* ਛੱਤੀਸਗੜ੍ਹ ਸਭ ਤੋਂ ਸਾਫ ਸੂਬਾ ਮੰਨਿਆ ਗਿਆ
ਨਵੀਂ ਦਿੱਲੀ, 21 ਨਵੰਬਰ (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਸਾਲਾਨਾ ਸਫਾਈ ਐਵਾਰਡਾਂ ਵਿੱਚ ਇੰਦੌਰ ਲਗਾਤਾਰ ਪੰਜਵੀਂ ਵਾਰ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਬਣਿਆ ਤੇ ਛੱਤੀਸਗੜ੍ਹ ਨੇ ਰਾਜਾਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਕਾਇਮ ਰੱਖਿਆ ਹੈ। ਸਵੱਛਤਾ ਸਰਵੇਖਣ ਐਵਾਰਡ 2021 ਦੀ ਸਭ ਤੋਂ ਸਾਫ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਦੂਜਾ ਅਤੇ ਤੀਜਾ ਸਥਾਨ ਸੂਰਤ ਅਤੇ ਵਿਜੇਵਾੜਾ ਦਾ ਆਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੋਣ ਹਲਕੇ ਵਾਰਾਣਸੀ ਨੂੰ ‘ਸਭ ਤੋਂ ਸਾਫ ਗੰਗਾ ਸ਼ਹਿਰ’ ਅਤੇ ਬਿਹਾਰ ਦੇ ਮੁੰਗੇਰ ਤੇ ਪਟਨਾ ਦਾ ਇਸ ਸ਼੍ਰੇਣੀ ਵਿੱਚ ਦੂਜਾ ਤੇ ਤੀਜੇ ਥਾਂ ਹੈ।
ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਐਲਾਨੇ ਗਏ ਤਾਜ਼ਾ ਨਤੀਜਿਆਂ ਵਿੱਚ ਵਿਜੇਵਾੜਾ ਨੇ ਨਵੀਂ ਮੁੰਬਈ ਤੋਂ ਤੀਜਾ ਸਥਾਨ ਖੋਹ ਲਿਆ ਤਾਂ ਨਵੀਂ ਮੁੰਬਈ ਚੌਥੇ ਥਾਂ ਖਿਸਕ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਤਾਜ਼ਾ ਕੌਮੀ ਸਵੱਛਤਾ ਸਰਵੇਖਣ ਵਿੱਚ 28 ਦਿਨਾਂ ਵਿੱਚ 4320 ਸ਼ਹਿਰਾਂ ਨੂੰ ਕਵਰ ਕੀਤਾ ਗਿਆ, ਜਿਸ ਵਿੱਚ 4.2 ਕਰੋੜ ਲੋਕਾਂ ਨੇ ਰਾਏ ਦਿੱਤੀ ਸੀ। 100 ਤੋਂ ਵੱਧ ਸ਼ਹਿਰੀ ਲੋਕਲ ਬਾਡੀਜ਼ ਵਾਲੇ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਨੂੰ ਦੇਸ਼ ਦਾ ਦੂਜਾ ਅਤੇ ਤੀਜਾ ਸਭ ਤੋਂ ਸਾਫ ਅਤੇ ਸ਼ਹਿਰੀ ਲੋਕਲ ਬਾਡੀਜ਼ ਵਾਲੇ ਰਾਜਾਂ ਵਿੱਚ ਝਾਰਖੰਡ ਨੂੰ ਪਹਿਲਾ ਸਥਾਨ ਮਿਲਿਆ ਹੈ। ਇਸ ਤੋਂ ਬਾਅਦ ਹਰਿਆਣਾ ਅਤੇ ਗੋਆ ਹਨ। ਇੱਕ ਲੱਖ ਤੋਂ ਵੱਧ ਆਬਾਦੀ ਵਾਲੇ 10 ਚੋਟੀ ਦੇ ਦਰਜਾਬੰਦੀ ਵਾਲੇ ਸਭ ਤੋਂ ਸਾਫ ਸ਼ਹਿਰਾਂ ਵਿੱਚ ਇੰਦੌਰ, ਸੂਰਤ, ਵਿਜੇਵਾੜਾ, ਨਵੀਂ ਮੁੰਬਈ, ਨਵੀਂ ਦਿੱਲੀ, ਅੰਬਿਕਾਪੁਰ, ਤਿਰੂਪਤੀ, ਪੁਣੇ, ਨੋਇਡਾ ਅਤੇ ਉਜੈਨ ਹਨ। ਇਸ ਸ਼੍ਰੇਣੀ ਦੇ 25 ਸ਼ਹਿਰਾਂ ਵਿੱਚੋਂ ਲਖਨਊ ਨੂੰ ਸਭ ਤੋਂ ਹੇਠਲਾ ਦਰਜਾ ਮਿਲਿਆ ਹੈ।
ਮੰਤਰਾਲੇ ਅਨੁਸਾਰ ਮਹਾਰਾਸ਼ਟਰ ਦੇ ਵੀਟਾ ਸ਼ਹਿਰ ਨੂੰ ਇੱਕ ਲੱਖ ਤੋਂ ਘੱਟ ਆਬਾਦੀ ਦਾ ਸਭ ਤੋਂ ਸਾਫ ਸ਼ਹਿਰ ਹੋਣ ਦਾ ਦਰਜਾ ਮਿਲਿਆ ਹੈ। ਇਸ ਪਿੱਛੋਂ ਲੋਨਾਵਾਲਾ ਅਤੇ ਸਾਸਵਦ ਦਾ ਸਥਾਨ ਹੈ। ਨਵੀਂ ਦਿੱਲੀ ਮਿਊਂਸਪਲ ਕੌਂਸਲ ਨੇ 1-3 ਲੱਖ ਆਬਾਦੀ ਵਾਲੇ ਦੇਸ਼ ਦੇ ਸਭ ਤੋਂ ਸਾਫ-ਸੁਥਰੇ ਸ਼ਹਿਰਾਂ ਦੀ ਸ਼੍ਰੇਣੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂ ਕਿ ਹੋਸ਼ੰਗਾਬਾਦ ਤੇ ਤਿ੍ਰਪੁਤੀ ਕ੍ਰਮਵਾਰ ‘ਸਭ ਤੋਂ ਤੇਜ਼ ਹਲਚਲ ਵਾਲੇ ਛੋਟੇ ਸ਼ਹਿਰ’ਤੇ ਨਾਗਰਿਕਾਂ ਦੀ ਫੀਡਬੈਕ ਵਿੱਚ ਸਭ ਤੋਂ ਵਧੀਆ ਛੋਟੇ ਸ਼ਹਿਰਾਂ ਵਜੋਂ ਉਭਰੇ ਹਨ। ਨੋਇਡਾ 3-10 ਲੱਖ ਆਬਾਦੀ ਦੀ ਸ਼੍ਰੇਣੀ ਵਿੱਚ ਦੇਸ਼ ਦੇ ਸਭ ਤੋਂ ਸਾਫ ਮੱਧਮ ਸ਼ਹਿਰ ਵਜੋਂ ਉਭਰਿਆ ਹੈ। ਨਵੀਂ ਮੁੰਬਈ ਨੇ ‘ਸਫਾਈ ਮਿੱਤਰ ਸੁਰੱਖਿਆ ਚੈਲੇਂਜ’ਦਾ ਸ਼੍ਰੇਣੀ ਵਿੱਚ ਪਹਿਲਾ ਇਨਾਮ ਹੈ। ਇਸ ਨੇ 10-40 ਲੱਖ ਆਬਾਦੀ ਦੀ ਸ਼੍ਰੇਣੀ ਵਿੱਚ ਭਾਰਤ ਦੇ ਸਭ ਤੋਂ ਸਾਫ-ਸੁਥਰੇ ਵੱਡੇ ਸ਼ਹਿਰ ਵਜੋਂ ਵੀ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਛਾਉਣੀ ਬੋਰਡਾਂ ਦੀ ਸ਼੍ਰੇਣੀ ਵਿੱਚ ਅਹਿਮਦਾਬਾਦ ਨੂੰ ਸਭ ਤੋਂ ਸਾਫ ਸ਼ਹਿਰ ਮੰਨਿਆ ਗਿਆ ਹੈ, ਇਸ ਤੋਂ ਬਾਅਦ ਮੇਰਠ ਤੇ ਦਿੱਲੀ ਦਾ ਸਥਾਨ ਹੈ। ਜ਼ਿਲ੍ਹਾ ਰੈਂਕਿੰਗ ਸ਼੍ਰੇਣੀ ਵਿੱਚ ਸੂਰਤ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦ ਕਿ ਇੰਦੌਰ ਅਤੇ ਨਵੀਂ ਦਿੱਲੀ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ ਹੈ।