ਪਟਨਾ, 25 ਅਪ੍ਰੈਲ (ਪੋਸਟ ਬਿਊਰੋ): ਬਿਹਾਰ ਰਾਜਧਾਨੀ ਪਟਨਾ `ਚ ਜੰਕਸ਼ਨ ਸਾਹਮਣੇ ਸਥਿਤ ਬਹੁ-ਮੰਜਿ਼ਲਾ ਪਾਲ ਹੋਟਲ `ਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਸਵੇਰੇ ਸਾਢੇ 10 ਵਜੇ ਦੇ ਕਰੀਬ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਕਰੀਬ ਅੱਧੇ ਘੰਟੇ ਵਿੱਚ ਪੂਰੀ ਇਮਾਰਤ ਅੱਗ ਵਿਚ ਘਿਰ ਗਈ। ਅੱਗ ਹੋਟਲ ਦੇ ਨਾਲ ਲੱਗਦੀ ਇਮਾਰਤ ਤੱਕ ਵੀ ਪਹੁੰਚ ਗਈ।
ਬਿਲਡਿੰਗ ਦੇ ਸਾਹਮਣੇ ਸਥਿਤ ਪੁਲ `ਤੇ ਭਾਰੀ ਜਾਮ ਲੱਗ ਗਿਆ ਹੈ ਅਤੇ ਸਟੇਸ਼ਨ ਰੋਡ ਵੀ ਪੂਰੀ ਤਰ੍ਹਾਂ ਜਾਮ ਹੈ। ਇਸ ਦੌਰਾਨ ਕੁੱਲ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। 19 ਲੋਕ ਬੁਰੀ ਤਰ੍ਹਾਂ ਝੁਲਸ ਗਏ ਹਨ। ਉਨ੍ਹਾਂ ਨੂੰ ਪੀਐਮਸੀਐਚ ਵਿੱਚ ਭਰਤੀ ਕਰਵਾਇਆ ਗਿਆ ਹੈ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਸੋਈ `ਚ ਲੱਗੀ ਅੱਗ ਨੇ ਚਾਰ ਮੰਜਿ਼ਲਾ ਇਮਾਰਤ ਨੂੰ ਆਪਣੀ ਲਪੇਟ `ਚ ਲੈ ਲਿਆ। ਉਪਰਲੀ ਮੰਜਿ਼ਲ `ਤੇ ਨਾਸ਼ਤਾ ਕਰ ਰਹੇ ਲੋਕ ਇਸ ਦੀ ਲਪੇਟ `ਚ ਆ ਗਏ। ਆਸ-ਪਾਸ ਦੇ ਹੋਟਲਾਂ ਅਤੇ ਦੁਕਾਨਾਂ ਦੇ ਲੋਕ ਸੜਕ `ਤੇ ਆ ਗਏ। ਫਾਇਰ ਬ੍ਰਿਗੇਡ ਦੀ ਟੀਮ ਬਚਾਅ ਕਾਰਜਾਂ ਵਿਚ ਲੱਗੀ ਅਤੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸਿ਼ਸ਼ ਕੀਤੀ।
ਫਾਇਰ ਬ੍ਰਿਗੇਡ ਦੀ ਟੀਮ ਮੁਤਾਬਕ ਹੁਣ ਤੱਕ ਹੋਟਲ ‘ਚੋਂ 30-35 ਜਣਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇੱਥੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਬਚਾਏ ਗਏ ਲੋਕਾਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ।