਵਿਧਵਾ ਔਰਤ ਦੀ ਦੁੱਖ ਭਰੀ ਕਹਾਣੀ ਦੱਸ ਕੇ ਬੇਨਤੀ ਕੀਤੀ ਕਿ ਇਸ ਲੜਕੇ ਦੀ ਪਰਸੋਂ ਇੰਟਰਵਿਊ ਹੈ, ਕ੍ਰਿਪਾ ਕਰ ਕੇ ਜ਼ਿਲਾ ਸਿੱਖਿਆ ਅਫਸਰ ਨੂੰ ਮਦਦ ਕਰਨ ਲਈ ਕਹਿ ਦਿਓ। ਮੁੰਡੇ ਦੇ ਵੇਰਵੇ ਦੀ ਸਲਿੱਪ ਜਦੋਂ ਮੈਂ ਉਨ੍ਹਾਂ ਨੂੰ ਫੜਾਉਣ ਲੱਗਿਆ ਤਾਂ ਉਨ੍ਹਾਂ ਨੇ ਫੜੀ ਨਹੀਂ। ਉਂਝ ਔਰਤ ਵੱਲ ਵਿੰਹਦਿਆਂ ਹਮਦਰਦੀ ਭਰੇ ਸ਼ਬਦਾਂ ਨਾਲ ਕਿਹਾ, ‘‘ਕੋਈ ਨ੍ਹੀਂ ਬੀਬੀ, ਜ਼ਰੂਰ ਕਰਾਂਗਾ ਤੁਹਾਡੀ ਮਦਦ।” ਮੈਂ ਢੀਠ ਜਿਹਾ ਹੋ ਕੇ ਮੁੰਡੇ ਦੇ ਵੇਰਵੇ ਵਾਲੀ ਸਲਿੱਪ ਫਿਰ ਉਨ੍ਹਾਂ ਨੂੰ ਫੜਾਉਣੀ ਚਾਹੀ, ਪਰ ਉਨ੍ਹਾਂ ਸਲਿਪ ਵੱਲ ਧਿਆਨ ਨਹੀਂ ਦਿੱਤਾ। ਅਖੀਰ ਮੈਂ ਤਰਲੇ ਵਜੋਂ ਕਿਹਾ, ‘‘ਸਰ, ਮੈਂ ਤੁਹਾਡਾ ਨਾਂਅ ਲੈ ਕੇ ਜ਼ਿਲਾ ਸਿਖਿਆ ਅਫਸਰ ਨੂੰ ਮਿਲ ਲਵਾਂ?” ਉਨ੍ਹਾਂ ਇਸ ਤੋਂ ਵੀ ਕੋਰਾ ਜਵਾਬ ਦੇ ਦਿੱਤਾ। ਉਂਝ ਗੱਲ ਕਰਦਿਆਂ ਉਹ ਰੁੱਖੇ ਨਹੀਂ ਹੋਏ, ਸਗੋਂ ਗੱਲਬਾਤ ਵਿੱਚ ਹਮਦਰਦੀ ਦੇ ਪ੍ਰਗਟਾਵਾ ਦੀ ਝਲਕ ਮਿਲਦੀ ਰਹੀ।
ਮੈਂ ਹੈਰਾਨ ਅਤੇ ਪ੍ਰੇਸ਼ਾਨ ਕਿ ਡਿਪਟੀ ਕਮਿਸ਼ਨਰ ਮਦਦ ਲਈ ਤਾਂ ਕਹਿ ਰਹੇ ਨੇ, ਪਰ ਜਿਸ ਦੀ ਮਦਦ ਕਰਨੀ ਹੈ, ਉਹਦੇ ਵੇਰਵੇ ਇਨ੍ਹਾਂ ਕੋਲ ਨਹੀਂ, ਫਿਰ ਮਦਦ ਕਿੰਝ ਕਰਨਗੇ? ਮੈਂ ਨਿਰਾਸ਼ ਜਿਹਾ ਹੋ ਕੇ ਕੋਠੀ ਵਿੱਚੋਂ ਵਾਪਸ ਆ ਗਿਆ। ਮੁੰਡੇ ਨੂੰ ਹੌਸਲਾ ਦਿੱਤਾ, ‘‘ਕਾਕਾ, ਇੰਟਰਵਿਊ ਵਿੱਚ ਡੋਲੀਂ ਨਾ। ਵਿਸ਼ਵਾਸ ਨਾਲ ਸਵਾਲਾਂ ਦੇ ਜਵਾਬ ਦਈਂ। ਪਰਮਾਤਮਾ ਭਲੀ ਕਰੇਗਾ।” ਮੁੰਡੇ ਦੇ ਮੋਢੇ ਉੱਤੇ ਹੱਥ ਧਰਦਿਆਂ ਮੈਂ ਮਾਈ ਨੂੰ ਵੀ ਹੱਥ ਜੋੜ ਦਿੱਤੇ। ਉਸ ਰਾਤ ਮੈਨੂੰ ਚੱਜ ਨਾਲ ਨੀਂਦ ਨਹੀਂ ਆਈ। ਔਰਤ ਦਾ ਆਪਣੇ ਪੁੱਤ ਦੀ ਜ਼ਿੰਦਗੀ ਲਈ ਕੀਤਾ ਸੰਘਰਸ਼ ਅਤੇ ਸਾਊ ਪੁੱਤ ਦੇ ਅਧਿਆਪਕ ਬਣ ਕੇ ਮਾਂ ਦੇ ਦੁੱਖ ਦੂਰ ਕਰਨ ਵਾਲੇ ਸੰਕਲਪ ਨੂੰ ਖੋਰਾ ਲੱਗਣ ਦੇ ਡਰ ਨਾਲ ਮੈਂ ਚਿੰਤਾ ਵਿੱਚ ਸੀ। ਇਹ ਚਿੰਤਾ ਵੱਢ ਵੱਢ ਖਾ ਰਹੀ ਸੀ ਕਿ ਇਨ੍ਹਾਂ ਦੀ ਮਦਦ ਕਿੰਝ ਕਰਾਂ? ਅਗਲੇ ਦਿਨ ਨੌਂ ਕੁ ਵਜੇ ਆਪਣੇ ਦਫਤਰ ਪੁੱਜ ਗਿਆ। ਅੱਧੇ ਕੁ ਘੰਟੇ ਬਾਅਦ ਡੀ ਸੀ ਦਫਤਰ ਦਾ ਚਪੜਾਸੀ ਮੇਰੇ ਦਫਤਰ ਆਇਆ ਅਤੇ ਇੱਕ ਲਿਫਾਫਾ, ਜਿਸ ਉਪਰ ਮੇਰਾ ਨਾਂਅ ਅਤੇ ਅਹੁਦਾ ਲਿਖਿਆ ਸੀ, ਦੇ ਗਿਆ। ਧੜਕਦੇ ਦਿਲ ਨਾਲ ਲਿਫਾਫਾ ਖੋਲ੍ਹਿਆ। ਡਿਪਟੀ ਕਮਿਸ਼ਨਰ ਦੇ ਦਫਤਰੀ ਹੁਕਮ ਸਨ, ‘‘ਅਧਿਆਪਕਾਂ ਦੀ ਚੋਣ ਕਮੇਟੀ ਵਿੱਚ ਮੇਰੇ ਨੁਮਾਇੰਦੇ ਵਜੋਂ ਤੁਹਾਨੂੰ ਚੋਣ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਜਾਂਦਾ ਹੈ।” ਅੱਖਾਂ ਵਿੱਚੋਂ ਆਪ-ਮੁਹਾਰੇ ਹੰਝੂ ਛਲਕ ਪਏ। ਕੁਝ ਸਮੇਂ ਬਾਅਦ ਡਿਪਟੀ ਕਮਿਸ਼ਨਰ ਕੋਲ ਉਨ੍ਹਾਂ ਵੱਲੋਂ ਮੇਰੇ ਉਪਰ ਪ੍ਰਗਟਾਏ ਵਿਸ਼ਵਾਸ ਲਈ ਧੰਨਵਾਦ ਕਰਨ ਗਿਆ। ਧੰਨਵਾਦੀ ਸ਼ਬਦਾਂ ਦੇ ਪ੍ਰਤੀਕਰਮ ਵਜੋਂ ਉਨ੍ਹਾਂ ਦਾ ਜਵਾਬ ਸੀ, ‘‘ਜਿਹੜਾ ਅਧਿਕਾਰੀ ਮੇਰੇ ਦਫਤਰ ਅੱਗੇ ਖੜੋਤੇ ਪੀੜਤਾਂ ਲਈ ਦੂਜੇ-ਤੀਜੇ ਦਿਨ ਮੇਰੇ ਕੋਲ ਆ ਕੇ ਬੇਨਤੀ ਕਰਦਾ ਹੈ, ਉਹ ਅਧਿਆਪਕਾਂ ਦੀ ਚੋਣ ਸਮੇਂ ਵੀ ਕੋਈ ਬੇਇਨਸਾਫੀ ਨਹੀਂ ਕਰੇਗਾ। ਥੋਡੀ ਨਿਯੁਕਤੀ ਦੇ ਹੁਕਮ ਮੈਂ ਕੱਲ੍ਹ ਸ਼ਾਮੀਂ ਤੁਹਾਡੇ ਆਉਣ ਤੋਂ ਪਹਿਲਾਂ ਹੀ ਕਰ ਚੁੱਕਾ ਸੀ। ਇੱਕ ਮਾਈ ਨਹੀਂ, ਅਜਿਹੀਆਂ ਹੋਰ ਮਾਈਆਂ ਦੀਆਂ ਅਸੀਸਾਂ ਵੀ ਪ੍ਰਾਪਤ ਕਰੋ।”
ਚੋਣ ਸਮੇਂ ਮੈਂ ਵੀ ਹਰ ਸੰਭਵ ਯਤਨ ਕੀਤਾ, ਜਿੱਥੇ ਮੈਰਿਟ ਦਾ ਧਿਆਨ ਰੱਖਿਆ, ਉਥੇ ਚਿਹਰਿਆਂ ਉੱਤੇ ਗੁਰਬਤ, ਭਟਕਣ, ਬੇਵਸੀ ਅਤੇ ਓਵਰਏਜ਼ ਹੋਣ ਵਾਲਿਆਂ ਵੱਲ ਉਚੇਚਾ ਧਿਆਨ ਦਿੱਤਾ। ਤਿੰਨ ਕੁ ਮਹੀਨਿਆਂ ਬਾਅਦ ਚੋਣ ਸੂਚੀ ਅਖਬਾਰਾਂ ਵਿੱਚ ਛਪ ਗਈ। ਵਿਧਵਾ ਔਰਤ ਦੇ ਪੁੱਤ ਦੀ ਚੋਣ ਹੋ ਗਈ ਸੀ। ਨਤੀਜਾ ਦੇਖਣ ਮਗਰੋਂ ਦੋਵਾਂ ਨੇ ਸਵੇਰੇ ਸਵੇਰੇ ਮੇਰੇ ਦਰ ਉੱਤੇ ਦਸਤਕ ਦਿੱਤੀ। ਉਨ੍ਹਾਂ ਦੇ ਚਿਹਰਿਆਂ ਉੱਤੇ ਤਰਦੀ ਨਿਰਛਲ ਮੁਸਕੁਰਾਹਟ ਤੋਂ ਲੱਗਦਾ ਸੀ, ਜਿਵੇਂ ਇਸ ਮੁਸਕੁਰਾਹਟ ਨੇ ਬੜੀ ਦੇਰ ਬਾਅਦ ਉਨ੍ਹਾਂ ਦੇ ਚਿਹਰਿਆਂ ਉੱਤੇ ਦਸਤਕ ਦਿੱਤੀ ਹੋਵੇ। ਮਾਈ ਨੇ ਮਠਿਆਈ ਦਾ ਡੱਬਾ ਮੇਰੇ ਵੱਲ ਵਧਾਇਆ। ਮੈਂ ਮੁਬਾਰਕਾਂ ਦਿੰਦਿਆਂ ਬਰਫੀ ਦਾ ਟੁਕੜਾ ਚੁੱਕ ਕੇ ਪਹਿਲਾਂ ਜਦੋਂ ਮਾਈ ਦਾ ਮੂੰਹ ਮਿੱਠਾ ਕਰਵਾਇਆ ਤਾਂ ਉਹਦੀਆਂ ਅੱਖਾਂ ਛਮਛਮ ਵਰ੍ਹ ਪਈਆਂ ਤੇ ‘ਜਿਊਂਦ ਰਹਿ ਪੁੱਤ...”। ਇਹ ਕਹਿੰਦਿਆਂ ਉਹਨੇ ਦੋਵਾਂ ਹੱਥਾਂ ਨਾਲ ਮੇਰਾ ਮੋਢਾ ਪਲੋਸਣ ਪਿੱਛੋਂ ਅਸੀਸਾਂ ਦਾ ਮੀਂਹ ਵਰ੍ਹਾ ਦਿੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’