Welcome to Canadian Punjabi Post
Follow us on

13

April 2024
ਬ੍ਰੈਕਿੰਗ ਖ਼ਬਰਾਂ :
ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੇ ਮੁਸਲਿਮ ਭਾਈਚਾਰੇ ਨਾਲ ਈਦ ਦੀ ਖ਼ੁਸ਼ੀ ਕੀਤੀ ਸਾਂਝੀਸਵੀਪ ਪ੍ਰਾਜੈਕਟ ਤਹਿਤ ਵੋਟ ਦੇ ਅਧਿਕਾਰਾਂ ਪ੍ਰਤੀ ਨੌਜਵਾਨਾਂ ਨੂੰ ਕੀਤਾ ਜਾਗਰੂਕਖਾਲਸਾ ਸਾਜਣਾ ਦਿਵਸ ਦੇ ਸਮਾਗਮਾਂ ’ਚ ਸ਼ਮੂਲੀਅਤ ਲਈ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੇ ਵੀਜਾ ਲੱਗੇ ਪਾਸਪੋਰਟ ਕੀਤੇ ਪ੍ਰਾਪਤਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ
 
ਨਜਰਰੀਆ

ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ!

February 19, 2024 04:44 AM

-ਜਤਿੰਦਰ ਪਨੂੰ
ਭਵਿੱਖ ਦੇ ਭਾਰਤ ਦੀ ਕਿਸੇ ਤਸਵੀਰ ਦੀ ਕਲਪਨਾ ਕੀਤੇ ਬਗੈਰ ਇਸ ਦੇਸ਼ ਦੇ ਆਮ ਲੋਕ ਵੀ ਅਤੇ ਰਾਜਸੀ ਆਗੂ ਵੀ ਇਸ ਗੱਲ ਵੱਲ ਅੱਖਾਂ ਲਾਈ ਬੈਠੇ ਹਨ ਕਿ ਪਾਰਲੀਮੈਂਟ ਦੀ ਚੋਣ ਆਉਣ ਵਾਲੀ ਹੈ। ਜਿਨ੍ਹਾਂ ਦਾ ਪੱਲਾ ਸੱਖਣਾ ਰਹਿਣ ਬਾਰੇ ਬਹੁਤ ਸਾਰੇ ਚੋਣ ਮਾਹਰ ਖੁੱਲ੍ਹੇ ਸ਼ਬਦਾਂ ਵਿੱਚ ਕਹੀ ਜਾਂਦੇ ਹਨ, ਉਹ ਵੀ ਇਸ ਵਾਰ ਲੋਕ ਸਭਾ ਚੋਣ ਮੌਕੇ ਭਾਰਤ ਦੀ ਤਕਦੀਰ ਬਦਲਣ ਦੇ ਦਾਅਵੇ ਕਰਦੇ ਪਏ ਹਨ।ਇਸ ਦੇਸ਼ ਦੀ ਆਜ਼ਾਦੀ ਲਈ ਹੋਏ ਸੰਗਰਾਮ ਵਿੱਚ ਭੂਮਿਕਾ ਕਈ ਧਿਰਾਂ ਦੀ ਸੀ, ਪਰ ਜਿਹੜੀ ਪਾਰਟੀ ਹੋਰ ਕਿਸੇ ਨੂੰ ਵੀ ਕੋਈ ਸਿਹਰਾ ਨਹੀਂ ਦੇਣਾ ਚਾਹੁੰਦੀ ਤੇ ਸਾਰੀ ਕੁਰਬਾਨੀ ਦਾ ਕਿੱਸਾ ਸਿਰਫ ਆਪਣੇ ਉਸ ਵਕਤ ਦੇ ਰਾਜਸੀ ਵਡੇਰਿਆਂ ਸਿਰ ਬੰਨ੍ਹੀ ਰੱਖਣ ਲਈ ਬਜਿ਼ਦ ਹੈ, ਉਹ ਇਸ ਵੇਲੇ ਜਿਸ ਹਾਲ ਵਿੱਚ ਪਹੁੰਚੀ ਹੋਈ ਹੈ, ਉਸ ਉੱਤੇ ਕਈ ਲੋਕਾਂ ਨੂੰ ਤਰਸ ਆਉਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਦੇ ਆਗੂ ਅਜੇ ਵੀ ਹੋਰ ਸਾਰਿਆਂ ਤੋਂ ਆਪਣੇ ਪਿਛਲੱਗ ਬਣ ਕੇ ਚੱਲਣ ਦੀ ਉਹ ਆਸ ਕਰੀ ਜਾਂਦੇ ਹਨ, ਜਿਹੜੀ ਇਸ ਪਾਰਟੀ ਅੰਦਰਲੇ ਲੋਕਾਂ ਵਿੱਚੋਂ ਕੀਤੀ ਜਾਣੀ ਵੀ ਮੁਸ਼ਕਲ ਹੁੰਦੀ ਜਾਂਦੀ ਹੈ। ਪਾਰਟੀ ਦੀ ਕਾਰਜਕਾਰੀ ਮੁਖੀ ਸੋਨੀਆ ਗਾਂਧੀ ਵਧਦੀ ਉਮਰ ਕਾਰਨ ਰਾਜਸੀ ਮੈਦਾਨ ਛੱਡਣ ਲਈ ਮਜਬੂਰ ਹੋ ਚੁੱਕੀ ਹੈ, ਅਗਲੀ ਪੀੜ੍ਹੀ ਦੇ ਪੈਰ ਅਜੇ ਲੱਗ ਨਹੀਂ ਰਹੇ, ਪਰ ਪਾਰਟੀ ਅਜੇ ਵੀ ਆਸ ਰੱਖਦੀ ਹੈ ਕਿ ਇਸ ਚੋਣ ਵਿੱਚ ਉਹ ਅਟਲ ਬਿਹਾਰੀ ਵਾਜਪਾਈ ਦੇ ਦੌਰ ਪਿੱਛੋਂ ਮਿਲੀ ਜਿੱਤ ਵਰਗੀ ਅਣਕਿਆਸੀ ਜਿੱਤ ਫਿਰ ਜਿੱਤਣ ਦਾ ਕ੍ਰਿਸ਼ਮਾ ਕਰ ਜਾਵੇਗੀ। ਮਰਹੂਮ ਸ਼ਾਇਰ ਮੁਨੱਵਰ ਰਾਣਾ ਨੇ ਉਰਦੂ ਭਾਸ਼ਾ ਦੀ ਗੱਲ ਕਰਦਿਆਂ ਕਿਹਾ ਸੀ: ‘ਹਰ ਇੱਕ ਆਵਾਜ਼ ਅਬ ਉਰਦੂ ਕੋ ਫਰਿਆਦੀ ਬਤਾਤੀ ਹੈ, ਯੇ ਪਗਲੀ ਫਿਰ ਭੀ ਅਬ ਤੱਕ ਖੁਦ ਕੋ ਸ਼ਹਿਜ਼ਾਦੀ ਬਤਾਤੀ ਹੈ।’ ਉਸ ਦੀ ਇਹ ਗੱਲ ਉਰਦੂ ਭਾਸ਼ਾ ਬਾਰੇ ਬਿਲਕੁਲ ਠੀਕ ਸੀ, ਕਾਂਗਰਸ ਵੀ ਓਸੇ ਵਰਗੀ ਹਾਲਤ ਵਿੱਚ ਹੈ। ਜਦੋਂ ਹਰ ਕੋਈ ਇਸ ਪਾਰਟੀ ਦੀ ਨਿੱਘਰਦੀ ਹਾਲਤ ਦੀ ਚਰਚਾ ਕਰਦਾ ਪਿਆ ਹੈ ਅਤੇ ਇਸ ਦੇ ਦੋਬਾਰਾ ਉੱਠ ਸਕਣ ਦੀ ਆਸ ਦਾ ਸ਼ਬਦਕਿਸੇ ਪਾਸੇ ਕੋਈ ਨਹੀਂ ਬੋਲਦਾ, ਉਸ ਵਕਤ ਵੀ ਇਸ ਦੇ ਲੀਡਰ ਹਕੀਕਤਾਂ ਨੂੰ ਮੰਨਣਾ ਨਹੀਂ ਚਾਹੁੰਦੇ।
ਹਕੀਕਤਾਂ ਕੂਕ-ਕੂਕ ਕੇ ਕਹਿ ਰਹੀਆਂ ਹਨ ਕਿ ਸਿਰਫ ਕਾਂਗਰਸ ਪਾਰਟੀ ਨਹੀਂ, ਸਮੁੱਚੀ ਭਾਰਤੀ ਰਾਜਨੀਤੀ ਇਹੋ ਜਿਹੀ ਨੀਵਾਣ ਵੱਲ ਰਿੜ੍ਹਨ ਲੱਗ ਚੁੱਕੀ ਹੈ, ਜਿੱਧਰ ਉਸ ਦੇ ਅੱਗੇ ਕੋਈ ਸਪੀਡ-ਬਰੇਕਰ ਦਿਖਾਈ ਨਹੀਂ ਦੇ ਰਿਹਾ। ਕਦੀ ਇਸ ਦੇਸ਼ ਵਿੱਚ ਇੱਕ ਪਾਰਟੀ ਤੇ ਉਸ ਦੀ ਇੱਕਲੌਤੀ ਆਗੂ ਵਜੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਜਿੱਡਾ ਅਕਸ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਸੀ, ਅੱਜ ਦੇਸ਼ ਦਾ ਇੱਕ ਖਾਸ ਕਾਰੋਬਾਰੀ ਵਰਗ ਤੇ ਖਾਸ ਮੀਡੀਆ ਲਾਬੀ ਮਿਲ ਕੇ ਨਰਿੰਦਰ ਮੋਦੀ ਦਾ ਓਸੇ ਵਰਗਾ ਅਕਸ ਬਣਾ ਕੇ ਪੇਸ਼ ਕਰਦੇ ਪਏ ਹਨ। ਜਦੋਂ ਕੋਈ ਆਗੂ ਉਸ ਪਾਰਟੀ ਤੋਂ ਵੱਡਾ ਦਿੱਸਣ ਲੱਗਦਾਹੈ, ਜਿਹੜੀ ਪਾਰਟੀ ਨੇ ਉਸ ਨੂੰ ਪੈਦਾ ਕੀਤਾ ਸੀ ਤਾਂ ਦੋ ਹੀ ਗੱਲਾਂ ਹੋਇਆ ਕਰਦੀਆਂ ਹਨ। ਜਾਂ ਉਸ ਲੀਡਰ ਦੇ ਪਤਨ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਪਰ ਏਦਾਂ ਹਮੇਸ਼ਾ ਨਹੀਂ ਹੋਇਆ ਕਰਦਾ, ਜਾਂ ਫਿਰ ਉਹ ਆਗੂ ਏਡਾ ਕੱਦਾਵਰ ਬਣ ਜਾਂਦਾ ਹੈ ਕਿ ਆਪਣਿਆਂ-ਪਰਾਇਆਂ ਵਿੱਚੋਂ ਕਈ-ਕਈ ਸਾਲਾਂ ਤੱਕ ਉਸ ਵੱਲ ਉਂਗਲ ਉਠਾੳਣ ਦੀ ਹਿੰਮਤ ਕਰਨ ਵਾਲਾ ਕੋਈ ਨਹੀਂ ਉੱਠ ਸਕਦਾ। ਜਿਹੜੀਆਂ ਕੌਮਾਂ ਇਹੋ ਜਿਹੇ ਆਗੂ ਦਾ ਉਭਾਰ ਹੁੰਦਾ ਇੱਕ ਵਾਰ ਵੇਖ ਚੁੱਕੀਆਂ ਹਨ, ਉਨ੍ਹਾਂ ਦਾ ਹੰਢਾਇਆ ਤਜਰਬਾ ਬਾਕੀ ਦੇਸ਼ਾਂ ਅਤੇ ਕੌਮਾਂ ਲਈ ਰਾਹ-ਦਿਖਾਵਾ ਹੋ ਸਕਦਾ ਹੈ, ਪਰ ਦੇਖਣ ਵਾਲੀ ਅੱਖ ਚਾਹੀਦੀ ਹੈ।
ਮੌਜੂਦਾ ਹਾਲਾਤ ਵਿੱਚ ਭਾਰਤ ਦੀ ਰਾਜਨੀਤੀ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਰੌਂਅ ਦੀ ਝਲਕ ਦਿਖਾ ਰਹੀ ਹੈ, ਉਸ ਦੇ ਲੱਛਣ ਚੰਗੇ ਨਹੀਂ ਅਤੇ ਜਿਨ੍ਹਾਂ ਆਗੂਆਂ ਅਤੇ ਪਾਰਟੀਆਂ ਨੇ ਇਸ ਮੁਹਾਣ ਮੂਹਰੇ ਇੱਕ-ਮੁੱਠ ਅੜਿੱਕਾ ਬਣਨ ਵਾਲੀ ਸ਼ਕਤੀ ਹੋਣ ਦਾ ਦਾਅਵਾ ਕੀਤਾ ਸੀ, ਉਨ੍ਹਾਂ ਦੀ ਏਕਤਾ ਵਿੱਚ ਮਘੋਰੇ ਹੋਣ ਲੱਗ ਪਏ ਹਨ।ਵਿਰੋਧੀ ਗੱਠਜੋੜ ਵੱਲੋਂ ਪ੍ਰਧਾਨ ਮੰਤਰੀ ਬਣਨ ਵਾਸਤੇ ਉਮੀਦਵਾਰ ਹੋਣ ਦਾ ਸਭ ਤੋਂ ਵੱਡਾ ਦਾਅਵੇਦਾਰ ਨਿਤੀਸ਼ ਕੁਮਾਰ ਸਭ ਤੋਂ ਪਹਿਲਾਂ ਗੱਠਜੋੜ ਨੂੰ ਠਿੱਬੀ ਲਾ ਕੇ ਭਾਜਪਾ ਨਾਲ ਜਾ ਜੁੜਿਆ ਅਤੇ ਇੱਕੋ ਛੜੱਪੇ ਵਿੱਚ ਕਈ ਲਾਭ ਖੱਟ ਗਿਆ ਹੈ। ਅਗਲੀ ਲੋਕ ਸਭਾ ਚੋਣ ਵਿੱਚ ਉਸ ਨੂੰ ਭਾਜਪਾ ਨਾਲ ਗੱਠਜੋੜ ਵਿੱਚ ਕੁਝ ਸੀਟਾਂ ਜਿੱਤ ਜਾਣ ਦੀ ਝਾਕ ਹੋ ਗਈ ਤੇ ਆਪਣੇ ਰਾਜ ਦੀ ਸਰਕਾਰ ਦਾ ਮੁਖੀ ਬਣੇ ਰਹਿਣ ਦਾ ਜੁਗਾੜ ਵੀ ਉਸ ਨੇ ਨਾਲ ਹੀ ਕਰ ਲਿਆ ਹੈ। ਵਿਰੋਧ ਦੀਆਂ ਪਾਰਟੀਆਂ ਉਸ ਬੰਦੇ ਦੀ ਫਿਤਰਤ ਦਾ ਰਿਕਾਰਡ ਜਾਣਨ ਦੇ ਬਾਵਜੂਦ ਉਸ ਨੂੰ ਆਪਣਾ ਆਗੂ ਬਣਾਉਣ ਦੀ ਤਿਆਰੀ ਕਰੀ ਜਾਂਦੀਆਂ ਸਨ, ਪਰ ਕੁਝ ਧਿਰਾਂ ਵੱਲੋਂ ਵਿਰੋਧ ਕਾਰਨ ਉਹ ਖੇਡ ਸਿਰੇ ਨਹੀਂ ਸੀ ਚੜ੍ਹ ਸਕੀ। ਜੇ ਉਸ ਨੂੰ ਆਗੂ ਬਣਾ ਲਿਆ ਹੁੰਦਾ ਤਾਂ ਅਗਲੀ ਚਲਾਕੀ ਇਹ ਵੀ ਕਰ ਸਕਦਾ ਸੀ ਕਿ ਉਮੀਦਵਾਰ ਐਲਾਨੇ ਜਾਣ ਮਗਰੋਂ ਜਾ ਕੇ ਨਰਿੰਦਰ ਮੋਦੀ ਨਾਲ ਸਮਝੋਤਾ ਕਰ ਲੈਂਦਾ ਅਤੇ ਸਾਰੇ ਦੇਸ਼ ਵਿੱਚ ਭਾਜਪਾ ਨੂੰ ਇਹ ਪ੍ਰਚਾਰ ਕਰਨ ਦਾ ਮੌਕਾ ਦੇ ਦੇਂਦਾ ਕਿ ਵਿਰੋਧੀ ਧਿਰ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਹੀ ਉਸ ਨੂੰ ਛੱਡ ਕੇ ਨਰਿੰਦਰ ਮੋਦੀ ਦੀ ਅਗਵਾਈ ਕਬੂਲ ਕਰ ਗਿਆ ਹੈ। ਉਹ ਖੇਡ ਸਿਰੇ ਚੜ੍ਹ ਜਾਂਦੀ ਤਾਂ ਅਗਲੀਲੋਕ ਸਭਾ ਚੋਣ ਲਈ ਪ੍ਰਚਾਰ ਸ਼਼ੁਰੂ ਹੋਣ ਤੋਂ ਪਹਿਲਾਂਉਸ ਨੇ ਵਿਰੋਧੀ ਧਿਰਾਂ ਦੇ ਗੁਬਾਰੇ ਵਿੱਚ ਤਿੱਖੀ ਸੂਈ ਮਾਰ ਕੇ ਸਾਰੀ ਫੂਕ ਕੱਢ ਦੇਣੀ ਸੀ। ਵਿਰੋਧੀ ਧਿਰਾਂ ਅਜੇ ਵੀ ਏਦਾਂ ਦੇ ਕੁਝ ਆਗੂਆਂ ਨੂੰ ਟੋਂਹਦੀਆਂ ਪਈਆਂ ਹਨ।
ਦੂਸਰੇ ਪਾਸੇ ਨਰਿੰਦਰ ਮੋਦੀ ਅਤੇ ਉਸ ਨਾਲ ਜੁੜੀ ਹੋਈ ਚੋਣਵੇਂ ਸਿਰਾਂ ਦੀ ਇੱਕ ਟੀਮ ਇੱਕ-ਸਾਰ ਰਣਨੀਤੀ ਦਾ ਹਰ ਨਵਾਂ ਦਾਅ ਸੋਚ ਕੇ ਉਸ ਮੁਤਾਬਕ ਪੈਂਤੜੇ ਤੈਅ ਕਰਨ ਦਾ ਕੰਮ ਕਰਦੇ ਰਹਿੰਦੇ ਹਨ। ਪਿਛਲੇ ਸਮੇਂ ਵਿੱਚ ਕਈ ਵਾਰ ਬਹੁਤ ਅਣਕਿਆਸੇ ਅਦਾਲਤੀ ਫੈਸਲਿਆਂ ਪਿੱਛੋਂ ਲੱਗਣ ਲੱਗਾ ਸੀ ਕਿ ਭਾਜਪਾ ਲੀਡਰਸਿ਼ਪਕੋਲ ਇਸ ਕਾਨੂੰਨੀ ਉਲਝਣ ਤੋਂ ਨਿਕਲਣ ਦਾ ਕੋਈ ਰਾਹ ਨਹੀਂ ਰਿਹਾ, ਪਰ ਉਹ ਹਰ ਵਾਰ ਸਾਰੀ ਗੱਲ ਤਿਲਕਾ ਕੇ ਅਗਲਾ ਕਦਮ ਅਚਾਨਕ ਏਦਾਂ ਦਾ ਚੁੱਕ ਲੈਂਦੇ ਰਹੇ ਸਨ ਕਿ ਹਰ ਕੋਈ ਹੈਰਾਨ ਰਹਿ ਜਾਂਦਾ ਸੀ। ਫਿਰ ਵੀ ਇਸ ਮਹੀਨੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਚੋਣ-ਬਾਂਡ ਰਾਹੀਂ ਵੱਖ-ਵੱਖ ਪਾਰਟੀਆਂ ਨੂੰ ਚੰਦੇ ਦੇਣ ਦੇ ਕਾਨੂੰਨਾਂ ਨੂੰ ਗੈਰ-ਸੰਵਿਧਾਨਕ ਐਲਾਨਣ ਵਾਲਾ ਕੀਤਾ ਹੈ, ਉਹ ਮੋਦੀ ਸਰਕਾਰ ਅਤੇ ਭਾਜਪਾ ਲੀਡਰਸਿ਼ਪ ਲਈ ਪਿਛਲੀਆਂ ਸਾਰੀਆਂ ਸੱਟਾਂ ਤੋਂ ਵੱਧ ਮਾਰੂ ਸੀ। ਭਾਰਤ ਦੀ ਸੁਪਰੀਮ ਕੋਰਟ ਦਾ ਇਹ ਫੈਸਲਾ ਸੰਵਿਧਾਨਕ ਬੈਂਚ ਨੇ ਦਿੱਤਾ ਤੇ ਇਹ ਦਿੱਤਾ ਵੀ ਸਰਬ ਸੰਮਤੀ ਨਾਲ ਹੈ, ਜਿਸ ਵਿੱਚ ਕਿਸੇ ਇੱਕ ਵੀ ਜੱਜ ਨੇ ਵਿਰੋਧਤਾ ਕਰਨ ਦੀ ਟਿਪਣੀ ਨਹੀਂ ਲਿਖਾਈ। ਆਮ ਪ੍ਰਭਾਵ ਹੈ ਕਿ ਭਾਜਪਾ ਤੇ ਇਸ ਦੇ ਲੀਡਰਾਂ ਲਈ ਇਸ ਫੈਸਲੇ ਦਾ ਤੋੜ ਲੱਭਣਾ ਮੁਸ਼ਕਲ ਹੈ, ਪਰ ਇਹ ਧਾਰਨਾ ਬਣਾਉਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਸੁਪਰੀਮ ਕੋਰਟ ਨੇ ਜਦੋਂ ਦੇਸ਼ ਦੇ ਚੋਣ ਕਮਿਸ਼ਨ ਦੀ ਨਿਯੁਕਤੀ ਦੇ ਢੰਗ ਬਾਰੇ ਫੈਸਲਾ ਦਿੱਤਾ ਸੀ, ਓਦੋਂ ਵੀ ਸਰਕਾਰ ਫਸੀ ਜਾਪਦੀ ਸੀ। ਹੋਇਆ ਫਿਰ ਇਹ ਸੀ ਕਿ ਸਰਕਾਰ ਨੇ ਬਹੁਤ ਕਾਹਲੀ ਵਿੱਚ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਦੇ ਨਿਯਮ ਬਣਾਉਣ ਲਈ ਆਪਣੀ ਮਰਜ਼ੀ ਦਾ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤਾ ਅਤੇ ਝਟਾਪਟ ਪਾਸ ਕਰਵਾ ਕੇ ਉਸ ਪ੍ਰਕਿਰਿਆ ਤੋਂ ਭਾਰਤ ਦੀ ਸੁਪਰੀਮ ਕੋਰਟ ਨੂੰ ਬਾਹਰ ਕਰ ਦਿੱਤਾ ਸੀ। ਕਿਉਂਕਿ ਏਦਾਂ ਦੇ ਕਾਨੂੰਨ ਬਣਾਉਣ ਦਾ ਸਾਰਾ ਅਧਿਕਾਰ ਪਾਰਲੀਮੈਂਟ ਨੂੰ ਸੀ, ਅਤੇ ਅਜੇ ਵੀ ਹੈ, ਇਸ ਲਈ ਸੁਪਰੀਮ ਕੋਰਟ ਨੇ ਪਹਿਲਾਂ ਜੋ ਵੀ ਹਦਾਇਤਾਂ ਦਿੱਤੀਆਂ ਹੋਈਆਂ ਸਨ, ਇਸ ਸਰਕਾਰੀ ਪੈਂਤੜੇ ਨੂੰ ਰੱਦ ਕਰਨ ਜਾਂ ਮੁੜ ਵਿਚਾਰ ਲਈ ਕਹਿਣ ਦੀ ਥਾਂ ਜੱਜ ਸਾਹਿਬਾਨ ਨੇ ਚੁੱਪ ਵੱਟ ਜਾਣ ਵਿੱਚ ਭਲਾਈ ਸਮਝੀ ਸੀ।
ਇਸ ਦਾ ਅਰਥ ਹੈ ਕਿ ਭਾਰਤ ਉਸ ਅਲੋਕਾਰ ਦੌਰ ਵਿੱਚ ਦਾਖਲ ਹੋ ਚੁੱਕਾ ਹੈ, ਜਿੱਥੇ ਵਗਦੇ ਵਹਿਣ ਨਾਲ ਵਗਣ ਲਈ ਤਾਂ ਸੈਂਕੜੇ ਜਾਂ ਹਜ਼ਾਰਾਂ ਨਹੀਂ, ਲੱਖਾਂ ਲੋਕ ਬਿਨਾਂ ਕਿਸੇ ਝਿਜਕ ਮੰਨ ਸਕਦੇ ਹਨ, ਪਰ ਵਹਿਣ ਮੂਹਰੇ ਕਿਸੇ ਤਰ੍ਹਾਂ ਦਾ ਅੜਿੱਕਾ ਬਣਨ ਦੀ ਜੁਰਅੱਤ ਕਰਨ ਵਾਲਾ ਕੋਈ ਵਿਰਲਾ-ਟਾਵਾਂ ਵੀ ਲੱਭਣਾ ਸੌਖਾ ਨਹੀਂ। ਅਗਲੇ ਦਿਨੀਂ ਜਦੋਂ ਲੋਕ ਸਭਾ ਚੋਣਾਂ ਦਾ ਐਲਾਨ ਹੋਵੇਗਾ ਅਤੇ ਇਸ ਦਾ ਚੋਣ-ਜ਼ਾਬਤਾ ਲਾਗੂ ਕੀਤਾ ਜਾਵੇਗਾ, ਉਸ ਦੇ ਬਾਅਦ ਅਚਾਨਕ ਉਹ ਟੀਮ ਕਈ ਧਿਰਾਂ ਤੋਂ ਆਪੋ-ਆਪਣੇ ਰਾਜਸੀ ਕਿੱਲੇ ਦਾ ਰੱਸਾ ਤੁੜਵਾ ਕੇ ਇੱਕੋ ਵੱਡੀ ਧਿਰ ਨਾਲ ਜੁੜਨ ਦੇ ਐਲਾਨ ਕਰਵਾਉਣ ਲਈ ਏਦਾਂ ਦੀ ਸਰਗਰਮੀ ਕਰਨ ਵਾਲੀ ਸੁਣੀਂਦੀ ਹੈ, ਜਿਸ ਦਾ ਤੋੜ ਵਿਰੋਧੀ ਧਿਰ ਕੋਲ ਨਹੀਂ ਹੋਣਾ। ਚੋਣ ਦਾ ਐਲਾਨ ਵੀ ਹੋਣ ਤੋਂ ਪਹਿਲਾਂ ਫਾਰੂਖ ਅਬਦੁੱਲਾ ਵਰਗੇ ਲੀਡਰਾਂ ਦਾ ਕਸ਼ਮੀਰ ਵਿੱਚ ਆਪੇ ਸ਼ੁਰੂ ਕੀਤੇ ਰਾਜਸੀ ਪੜੁੱਲ ‘ਗੁਪਕਾਰ ਅੰਦੋਲਨ’ ਤੋਂ ਵੱਖਰੇ ਹੋਣ ਤੇ ਆਪਣੇ ਸਿਰ ਇਕੱਲੇ ਚੋਣਾਂ ਲੜਨ ਦਾ ਬਿਆਨ ਇਸੇ ਦਾ ਸੰਕੇਤ ਹੈ। ਜਿਸ ਦਿਨ ਧਾਰਾ ਤਿੰਨ ਸੌ ਸੱਤਰ ਤੋੜਨ ਦਾ ਐਲਾਨ ਨਰਿੰਦਰ ਮੋਦੀ ਸਰਕਾਰ ਨੇ ਕੀਤਾ ਸੀ, ਓਦੋਂ ਇਸ ਦੇ ਵਿਰੋਧ ਵਿੱਚ ਹਰ ਹੱਦ ਤੱਕ ਲੜਨ ਦੇ ਨਾਅਰੇ ਮਾਰਨ ਵਾਲੇ ਗੁਲਾਮ ਨਬੀ ਆਜ਼ਾਦ ਵਰਗੇ ਕਾਂਗਰਸੀ ਸਾਬਕਾ ਮੁੱਖ ਮੰਤਰੀ ਬਾਅਦ ਵਿੱਚ ਪਾਰਟੀ ਤੇ ਪੈਂਤੜਾ ਦੋਵੇਂਛੱਡਗਏ ਸਨ ਤੇ ਅੱਜਕੱਲ੍ਹ ਨਰਿੰਦਰ ਮੋਦੀ ਦੀ ਅਗਵਾਈ ਦੀਆਂ ਸਿਫਤਾਂ ਕਰਦੇ ਪਏ ਹਨ। ਲੋਕ ਸਭਾ ਚੋਣਾਂ ਵਿੱਚ ਉਹ ਸਿੱਧਾ ਭਾਵੇਂ ਭਾਜਪਾ ਨਾਲ ਕੋਈ ਸਮਝੌਤਾ ਨਾ ਕਰਨ, ਵਲਾਵਾਂ ਪਾ ਕੇ ਤਾਲਮੇਲ ਕਰਨ ਦੇ ਜਿੱਦਾਂ ਦੇ ਸੰਕੇਤ ਦੋਵਾਂ ਪਾਸਿਆਂ ਤੋਂ ਮਿਲਦੇ ਹਨ, ਓਦਾਂ ਦੇ ਸੰਕੇਤ ਮਹਾਰਾਸ਼ਟਰ ਵੱਲ ਵੀ ਇੱਕ ਵਾਰ ਫਿਰ ਸਿ਼ਵ ਸੈਨਾ ਨਾਲ ਗੱਠਜੋੜ ਕਰ ਕੇ ਊਧਵ ਠਾਕਰੇ ਨੂੰ ਨਾਲ ਲੈਣ ਦੇ ਯਤਨਾਂ ਤੋਂ ਮਿਲਣ ਲੱਗੇ ਹਨ। ਆਂਧਰਾ ਪ੍ਰਦੇਸ਼ ਦੇ ਦੋਵੇਂਪ੍ਰਮੁੱਖ ਆਗੂ, ਮੁੱਖ ਮੰਤਰੀ ਜਗਨ ਮੋਹਨ ਰੈਡੀ ਤੇ ਉਸ ਦੇ ਧੁਰ ਵਿਰੋਧੀ ਚੰਦਰ ਬਾਬੂ ਨਾਇਡੂ ਦਾ ਭਾਜਪਾ ਦੇ ਨਾਲ ਜੁੜਨ ਲਈ ਆਪਸ ਵਿੱਚਮੁਕਾਬਲਾ ਚੱਲ ਰਿਹਾ ਹੈ। ਦੋਵਾਂ ਵਿੱਚੋਂ ਅਸਲ ਵਿੱਚ ਕੋਈ ਵੀ ਦਿਲ ਤੋਂ ਭਾਜਪਾ ਨਾਲ ਜੁੜਨਾ ਪਸੰਦ ਨਹੀਂ ਕਰਦਾ, ਪਰਦੋਵਾਂ ਜਣਿਆਂ ਦੇ ਖਿਲਾਫ ਕੇਂਦਰੀ ਏਜੰਸੀਆਂ ਦੀਆਂ ਫਾਈਲਾਂ ਦੇ ਥੱਬੇ ਉਨ੍ਹਾਂ ਨੂੰ ਇਸ ਜੀ-ਹਜ਼ੂਰੀ ਲਈ ਮਜਬੂਰ ਕਰਦੇ ਹਨ ਤੇ ਦੋਵਾਂ ਵਿੱਚੋਂ ਨਾਲ ਕਿਸ ਨੂੰ ਲੈਣਾ ਹੈ, ਇਹ ਭਾਜਪਾ ਲੀਡਰਸਿ਼ਪ ਦੀ ਮਰਜ਼ੀ ਉੱਤੇ ਨਿਰਭਰ ਕਰੇਗਾ। ਕੀ ਕਾਂਗਰਸ ਜਾਂ ਉਸ ਦੇ ਸਹਿਯੋਗੀਆਂ ਵਿੱਚੋਂ ਕਿਸੇ ਇੱਕ ਧਿਰ ਕੋਲ ਵੀ ਇਹੋ ਜਿਹੀ ਕੋਈ ਮਨ-ਮਰਜ਼ੀ ਦੀ ਸਥਿਤੀ ਵਾਲਾ ਰਾਜ ਹੈ!
ਜਦੋਂ ਹਾਲਾਤ ਏਦਾਂ ਦੇ ਮੰਝਧਾਰ ਵਾਲੇ ਹੋਣ ਤਾਂ ਘੱਟੋ-ਘੱਟ ਇੱਕ ਸਾਂਝੇ ਵਿਰੋਧੀ ਨਾਲ ਸਿੱਝਣ ਲਈ ਤਾਲਮੇਲ ਦੇ ਕੋਈ ਨੁਕਤੇ ਲੱਭਣੇ ਹੁੰਦੇ ਹਨ, ਪਰ ਇਹ ਕੰਮ ਵੇਲੇ ਦੀ ਮੁੱਖ ਵਿਰੋਧੀ ਧਿਰ ਨੂੰ ਕਰਨਾ ਪੈਂਦਾ ਹੈ। ਕਾਂਗਰਸੀ ਆਗੂਆਂ ਦੇ ਸਿਰ ਇਸ ਵੇਲੇ ਇਹ ਜਿ਼ੰਮੇਵਾਰੀ ਸੀ ਕਿ ਉਹ ਏਦਾਂ ਦਾ ਮਾਹੌਲ ਬਣਾਉਂਦੇ ਕਿ ਬਾਕੀ ਧਿਰਾਂ ਉਸ ਨਾਲ ਜੁੜ ਕੇ ਚੱਲਣ ਨੂੰ ਸੁਖਾਲਾ ਤਿਆਰ ਹੋ ਸਕਦੀਆਂ, ਪਰ ਜਿਹੜੇ ਰਾਜ ਵਿੱਚ ਕਾਂਗਰਸ ਦਾ ਬਾਰੀਂ ਕੋਹੀਂ ਦੀਵਾ ਨਹੀਂ ਜਗਦਾ ਦਿੱਸਦਾ, ਉਹ ਉਸ ਰਾਜ ਵਿੱਚ ਵੀ ਖੁਦ ਨੂੰ ਮੋਹਰੀ ਵਜੋਂ ਪੇਸ਼ ਕਰਨਾ ਚਾਹੁੰਦੇ ਹਨ। ਜਦੋਂ ਇਹ ਗੱਲ ਪਤਾ ਹੈ ਕਿ ਅਖਿਲੇਸ਼ ਯਾਦਵ ਦੇ ਜੋ ਵੀ ਨੁਕਸ ਹੋਣ, ਉੱਤਰ ਪ੍ਰਦੇਸ਼ ਵਿੱਚ ਉਸ ਨੂੰ ਲਾਂਭੇ ਕਰ ਕੇ ਕਾਂਗਰਸ ਪਾਰਟੀ ਓਥੇ ਭਾਜਪਾ ਵਿਰੁੱਧ ਕੁਝ ਕਰ ਸਕਣ ਦੀ ਸਥਿਤੀ ਵਿੱਚ ਨਹੀਂ ਤਾਂ ਇਸ ਹਾਲਤ ਮੁਤਾਬਕ ਚੱਲਣਾ ਪੈਣਾ ਹੈ, ਪਰ ਕਾਂਗਰਸ ਦਾ ਕੋੜਮਾ ਆਪਣੇ ਰਿਵਾਇਤੀ ਆਗੂ ਪਰਵਾਰ ਦੇ ਦੋ ਮੈਂਬਰਾਂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਓਥੇ ਵੀ ਅੱਗੇ ਰੱਖਣਾ ਚਾਹੁੰਦਾ ਹੈ। ਉਸ ਰਾਜ ਵਿੱਚ ਬਿਨਾਂ ਸੋਚੇ ਉਨ੍ਹਾਂ ਦੀ ਅਖਿਲੇਸ਼ ਸਿੰਘ ਯਾਦਵ ਅਤੇ ਸਮਾਜਵਾਦੀ ਪਾਰਟੀ ਦੇ ਵਿਰੁੱਧ ਬਿਆਨਬਾਜ਼ੀ ਵੀਕੁਵੇਲੇ ਦਾ ਰਾਗ ਬਣ ਕੇ ਸਿਰ ਚੁੱਕਦੀ ਅਤੇ ਹਰ ਸੰਭਾਵਨਾ ਦਾ ਰਸਤਾ ਰੋਕ ਦੇਂਦੀ ਹੈ। ਇਨ੍ਹਾਂ ਹਰਕਤਾਂ ਕਾਰਨ ਹੀ ਰਾਹੁਲ ਗਾਂਧੀ ਨੂੰ ਪਿਛਲੀ ਵਾਰੀ ਆਪਣੀ ਅਮੇਠੀ ਦੀ ਸੀਟ ਦੇ ਨਾਲ ਅਚਾਨਕ ਕੇਰਲਾ ਦੇ ਵਾਇਨਾਡ ਦੀ ਸੀਟ ਤੋਂ ਚੋਣ ਲੜਨ ਦਾ ਰਾਹ ਫੜਨਾ ਪਿਆ ਸੀ ਅਤੇ ਜੇ ਏਦਾਂ ਨਾ ਕੀਤਾ ਹੁੰਦਾ ਤਾਂ ਉਹ ਓਦੋਂ ਹੀ ਪਾਰਲੀਮੈਂਟ ਤੋਂ ਪਾਸੇ ਹੋ ਗਿਆ ਹੁੰਦਾ। ਇਸ ਵਾਰੀ ਅਮੇਠੀ ਦੇ ਬਾਅਦ ਨਾਲ ਲੱਗਦੀ ਰਾਏ ਬਰੇਲੀ ਦੀ ਖਾਨਦਾਨੀ ਵਿਰਾਸਤ ਸਮਝੀ ਜਾਂਦੀ ਸੀਟ ਵੀ ਜਿੱਤ ਸਕਣ ਦੇ ਕੋਈ ਸੰਕੇਤ ਨਹੀਂ ਮਿਲਦੇ, ਪਰ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਨੂੰ ਓਥੋਂ ਚੋਣ ਲੜਾਉਣ ਦਾ ਮਨ ਬਣਾਈ ਬੈਠੇ ਹਨ। ਭਾਜਪਾ ਦੇ ਆਗੂ ਇਸ ਐਲਾਨ ਦੀ ਉਡੀਕ ਵਿੱਚ ਹਨ ਕਿ ਪ੍ਰਿਅੰਕਾ ਗਾਂਧੀ ਉਸ ਹਲਕੇ ਤੋਂ ਚੋਣ ਲੜੇਗੀ, ਇਸ ਦੇ ਬਾਅਦ ਕੋਈ ਵੱਡੀ ਚਰਚਿਤ ਹਸਤੀ ਅਚਾਨਕ ਲਿਆ ਕੇ ਉਸ ਦਾ ਰਾਹ ਰੋਕਣ ਦਾ ਯਤਨ ਕਰਨ ਲਈ ਭਾਜਪਾ ਵੱਲੋਂ ਅਗੇਤੀ ਤਿਆਰੀ ਹੋਈ ਪਈ ਹੈ।
ਕਾਂਗਰਸ ਪਾਰਟੀ ਨੂੰ ਉਹ ਵਕਤ ਯਾਦ ਕਰਨਾ ਚਾਹੀਦਾ ਹੈ, ਜਦੋਂ ਸੋਨੀਆ ਗਾਂਧੀ ਨੇ ਪਹਿਲੀ ਚੋਣ ਲੜਨ ਵਾਸਤੇ ਕਾਗਜ਼ ਭਰਨੇ ਸਨ ਤਾਂ ਉਸ ਦੇ ਲੀਡਰਾਂ ਦੇ ਸਾਰਾ ਕੁਝ ਗੁਪਤ ਰੱਖਣ ਦੇ ਬਾਵਜੂਦ ਭਾਜਪਾ ਵਾਲਿਆਂ ਨੇ ਸੁਸ਼ਮਾ ਸਵਰਾਜ ਦਾ ਹੈਲੀਕਾਪਟਰ ਚੁੱਪ-ਚੁਪੀਤੇ ਤਿਆਰ ਕਰ ਛੱਡਿਆ ਸੀ। ਜਦੋਂ ਸੋਨੀਆ ਗਾਂਧੀ ਦਾ ਹੈਲੀਕਾਪਟਰ ਉੱਡਿਆ ਤਾਂ ਸੁਸ਼ਮਾ ਦਾ ਹੈਲੀਕਾਪਟਰ ਵੀ ਉੱਡ ਪਿਆ ਅਤੇ ਸਾਰਾ ਦਿਨ ਦੋਵੇਂ ਹੈਲੀਕਾਪਟਰ ਅੱਗੜ-ਪਿੱਛੜ ਅਸਮਾਨ ਵਿੱਚ ਉਡਾਰੀਆਂ ਦੇ ਬਾਅਦ ਕਾਗਜ਼ ਦਾਖਲ ਕਰਨ ਦਾ ਸਮਾਂ ਮੁੱਕਣ ਤੋਂ ਕੁਝ ਪਲ ਪਹਿਲਾਂ ਸੋਨੀਆ ਗਾਂਧੀ ਕਰਨਾਟਕ ਦੇ ਬੇਲਾਰੀ ਹਲਕੇ ਵਿੱਚ ਚੋਣ ਅਧਿਕਾਰੀ ਕੋਲ ਕਾਗਜ਼ ਭਰਨ ਜਾ ਪਹੁੰਚੀ ਸੀ। ਉਹ ਅਜੇ ਕਾਗਜ਼ ਭਰਦੀ ਪਈ ਸੀ ਕਿ ਚੋਣ ਅਫਸਰ ਦੇ ਦਰਵਾਜ਼ੇ ਮੂਹਰੇ ਕਾਗਜ਼ ਭਰਨ ਵਾਸਤੇ ਸੁਸ਼ਮਾ ਸਵਰਾਜ ਆ ਖੜੋਤੀ ਅਤੇ ਓਥੇ ਉਨ੍ਹਾਂ ਦੋਵਾਂ ਦਾ ਇਹੋ ਜਿਹਾ ਚੋਣ ਭੇੜ ਹੋਇਆ ਸੀ ਕਿ ਸੋਨੀਆ ਗਾਂਧੀ ਲਈ ਬਾਕੀ ਦੇਸ਼ ਵਿੱਚ ਜਾਣਾ ਔਖਾ ਹੋਇਆ ਰਿਹਾ ਸੀ। ਇਸ ਵਾਰੀ ਭਾਜਪਾ ਲੀਡਰਸਿ਼ਪ ਫਿਰ ਓਦਾਂ ਦੀ ਤਿਆਰੀ ਵਿੱਚ ਹੈ ਤੇ ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੋਵਾਂ ਨੂੰ ਬੁਰੀ ਤਰ੍ਹਾਂ ਘੇਰਿਆ ਜਾਣਾ ਤੈਅ ਸੁਣਿਆ ਜਾਂਦਾ ਹੈ। ਉਸ ਹਾਲਤ ਵਿੱਚ ਕਾਂਗਰਸ ਪਾਰਟੀ ਲਈ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਮੁਨੱਵਰ ਰਾਣਾ ਦੇ ਕਹੇ ਹੋਏ ਸ਼ਬਦਾਂ ਮੁਤਾਬਕ ‘ਖੁਦ ਕੋ ਸ਼ਹਿਜ਼ਾਦੀ’ ਸਮਝਣ ਅਤੇ ਪ੍ਰਚਾਰਨ ਦੇ ਵਹਿਮ ਤੋਂ ਬਾਹਰ ਨਿਕਲੇ। ਜਿਹੜੇ ਹਾਲਾਤ ਦੇਸ਼ ਦੇ ਬਣਦੇ ਜਾਂਦੇ ਹਨ, ਇਨ੍ਹਾਂ ਸਾਰੇ ਪੱਖਾਂ ਬਾਰੇ ਕਾਂਗਰਸ ਪਾਰਟੀ ਦੇ ਨਾਲ ਉਨ੍ਹਾਂ ਸਭਨਾਂ ਸਿਆਸੀ ਧਿਰਾਂ ਲਈ ਸੋਚਣ ਦੀ ਜਿ਼ਮੇਵਾਰੀ ਵੀ ਹਨ, ਜਿਨ੍ਹਾਂ ਦੀ ਨਜ਼ਰ ਆਪਣੇ ਪੈਰਾਂ ਤੱਕ ਸੀਮਤ ਨਹੀਂ। ਭਵਿੱਖ ਦਾ ਭਾਰਤ ਕਿਹੋ ਜਿਹਾ ਹੋਵੇਗਾ, ਇਸ ਵਾਰ ਦੀਆਂ ਲੋਕ ਸਭਾ ਚੋਣਾਂ ਉਸ ਆਖਰੀ ਫੈਸਲੇ ਦੀ ਘੜੀ ਵੀ ਸਾਬਤ ਹੋ ਸਕਦੀਆਂ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ