Welcome to Canadian Punjabi Post
Follow us on

29

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਨਜਰਰੀਆ

ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ

April 17, 2024 02:06 PM

ਪ੍ਰਿੰ. ਸਰਵਣ ਸਿੰਘ
ਮਿਲਖਾ ਸਿੰਘ ਤੇਜ਼ਤਰਾਰ ਦੌੜਾਂ ਦਾਬਾਦਸ਼ਾਹ ਸੀ। ਏਸ਼ੀਆ ਮਹਾਂਦੀਪ ਦਾ ਬੈੱਸਟ ਅਥਲੀਟ। ਉਸ ਨੇ ਕਾਮਨਵੈੱਲਥ ਤੇ ਏਸਿ਼ਆਈ ਖੇਡਾਂ ਵਿੱਚੋਂ ਪੰਜ ਗੋਲਡ ਮੈਡਲ ਜਿੱਤੇ ਸਨ। ਭਾਰਤ ਨੂੰ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਮਿਲਖਾ ਸਿੰਘ ਨੇ ਹੀ ਦੁਆਇਆ ਸੀ। ਉਸ ਨੇ ਤਿੰਨ ਓਲੰਪਿਕਸ ਵਿੱਚ ਭਾਗ ਲਿਆਸੀ ਤੇ ਰੋਮ ਦੀਆਂ ਓਲੰਪਿਕ ਖੇਡਾਂ `ਚੋਂ ਮੈਡਲ ਜਿੱਤਦਾ-ਜਿੱਤਦਾ ਹਾਰ ਗਿਆ ਸੀ।ਉਥੇ ਉਹ ਪਹਿਲਾ ਓਲੰਪਿਕ ਰਿਕਾਰਡ ਮਾਤ ਪਾ ਗਿਆ ਸੀ। ਭਾਰਤੀ ਅਥਲੀਟਾਂ `ਚ ਉਸ ਦੀ ਬੱਲੇ-ਬੱਲੇ ਸਭ ਤੋਂ ਵੱਧ ਹੋਈ। ਉਹ ਜਿਊਂਦੇ ਜੀਅ ਮਿੱਥ ਬਣ ਗਿਆ ਸੀ। ਉਸ ਦੇ ਜੀਵਨ `ਤੇ ਆਧਾਰਿਤਬਣੀ ਫਿਲਮ ‘ਭਾਗ ਮਿਲਖਾ ਭਾਗ’ ਕਾਰਲ ਲੇਵਿਸ ਵਰਗੇ ਮਹਾਨ ਅਥਲੀਟ ਨੇ ਵੀ ਸਲਾਹੀ। ਉਸ ਨੂੰ ‘ਫਲਾਈਂਗ ਸਿੱਖ’ਵੀ ਕਿਹਾ ਜਾਂਦਾਰਿਹਾ। ਇਹ ਖਿ਼ਤਾਬ ਉਸ ਨੂੰ ਲਾਹੌਰ ਦੇ ਸਟੇਡੀਅਮ ਵਿੱਚ ਮਿਲਿਆ ਸੀ। ਦੌੜ ਜਿੱਤਣ ਪਿੱਛੋਂ ਜਦੋਂ ਮਿਲਖਾ ਸਿੰਘ ਨੇ ਜੇਤੂ ਗੇੜੀ ਲਾਈ ਤਾਂ ਅਨਾਊਂਸਰ ਨੇ ਕਿਹਾ ਸੀ, “ਮਿਲਖਾ ਸਿੰਘ ਦੌੜਿਆ ਨਹੀਂ, ਉਡਿਆ ਹੈ। ਅਸੀਂ ਏਹਨੂੰ ‘ਫਲਾਈਂਗ ਸਿੱਖ’ ਦਾ ਖਿ਼ਤਾਬ ਦੇਨੇ ਆਂ!”
ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਂ ਨੇ ਉਸ ਨੂੰ ਮੈਡਲ ਪਹਿਨਾਉਂਦਿਆਂ ਕਿਹਾ ਸੀ, “ਮਿਲਖਾ ਸਿੰਘ ਜੀ, ਤੁਸੀਂ ਵਾਕਿਆ ਈ ‘ਫਲਾਈਂਗ ਸਿੱਖ’ ਹੋ।”ਉਥੇ ਉਹ 200 ਮੀਟਰ ਦੀ ਦੌੜ 20.7 ਸੈਕੰਡ ਵਿੱਚ ਦੌੜਿਆ ਸੀ ਜੋ ਉਸ ਸਮੇਂਵਿਸ਼ਵ ਰਿਕਾਰਡਸੀ। ਰੋਮ ਵਿੱਚ ਉਹ 400 ਮੀਟਰ ਦੀ ਦੌੜ 45.6 ਸੈਕੰਡ ਵਿੱਚ ਦੌੜਿਆ। ਉਦੋਂ ਓਲੰਪਿਕ ਰਿਕਾਰਡ 45.9 ਸੈਕੰਡ ਦਾ ਸੀ। ਉਸ ਨੇ 80 ਇੰਟਰਨੈਸ਼ਨਲ ਦੌੜਾਂ `ਚੋਂ 77 ਦੌੜਾਂ ਜਿੱਤੀਆਂ ਸਨ। ਇਕ ਸਮੇਂ 100, 200, 400 ਤੇ 4+400 ਮੀਟਰ ਦੌੜਾਂ ਦੇ ਚਾਰੇ ਨੈਸ਼ਨਲ ਰਿਕਾਰਡ ਉਹਦੇ ਨਾਂ ਸਨ। ਉਹਦਾ 400 ਮੀਟਰ ਦੌੜ ਦਾ ਰਿਕਾਰਡ ਭਾਰਤ ਦਾ ਕੋਈ ਹੋਰ ਦੌੜਾਕ 20ਵੀ ਸਦੀ ਤੇ ਅੰਤ ਤਕ ਵੀ ਨਹੀਂ ਸੀ ਤੋੜ ਸਕਿਆ। ਉਹ ਆਖ਼ਰ ਕੇਰਲਾ ਦੇ ਕੇ. ਐੱਮ. ਬੀਨੂ ਨੇ 2004 ਵਿੱਚ ਤੋੜਿਆ ਜਿਸ ਨੂੰ ਮਿਲਖਾ ਸਿੰਘ ਨੇ ਐਲਾਨ ਕੀਤਾ ਹੋਇਆ ਦੋ ਲੱਖ ਰੁਪਏ ਦਾ ਇਨਾਮ ਵੀ ਦਿੱਤਾ।
ਮਿਲਖਾ ਸਿੰਘ ਦਾ ਜਨਮ 20 ਨਵੰਬਰ 1932 ਨੂੰ ਪੱਛਮੀ ਪੰਜਾਬ ਦੇ ਪਿੰਡ ਗੋਬਿੰਦਪੁਰਾ, ਜਿ਼ਲ੍ਹਾ ਮੁਜ਼ੱਫਰਗੜ੍ਹ ਵਿੱਚ ਸੰਪੂਰਨ ਸਿੰਘ ਦੇ ਘਰ ਮਾਤਾ ਵਧਾਵੀ ਬਾਈ ਦੀ ਕੁੱਖੋਂ ਹੋਇਆ ਸੀ। ਉਹ ਅੱਠ ਭੈਣ ਭਰਾ ਸਨ। ਅਮੀਰ ਸਿੰਘ, ਦੌਲਤ ਸਿੰਘ, ਮੱਖਣ ਸਿੰਘ, ਮਿਲਖਾ ਸਿੰਘ, ਗੋਬਿੰਦ ਸਿੰਘ, ਈਸ਼ਰ, ਹਰਬੰਸ ਤੇ ਮਖਣੀ। ਦੇਸ਼-ਵੰਡ ਦੇ ਉਜਾੜੇ ਵੇਲੇ ਇਕ ਭੈਣ ਤੇ ਦੋ ਭਰਾ ਹੀ ਬਚ ਸਕੇ, ਬਾਕੀ ਸਾਰਾ ਪਰਿਵਾਰ ਕਤਲ ਕਰ ਦਿੱਤਾ ਗਿਆ ਸੀ। ਮਿਲਖਾ ਸਿੰਘ ਤੇ ਉਸ ਦੀ ਪਤਨੀ ਨਿਰਮਲ ਨਿੰਮੀ ਲੰਮੀ ਉਮਰ ਜੀਵੇ। ਦੋਵੇਂ ਪੰਜਾਬ ਤੇ ਚੰਡੀਗੜ੍ਹ ਦੇ ਸਪੋਰਟਸ ਡਾਇਰੈਕਟਰ ਰਹੇ। ਕੋਵਿਡ ਕਾਲ ਦੌਰਾਨ ਉਹ ਜੂਨ 2021 ਵਿੱਚ ਅੱਗੜ ਪਿੱਛੜ ਪਰਲੋਕ ਸਿਧਾਰੇ। ਆਪਣੇ ਪਿੱਛੇ ਪੁੱਤਰ ਜੀਵ ਮਿਲਖਾ ਸਿੰਘ ਤੇ ਤਿੰਨ ਧੀਆਂ ਦਾ ਭਰਿਆ ਪਰਿਵਾਰ ਛੱਡ ਗਏ।
ਉਮਰ ਦੇ ਆਖ਼ਰੀ ਸਾਲਾਂ `ਚ ਮਿਲਖਾ ਸਿੰਘ ਨੇ ਆਪਣੀ ਧੀ ਸੋਨੀਆ ਸਨਵਾਲਕਾ ਤੋਂ ਅੰਗਰੇਜ਼ੀ ਵਿੱਚ ਆਪਣੀ ਆਟੋਬਾਇਓਗਰਾਫੀ ਲਿਖਵਾਈ: ਦਾ ਰੇਸ ਆਫ਼ ਮਾਈ ਲਾਈਫ਼। ਪਹਿਲਾਂ ਪੰਜਾਬੀ ਵਿੱਚ ਵੀ ਉਸ ਨੇ ਪ੍ਰਸਿੱਧ ਕਵੀ ਪਾਸ਼ ਤੋਂ ਆਪਣੀ ਸਵੈਜੀਵਨੀ ਲਿਖਵਾਈ ਸੀ: ਫਲਾਈਂਗ ਸਿੱਖ ਮਿਲਖਾ ਸਿੰਘ। 2020 ਵਿੱਚ ਮੈਂ ਵੀ ਉਸ ਦੀ ਜੀਵਨੀ ‘ਉਡਣਾ ਸਿੱਖ ਮਿਲਖਾ ਸਿੰਘ’ ਲਿਖੀ।
ਮਿਲਖਾ ਸਿੰਘ ਨੂੰ ਮੈਂ ਪਹਿਲੀ ਵਾਰ 1958 `ਚ ਫਿਲਮੀ ਪਰਦੇ `ਤੇ ਦੌੜਦਾ ਵੇਖਿਆ ਸੀ। ਉਦੋਂ ਉਸ ਨੇ ਕਾਰਡਿਫ਼ ਦੀਆਂ ਕਾਮਨਵੈੱਲਥ ਖੇਡਾਂ `ਚੋਂ ਗੋਲਡ ਮੈਡਲ ਜਿੱਤਿਆ ਸੀ। ਫਿਰ1962 `ਚ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਦੌੜਦੇ ਵੇਖਿਆ। ਉਦੋਂ ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਵੀ ਉਥੇਪ੍ਰੈਕਟਿਸਕਰਦੇ ਸਾਂ। ਪ੍ਰੈਕਟਿਸ ਪਿੱਛੋਂ ਜਦੋਂ ਉਹ ਵਿਹਲਾ ਹੋਇਆ ਤਾਂ ਮੈਂ ਉਹਦੇ ਨਾਲ ਹੱਥ ਮਿਲਾਇਆ ਸੀ। ਉਹਦੇ ਹੱਥ ਪਤਲੇ, ਕਲਾਈਆਂ ਵੀ ਪਤਲੀਆਂ ਤੇ ਗਿੱਟੇ-ਗੋਡੇ ਵੀ ਪਤਲੇ ਸਨ। ਸੂਤਵਾਂ ਚਿਹਰਾ ਤਕੜੇ ਖਿਡਾਰੀਆਂ ਵਰਗਾ ਨਹੀਂ ਅਨੀਂਦਰੇ ਮਾਰੇ ਪਾੜ੍ਹਿਆਂ ਵਰਗਾ ਸੀ। ਦੰਦ ਵੱਡੇ ਤੇ ਬੁੱਲ੍ਹ ਮੋਟੇ ਸਨ। ਗੱਲ੍ਹਾਂ ਜਾਭਾਂ `ਚ ਵੜੀਆਂ ਪਈਆਂ ਸਨ। ਜੂੜਾ ਵੱਡਾ ਸੀ ਜੋ ਚਿੱਟੇ ਰੁਮਾਲ ਨਾਲ ਬੱਧਾ ਹੋਇਆ ਸੀ। ਉਦੋਂ ਮੇਰਾ ਵਜ਼ਨ ਤਾਂ ਸੱਤਰ ਕਿਲੋ ਸੀ ਜਦ ਕਿ ਮਿਲਖਾ ਸਿੰਘ ਦਾ ਵਜ਼ਨ ਮੈਨੂੰ ਸੱਠ ਕੁ ਕਿਲੋ ਲੱਗਾ ਸੀ। ਉਹਦੇ ਨਾਲ ਮੱਲਾਂ ਵਰਗੇ ਥਰੋਅਰ ਪ੍ਰਦੁੱਮਣ ਸਿੰਘ ਤੇ ਬਲਕਾਰ ਸਿੰਘ ਹੋਰੀਂ ਸਨ। ਮੱਖਣ ਸਿੰਘ ਸੀ, ਗੁਰਬਚਨ ਰੰਧਾਵਾ, ਤਰਲੋਕ ਸਿੰਘ ਤੇ ਮਹਿੰਦਰ ਸਿੰਘ ਹੋਰੀਂ ਦਸ ਪੰਦਰਾਂ ਅਥਲੀਟ ਸਨ ਜਿਹੜੇ ਜਕਾਰਤਾ ਦੀਆਂ ਏਸਿ਼ਆਈ ਖੇਡਾਂ ਲਈ ਤਿਆਰੀ ਕਰ ਰਹੇ ਸਨ।
ਮਿਲਖਾ ਸਿੰਘ ਦੀ ਜੀਵਨ ਕਹਾਣੀ ਦੌੜਾਂ ਦੀ ਐਸੀ ਗਾਥਾ ਹੈ ਜੋ ਜੱਗੋਂ ਨਿਆਰੀ ਹੈ। ਦੌੜਾਂਸਦਾ ਉਹਦੇ ਅੰਗ ਸੰਗਰਹੀਆਂ। ਉਹ ਸਕੂਲੇ ਜਾਂਦਾ ਤਾਂ ਸਕੂਲੋਂ ਦੌੜ ਜਾਂਦਾ। ਤਪਦੇ ਰਾਹਾਂ `ਤੇ ਪੈਰ ਭੁੱਜਦੇ ਤਾਂ ਦੌੜ ਕੇ ਕਿਸੇ ਰੁੱਖ ਦੀ ਛਾਵੇਂ ਠੰਢੇ ਕਰਦਾ। ਇਕ ਰੁੱਖ ਦੀ ਛਾਂ ਤੋਂ ਦੂਜੇ ਰੁੱਖ ਦੀ ਛਾਂ ਵੱਲ ਦੌੜਦਾ। 1947 ਵਿੱਚ ਉਹ ਪਾਕਿਸਤਾਨ `ਚੋਂ ਜਾਨ ਬਚਾ ਕੇ ਦੌੜਿਆ। ਪਹਿਲਾਂ ਮੁਲਤਾਨ, ਫਿਰ ਫਿਰੋਜ਼ਪੁਰ ਤੇ ਫਿਰ ਦਿੱਲੀ ਪੁੱਜਾ। ਦਿੱਲੀ ਉਹ ਰੇਲ ਗੱਡੀਆਂ ਬਰਾਬਰ ਦੌੜਿਆ ਤੇ ਚੋਰੀਆਂ ਚਕਾਰੀਆਂ ਕੀਤੀਆਂ। ਇੱਟਾਂ ਰੋੜੇ ਤੇ ਚਾਕੂ ਚਲਾਏ। ਪੁਲਿਸ ਫੜਨ ਲੱਗੀ ਤਾਂ ਦੌੜ ਕੇ ਬਚਿਆ। ਬੇਟਿਕਟਾ ਸਫ਼ਰ ਕਰਦਾ ਦੌੜਨ ਲੱਗਾ ਤਾਂ ਫੜਿਆ ਗਿਆ ਤੇ ਜੇਲ੍ਹ ਜਾ ਪੁੱਜਾ। ਭੈਣ ਨੇ ਵਾਲ਼ੀਆਂ ਗਹਿਣੇ ਰੱਖ ਕੇ ਜੇਲੋਂ ਛੁਡਾਇਆ। ਫਿਰ ਉਸ ਨੂੰ ਭੈਣ ਦੇ ਸਹੁਰਿਆਂ ਨੇ ਦੌੜਾਅ ਦਿੱਤਾ।
ਚੜ੍ਹਦੀ ਜੁਆਨੀ `ਚ ਉਹ ਇਕ ਗ਼ਰੀਬੜੀ ਕੁੜੀ ਦੇ ਕੁਆਰੇ ਇਸ਼ਕ ਪਿੱਛੇ ਦੌੜਿਆ ਪਰ ਉਹ ਉਹਦੇ ਹੱਥ ਨਾ ਆਈ। ਇਕ ਅਮੀਰ ਕੁੜੀ ਉਹਦੇ ਮਗਰ ਦੌੜੀ ਜਿਸ ਨੂੰ ਮਿਲਖਾ ਸਿੰਘ ਨੇ ਡਾਹੀ ਨਾ ਦਿੱਤੀ। ਫੌਜ `ਚ ਭਰਤੀ ਹੋਇਆ ਤਾਂ ਦੌੜ ਕੇ ਹੀ ਦੁੱਧ ਦਾ ਸਪੈਸ਼ਲ ਗਲਾਸ ਲੁਆਇਆ। ਦੌੜ ਦੌੜ ਕੇ ਤਰੱਕੀਆਂ ਪਾਈਆਂ ਤੇ ਸਿਪਾਹੀ ਤੋਂ ਜੇਸੀਓ ਬਣਿਆ। ਦੇਸ਼ਾਂ ਵਿਦੇਸ਼ਾਂ ਵਿੱਚ ਦੌੜ ਕੇ ਮੈਡਲ ਤੇ ਕੱਪ ਜਿੱਤਦਾ ਗਿਆ ਅਤੇ ਅਮਰੀਕਾ ਦੀ ਹੈਲਮਜ਼ ਟਰਾਫੀ ਨੂੰ ਜਾ ਹੱਥ ਪਾਇਆ। ਭਾਰਤ ਸਰਕਾਰ ਨੇ ਅਰਜੁਨਾ ਐਵਾਰਡ ਤੇ ਪਦਮਸ਼੍ਰੀ ਦੇ ਪੁਰਸਕਾਰਾਂ ਨਾਲ ਨਿਵਾਜਿਆ। ਰੋਮ ਦੀਆਂ ਓਲੰਪਿਕ ਖੇਡਾਂ `ਚ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਤਾਂ ਕੁਲ ਦੁਨੀਆ `ਚ ਮਿਲਖਾ ਮਿਲਖਾ ਹੋ ਗਈ। ਲਾਹੌਰ ਦੌੜਿਆ ਤਾਂ ‘ਫਲਾਈਂਗ ਸਿੱਖ’ ਦਾ ਖਿ਼ਤਾਬ ਮਿਲਿਆ। ਮੁਸੀਬਤਾਂ ਉਸ ਨੂੰ ਵਾਰ ਵਾਰ ਘੇਰਦੀਆਂ ਰਹੀਆਂ ਪਰ ਉਹ ਉਨ੍ਹਾਂ ਦਾ ਸਾਹਮਣਾ ਕਰਦਾ ਅੱਗੇ ਹੀ ਅੱਗੇ ਦੌੜਦਾ ਗਿਆ। ਉਹਦੇ ਮਰ ਰਹੇ ਬਾਪ ਦੇਆਖ਼ਰੀ ਬੋਲ ਸਨ, “ਦੌੜ ਜਾ ਪੁੱਤਰਾ! ਦੌੜ ਜਾਹ...।”
1947 ਦੀ ਮਾਰ-ਧਾੜ `ਚੋਂਜਾਨ ਬਚਾ ਕੇ ਉਹ ਅਜਿਹਾ ਦੌੜਿਆ ਕਿ ਸਾਰੀ ਉਮਰ ਦੌੜਦਾ ਹੀ ਰਿਹਾ। ਜਿਨ੍ਹਾਂ ਰਾਹਾਂ, ਪਹਿਆਂ, ਖੇਤਾਂ, ਡੰਡੀਆਂ, ਪਗਡੰਡੀਆਂ, ਪਟੜੀਆਂ, ਪਾਰਕਾਂ, ਟ੍ਰੇਲਾਂ, ਟ੍ਰੈਕਾਂ, ਸਟੇਡੀਅਮਾਂ ਤੇ ਗੌਲਫ਼ ਗਰਾਊਂਡਾਂ `ਚ ਉਹ ਦੌੜਿਆ ਉਥੋਂ ਅੱਜ ਵੀ ਉਹਦੇ ਮੁੜ੍ਹਕੇ ਦੀ ਮਹਿਕ ਆ ਰਹੀ ਹੈ।
1966 `ਚ ਮਿਲਖਾ ਸਿੰਘ ਨਾਲ ਕੀਤੀ ਪਹਿਲੀ ਮੁਲਾਕਾਤਪਿੱਛੋਂ ਮੈਂ ਜਿਹੜਾ ਲੇਖ ਲਿਖਿਆ ਸੀ ਉਸ ਦੀਆਂ ਕੁਝ ਟੂਕਾਂ ਹਾਜ਼ਰ ਹਨ, “ਟ੍ਰੈਕਮਿਲਖਾ ਸਿੰਘ ਲਈ ਤੀਰਥ ਸਥਾਨ ਬਣ ਗਿਆ ਸੀ ਤੇ ਦੌੜਨਾ ਨਿਤਨੇਮ।ਦੌੜ ਉਹਦਾ ਇਸ਼ਟ ਬਣ ਗਈ ਸੀ। ਵਿਤੋਂ ਬਾਹਰਾ ਦੌੜਨ ਨਾਲ ਉਹ ਕਈ ਵਾਰ ਬੇਹੋਸ਼ ਹੋਇਆ ਤੇ ਲਹੂ ਦੀਆਂ ਉਲਟੀਆਂ ਕਰਦਾ ਰਿਹਾ। ਸਿਕੰਦਰਾਬਾਦ ਉਹਦਾ ਸੈਂਟਰ ਸੀ। ਫੌਜੀ ਬੈਰਕ ਤੇ ਟ੍ਰੈਕ ਉਹਦੀ ਦੁਨੀਆ ਸੀ। ਦੌੜਨ ਦੀ ਤਪੱਸਿਆ ਜਿਥੇ ਸਰੀਰ ਦਾ ਮੁੜ੍ਹਕਾ ਵਹਾਉਂਦੀ, ਲਹੂ ਪੀਂਦੀ, ਨਿਢਾਲ ਕਰਦੀ, ਰਾਤਾਂ ਨੂੰ ਵੀ ਦੌੜਾਂ ਲੁਆਉਂਦੀ, ਅਨੀਂਦਰੇ ਮਾਰਦੀ, ਉਥੇ ਜਿੱਤਾਂ ਜਿੱਤਣ ਦੀ ਤਾਂਘ `ਚ ਇਹੋ ਤਪੱਸਿਆ ਉਹਨੂੰ ਗਗਨਾਂ ਦੇ ਪਰੀ-ਮੰਡਲਾਂ ਵਿੱਚ ਸੰਵਾ ਦਿੰਦੀ!
“ਟੋਕੀਓ-58 ਦੀਆਂ ਏਸਿ਼ਆਈ ਖੇਡਾਂ `ਚ ਪਾਕਿਸਤਾਨ ਦਾ ਓਲੰਪੀਅਨ ਦੌੜਾਕ ਅਬਦੁੱਲ ਖ਼ਾਲਿਕ ਕਿਸੇ ਨੂੰ ਨਿਗ੍ਹਾ ਹੇਠ ਨਹੀਂ ਸੀ ਲਿਆਉਂਦਾ। ਉਹ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਜਦਕਿ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ `ਚੋਂ ਜਿਹੜਾ 200 ਮੀਟਰ ਦੀ ਦੌੜ ਜਿਤਦਾ ਉਹੀ ਏਸ਼ੀਆ ਦਾ ਬੈੱਸਟ ਅਥਲੀਟ ਬਣਨਾ ਸੀ। ਆਖ਼ਰ 200 ਮੀਟਰ ਦੌੜ ਸ਼ੁਰੂ ਹੋਈ। ਅਖ਼ੀਰ ਤਕ ਦੋਵੇਂ ਬਰਾਬਰ ਦੌੜਦੇ ਗਏ। ਹੱਲਾਸ਼ੇਰੀ ਦਿੰਦੇਦਰਸ਼ਕ ਪੱਬਾਂ ਭਾਰ ਖੜ੍ਹੇ ਹੋ ਗਏ। ਦੋਹੇਂ ਦੌੜਾਕ ਫੀਤੇ ਨੂੰ ਇਕੋ ਸਮੇਂ ਛੋਹੇ। ਦੌੜ ਪੂਰੀ ਕਰਦਿਆਂ ਮਿਲਖਾ ਸਿੰਘ ਲੜਖੜਾ ਕੇ ਡਿੱਗ ਪਿਆ। ਕਾਫੀ ਸਮਾਂ ਉਡੀਕਣ ਤੇ ਦੌੜ ਸਮਾਪਤੀ ਦੀ ਫੋਟੋ ਵਾਰ ਵਾਰ ਘੋਖਣ ਉਪਰੰਤ ਐਲਾਨ ਹੋਇਆ-ਮਿਲਖਾ ਸਿੰਘ ਫਸਟ! ਟਾਈਮ... ਤਾੜੀਆਂ ਦੀ ਗੁੰਜਾਰ ਵਿੱਚ ਟਾਈਮ ਕਿਸੇ ਨੇ ਵੀ ਨਾ ਸੁਣਿਆ।
“ਮਿਲਖਾ ਸਿੰਘ ਦੇ ਖੁਸ਼ੀ ਵਿੱਚ ਹੰਝੂ ਵਹਿ ਤੁਰੇ। ਤਸਵੀਰਾਂ ਖਿੱਚਣ ਲਈ ਕੈਮਰਿਆਂ ਦੀਆਂ ਅੱਖਾਂ ਜਗਣ ਬੁਝਣ ਲੱਗੀਆਂ। ਸਾਥੀਆਂ ਦੀਆਂ ਜੱਫੀਆਂ ਨੇ ਉਹਨੂੰ ਮਧੋਲ ਲਿਆ। ਡੌਰ-ਭੌਰ ਉਹ ਆਪਣੇ ਕਮਰੇ `ਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ। ਉਸ ਨੇ ਆਪਣੇ ਆਪ ਨੂੰ ਗਹੁ ਨਾਲ ਵੇਖਿਆ... ਭੁੱਜਦੇ ਪੈਰਾਂ ਨਾਲ ਤਪਦੇ ਰਾਹਾਂ `ਤੇ ਰੁੱਖਾਂ ਦੀਆਂ ਛਾਵਾਂ ਵੱਲ ਦੌੜਦਾ, ਲਹੂ ਲਿਬੜੀ ਗੱਡੀ `ਚ ਲੁਕ ਕੇ ਸਫ਼ਰ ਕਰਦਾ, ਸ਼ਰਨਾਰਥੀ ਕੈਂਪਾਂ `ਚ ਰੁਲਦਾ, ਫੌਜੀਆਂ ਦੇ ਬੂਟ ਪਾਲਸ਼ ਕਰਦਾ, ਲੁਕਾਅ ਕੇ ਰੱਖੀ ਬੇਹੀ ਰੋਟੀ ਨਿਗਲਦਾ...। ਉਸ ਨੇ ਅੱਖਾਂ ਮੁੰਦ ਲਈਆਂ। ਸਿਰ ਬਾਹਾਂ ਵਿੱਚ ਘੁੱਟ ਲਿਆ ਤੇ ਮੰਜੇ `ਤੇ ਲੇਟ ਗਿਆ। ਜੋ ਖ਼ੁਆਬ ਵਿੱਚ ਵੀ ਨਹੀਂ ਸੀ ਉਹ ਹਕੀਕਤ ਬਣ ਗਿਆ ਸੀ। ਜਪਾਨ ਦਾ ਸ਼ਹਿਨਸ਼ਾਹ ਉਹਨੂੰ ਵਧਾਈ ਦੇ ਰਿਹਾ ਸੀ। ਤਿਰੰਗਾ ਲਹਿਰਾ ਰਿਹਾ ਸੀ ਤੇ ‘ਜਨ ਗਨ ਮਨ’ ਗੂੰਜ ਰਿਹਾ ਸੀ। ਦੁਨੀਆ ਭਰ `ਚ ‘ਮਿਲਖਾ ਸਿੰਘ-ਮਿਲਖਾ ਸਿੰਘ’ ਹੋ ਰਹੀ ਸੀ! ਹੋਰ ਉਸ ਨੂੰ ਕੀ ਚਾਹੀਦਾ ਸੀ?”
ਉਸ ਲੇਖ ਦੇ ਅੰਤ `ਚ ਮੈਂ ਲਿਖਿਆ ਸੀ, “ਆਖ਼ਰ ਟੋਕੀਓ ਦੀ ਓਲੰਪਿਕ ਦੌੜ ਦੌੜਨ ਪਿੱਛੋਂ ਉਸ ਨੇ ਦੌੜਾਂ ਨੂੰ ਅਲਵਿਦਾ ਕਹਿ ਕੇ ਆਪਣੇ ਕਿੱਲਾਂ ਵਾਲੇ ਬੂਟ ਕਿੱਲੀ ਉਤੇ ਟੰਗ ਦਿੱਤੇ ਜੋ ਵੰਗਾਰ ਰਹੇ ਹਨ-ਆਵੇ ਕੋਈ ਨਿੱਤਰੇ!”
ਮਿਲਖਾ ਸਿੰਘ ਬਾਰੇ ‘ਭਾਗ ਮਿਲਖਾ ਭਾਗ’ ਫਿਲਮ ਬਣੀ ਤਾਂ ਜਿਥੇ ਉਹਦੀ ਮਸ਼ਹੂਰੀ ਨੂੰ ਚਾਰ ਚੰਨ ਲੱਗੇ ਉਥੇ ਉਹਦੇ ਬਾਰੇ ਦੰਦ ਕਥਾਵਾਂ ਵਿੱਚ ਵੀ ਵਾਧਾ ਹੋਇਆ। ਫਿਲਮ ਵਿੱਚ ਮਿਲਖਾ ਸਿੰਘ ਨੂੰ ਇਕੋ ਡੀਕੇ ਦੋ ਕਿਲੋ ਘਿਓ ਦਾ ਭਰਿਆ ਡੱਬਾ ਪੀਂਦਾ ਵਿਖਾਇਆ ਗਿਆ। ਫਿਰ ਡੰਡ ਕੱਢ ਕੇ ਘਿਓ ਦਾ ਦੂਜਾ ਡੱਬਾ ਵੀ ਖਾਲੀ ਕਰ ਦਿੱਤਾ!ਤਮਾਸ਼ਬੀਨ ਭੰਗੜੇ ਪਾਈ ਗਏ। ਇਹ ਬੜਾ ਵਧਾ ਚੜ੍ਹਾ ਕੇ ਵਿਖਾਇਆ ਦ੍ਰਿਸ਼ ਹੈ। ਕੋਈ ਦੌੜਾਕ ਚਾਰ ਕਿਲੋ ਘਿਓ ਨਹੀਂ ਪੀ ਸਕਦਾ। ਪੀ ਲਵੇ ਤਾਂ ਹਜ਼ਮ ਨਹੀਂ ਕਰ ਸਕਦਾ। ਮੈਲਬੌਰਨ ਦੀਆਂ ਓਲੰਪਿਕ ਖੇਡਾਂ ਸਮੇਂ ਗੋਰੀ ਕੁੜੀ ਨਾਲ ਇਸ਼ਕ ਮੁਸ਼ਕ ਵੀ ਫਿਲਮੀ ਇਸ਼ਕ ਹੈ। ਉਹਦਾ ਇਸ਼ਕਤਾਂ ਕੇਵਲ ਨਿਰਮਲ ਸੈਣੀ ਨਾਲ ਹੀ ਹੋਇਆ ਸੀ ਜੋ ਵਿਆਹ ਕਰਾਉਣ ਨਾਲ ਨੇਪਰੇ ਚੜ੍ਹਿਆ।
ਮਿਲਖਾ ਸਿੰਘ ਦੀ ਵਡਿਆਈ ਇਸ ਤੱਥ ਵਿੱਚ ਨਹੀਂ ਕਿ ਉਸ ਨੇ ਪਹਿਲਾ ਓਲੰਪਿਕ ਰਿਕਾਰਡ ਤੋੜਿਆ ਜਾਂ ਭਾਰਤ ਲਈ ਕਾਮਨਵੈਲਥ ਤੇ ਏਸਿ਼ਆਈ ਖੇਡਾਂ ਦੇ ਪੰਜ ਗੋਲਡ ਮੈਡਲ ਜਿੱਤੇ। ਉਸ ਦੀ ਵਡਿਆਈ ਤਾਂ ਇਸ ਤੱਥ ਵਿੱਚ ਹੈ ਕਿ 1947 ਦੀ ਵੱਢ-ਟੁੱਕ ਵਿੱਚ ਯਤੀਮ ਹੋਏ ਉਸ ਬਾਲਕ ਨੇ ਬਿਪਤਾਵਾਂਦੇ ਦੌਰ `ਚੋਂ ਗੁਜ਼ਰਦਿਆਂ ਬਿਨਾਂ ਖੇਡ ਸਹੂਲਤਾਂ ਦੇ ਏਸ਼ੀਆ ਦਾ ਬੈੱਸਟ ਅਥਲੀਟ ਬਣ ਵਿਖਾਇਆ। ਉਹ ਫੀਨੈਕਸ ਵਾਂਗ ਆਪਣੀ ਰਾਖ `ਚੋਂ ਉੱਗਿਆ। ਉਸ ਨੇ ਤਨ ਮਨ ਦੀ ਅੰਦਰਲੀ ਅੱਗ ਨੂੰ ਆਪੇ ਸੀਖ ਲਾਈ। ਧੁਖਿਆ, ਤਪਿਆ, ਬਲਿਆ ਤੇ ਚਾਨਣ ਮੁਨਾਰਾ ਬਣਿਆ! ਉਸ ਦੀ ਜੀਵਨੀ `ਤੇ ਬਣੀ ਫਿਲਮ ਵੀ ਇਹੋ ਸੰਦੇਸ਼ ਦਿੰਦੀ ਹੈ ਕਿ ਜੁਆਨੋ ਉਠੋ, ਆਪਣੇ ਅੰਦਰਲੇ ਨੂੰ ਜਗਾਓ, ਸਖ਼ਤ ਮਿਹਨਤ ਕਰੋ ਤੇ ਕੁਝ ਕਰ ਕੇ ਵਿਖਾਓ। ਜੋ ਕੁਝ ਮਾੜੀਆਂ ਹਾਲਤਾਂ ਵਿਚ ਮਾੜਚੂ ਜਿਹੇ ਸਰੀਰ ਦੇ ਮਿਲਖਾ ਸਿੰਘ ਨੇ ਕੀਤਾ ਤੁਸੀਂ ਉਸ ਤੋਂ ਚੰਗੇਰੀਆਂ ਹਾਲਤਾਂ `ਚ ਜੰਮ ਪਲ ਕੇ ਕਿਉਂ ਨਹੀਂ ਕਰ ਸਕਦੇ? ਕਰ ਸਕਦੇ ਹੋ ਜੇ ਨਿਸ਼ਚੈ ਕਰ ਆਪਣੀ ਜੀਤ ਕਰੋਂ ਦਾ ਦ੍ਰਿੜ ਇਰਾਦਾ ਧਾਰ ਲਵੋਂ। ਮਿਲਖਾ ਸਿੰਘ ਨਵੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸੋਮਾ ਹੈ। ਭੁੱਲੇ ਭਟਕਿਆਂ ਦਾ ਰਾਹਦਸੇਰਾ। ਖਿਡਾਰੀਆਂ ਲਈ ਰੋਲ ਮਾਡਲ।
ਮਿਲਖਾ ਸਿੰਘ ਦੇ ਸ਼ਬਦਾਂ ਵਿੱਚ ਭਾਰਤ `ਚ ਟੇਲੈਂਟ ਦੀ ਘਾਟ ਨਹੀਂ। ਘਾਟ ਹੈ ਤਾਂ ਦ੍ਰਿੜ ਇਰਾਦੇ ਦੀ ਹੈ, ਅਨੁਸਾਸ਼ਨ ਦੀ ਤੇ ਸਖ਼ਤ ਮਿਹਨਤ ਦੀ। ਘਾਟ ਕਥਨੀ ਦੀ ਨਹੀਂ, ਕਰਨੀ ਦੀ ਹੈ। ਗੱਲੀਂ ਬਾਤੀਂ ਸਾਡੇ ਅਖੌਤੀ ਨੇਤਾ ‘ਮਹਾਨ’ਕਹੇ ਜਾਂਦੇ ਹਨ ਪਰ ਨਿਬੇੜੇ ਤਾਂ ਅਮਲਾਂ `ਤੇ ਹੀ ਹੋਣੇ ਹੁੰਦੇ ਹਨ! ਪਿੜ ਭਾਵੇਂ ਖੇਡਾਂ ਦਾ ਹੋਵੇ, ਸਿਆਸਤ ਦਾ ਹੋਵੇ, ਸਰਵਿਸ ਦਾ ਜਾਂ ਕਿਸੇ ਵੀ ਕਾਰੋਬਾਰ ਦਾ ਹੋਵੇ, ਨਿਤਾਰਾ ਅਮਲਾਂ ਨੇ ਹੀ ਕਰਨਾ ਹੁੰਦੈ। ਭਾਰਤ ਦੀ ਬਦਬਖਤੀ ਹੈ ਕਿ ਏਥੇ ਕਿਰਤ ਦੇ ਲੁਟੇਰੇਮੌਜਾਂ ਮਾਣ ਰਹੇ ਨੇ ਤੇ ਕਿਰਤੀਭੁੱਖੇ ਮਰਨ ਡਹੇ ਨੇ। ਗ਼ਰੀਬਾਂ ਨੂੰ ਦੋ ਮੰਨੀਆਂ ਦਾ ਫਿ਼ਕਰ ਹੈ ਜਦ ਕਿ ਅਮੀਰਾਂ ਤੋਂ ਅਣਮਿਣੀ ਦੌਲਤ ਸਾਂਭ ਨਹੀਂ ਹੁੰਦੀ। ਸਿੱਟੇ ਵਜੋਂ ਗ਼ਰੀਬ ਹੋਰ ਗ਼ਰੀਬ ਹੋਈ ਜਾਂਦੇ ਨੇ ਤੇ ਅਮੀਰ ਹੋਰ ਅਮੀਰ! ਫਿਰ ਵੀ ਭਾਰਤ ਲਈ ਖੇਡਾਂ ਦੇ ਜਿੰਨੇ ਮੈਡਲ ਗ਼ਰੀਬ ਘਰਾਂ ਦਿਆਂ ਬੱਚਿਆਂ ਨੇ ਜਿੱਤੇ ਹਨ ਅਮੀਰ ਘਰਾਂ ਦੇ ਲਾਡਲਿਆਂ ਨੇ ਉਹਦਾ ਦਸਵਾਂ ਹਿੱਸਾ ਵੀ ਨਹੀਂ ਜਿੱਤੇ।
ਇਕਕਿਸਾਨ ਘਰ ਦਾ ਜੰਮਪਲ ਹੋ ਕੇ, ਅਨਾਥ ਹੋ ਕੇ, ਬਚਪਨ ਟੁਕੜੇ ਟੁਕੜੇ ਕਰਾ ਕੇ, ਉਜੜ ਪੁੱਜੜ ਕੇ, ਜੇਲ੍ਹ ਜਾ ਕੇ, ਅੰਤਾਂ ਦੀਆਂ ਔਖਿਆਈਆਂ `ਚੋਂ ਲੰਘ ਕੇ, ਵੱਡੀ ਉਮਰ `ਚ ਦੌੜ ਸ਼ੁਰੂ ਕਰ ਕੇ ਤੇ ਫਿਰ ਵੀ ਦੌੜ ਦਾ ਬਾਦਸ਼ਾਹ ਬਣ ਕੇ ਜੋ ਮਿਸ਼ਾਲ ਮਿਲਖਾ ਸਿੰਘ ਨੇ ਜਗਾਈ ਉਸ ਨੂੰ ਸਲਾਮ ਹੈ! ਇਹੋ ਮਿਸ਼ਾਲ ਹਰ ਬੱਚੇ ਨੂੰ, ਜੁਆਨ ਨੂੰ, ਇਨਸਾਨ ਨੂੰ ਉੱਚੀਆਂ ਉਡਾਰੀਆਂ ਭਰਨ ਲਈ ਉਕਸਾ ਸਕਦੀ ਹੈ। ਉਨ੍ਹਾਂ ਲਈ ਰਾਹਦਸੇਰਾ ਹੋ ਸਕਦੀ ਹੈ, ਰਹਿਬਰ ਬਣ ਸਕਦੀ ਹੈ। ਮਿਲਖਾ ਸਿੰਘ ਦੀ ਦੌੜ ਕੇਵਲ ਛੋਹਲੇ ਕਦਮਾਂ ਦੀ ਦੌੜ ਨਹੀਂ ਬਲਕਿ ਹਰ ਬਾਲਕ ਅੰਦਰ ਛੁਪੀਆਂ ਪਈਆਂ ਬੇਅੰਤ ਸੰਭਾਵਨਾਵਾਂ ਜਗਾਉਣ ਦੀ ਦੌੜ ਹੈ। ਬੱਸ ਦ੍ਰਿੜ ਇਰਾਦਾ, ਲਗਾਤਾਰ ਲਗਨ ਤੇ ਅਣਥੱਕ ਮਿਹਨਤ ਮਿਲਖਾ ਸਿੰਘ ਵਰਗੀ ਹੋਣੀ ਚਾਹੀਦੀ ਹੈ। ਫਿਰ ਦਿੱਲੀ ਦੂਰ ਨਹੀਂ!

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ