ਓਟਵਾ, 28 ਅਪਰੈਲ (ਪੋਸਟ ਬਿਊਰੋ) : ਨੈਨੋਜ਼ ਵੱਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਅਨੁਸਾਰ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਵੱਲੋਂ ਸੱਤਾਧਾਰੀ ਲਿਬਰਲਾਂ ਕੋਲੋਂ ਲੀਡ ਹਾਸਲ ਕਰ ਲਈ ਗਈ ਹੈ।
22 ਅਪਰੈਲ ਨੂੰ ਕਰਵਾਏ ਗਏ ਸਰਵੇਖਣ ਵਿੱਚ ਪਾਇਆ ਗਿਆ ਕਿ ਚਾਰ ਹਫਤਿਆਂ ਦੇ ਅਰਸੇ ਦੌਰਾਨ ਕੰਜ਼ਰਵੇਟਿਵਾਂ ਨੂੰ 4·3 ਫੀ ਸਦੀ ਅੰਕਾਂ ਦੀ ਚੜ੍ਹਾਈ ਹਾਸਲ ਹੋਈ ਤੇ ਇਸ ਸਮੇਂ ਉਨ੍ਹਾਂ ਨੂੰ 35·6 ਫੀ ਸਦੀ ਲੋਕਾਂ ਦਾ ਸਮਰਥਨ ਹਾਸਲ ਹੈ। ਦੂਜੇ ਪਾਸੇ ਲਿਬਰਲਾਂ ਦੇ ਸਮਰਥਨ ਵਿੱਚ 2·2 ਫੀ ਸਦੀ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਉਨ੍ਹਾਂ ਨੂੰ 30 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ।ਇਸ ਦੌਰਾਨ ਐਨਡੀਪੀ ਦੇ ਸਮਰਥਨ ਵਿੱਚ ਵੀ ਦੋ ਫੀ ਸਦੀ ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਪਾਰਟੀ 19·6 ਫੀ ਸਦੀ ਅੰਕਾਂ ਉੱਤੇ ਚੱਲ ਰਹੀ ਹੈ।
ਗ੍ਰੀਨ ਪਾਰਟੀ ਦੇ ਸਮਰਥਨ ਵਿੱਚ 0·7 ਫੀ ਸਦੀ ਦਾ ਮਾਮੂਲੀ ਵਾਧਾ ਰਿਕਾਰਡ ਕੀਤਾ ਗਿਆ ਹੈ ਤੇ ਇਸ ਸਮੇਂ ਪਾਰਟੀ 5·5 ਫੀ ਸਦੀ ਸਮਰਥਨ ਹਾਸਲ ਕਰ ਰਹੀ ਹੈ। ਬਲਾਕ ਕਿਊਬਿਕੁਆ ਨੂੰ 5·4 ਫੀ ਸਦੀ ਤੇ ਪੀਪਲਜ਼ ਪਾਰਟੀ ਨੂੰ 3·4 ਫੀ ਸਦੀ ਸਮਰਥਨ ਹਾਸਲ ਹੋ ਰਿਹਾ ਹੈ।
ਪੋਲਸਟਰ ਨਿੱਕ ਨੈਨੋਜ਼ ਨੇ ਆਖਿਆ ਕਿ ਇੱਥੇ ਸੱਭ ਤੋਂ ਜਿ਼ਆਦਾ ਫਾਇਦਾ ਕੰਜ਼ਰਵੇਟਿਵਾਂ ਨੂੰ ਹੋਇਆ ਹੈ। ਨੈਨੋਜ਼ ਨੇ ਆਖਿਆ ਕਿ ਆਖਰੀ ਵਾਰੀ ਕੰਜ਼ਰਵੇਟਿਵਾਂ ਨੂੰ ਇਸ ਤਰ੍ਹਾਂ ਦਾ ਸਕਾਰਾਤਮਕ ਸਮਰਥਨ ਉਸ ਸਮੇਂ ਹਾਸਲ ਹੋਇਆ ਸੀ ਜਦੋਂ ਐਰਿਨ ਓਟੂਲ ਪਾਰਟੀ ਦੇ ਲੀਡਰ ਸਨ।ਇਸ ਸਮੇਂ ਕੰਜ਼ਰਵੇਟਿਵ ਪਾਰਟੀ ਨਵਾਂ ਆਗੂ ਚੁਣਨ ਦੀ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ। ਨੈਨੋ ਦਾ ਕਹਿਣਾ ਹੈ ਕਿ ਆਗੂ ਵਾਲੀਆਂ ਪਾਰਟੀਆਂ ਨਾਲੋਂ ਬਿਨਾਂ ਆਗੂ ਵਾਲੀਆਂ ਪਾਰਟੀਆਂ ਜਿ਼ਆਦਾ ਹਰਮਨਪਿਆਰੀਆਂ ਹੋ ਜਾਂਦੀਆਂ ਹਨ।