ਫਰੀਦਕੋਟ, 13 ਅਕਤੂਬਰ (ਪੋਸਟ ਬਿਊਰੋ)- ਬਹਿਬਲ ਕਲਾਂ ਪੁਲਸ ਫਾਇਰਿੰਗ ਕੇਸ ਵਿੱਚ ਦੋਸ਼ੀ ਸਾਬਕਾ ਐਸ ਐਸ ਪੀ ਚਰਨਜੀਤ ਸ਼ਰਮਾ ਅਤੇ ਸਰਕਾਰੀ ਪੱਖ ਦੇ ਵਿਚਕਾਰ ਕੁਝ ਦਸਤਾਵੇਜ਼ਾਂ ਦੀ ਸਪਲਾਈਬਾਰੇ ਛੇ ਮਹੀਨੇ ਤੋਂ ਵੱਧ ਸਮੇਂ ਤਕ ਝਗੜੇ ਦੇ ਬਾਅਦ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਅਦਾਲਤ ਨੇ ਸਰਕਾਰੀ ਧਿਰ ਨੂੰ ਇਹ ਦਸਤਾਵੇਜ਼ ਸੌਂਪਣ ਦੇ ਨਿਰਦੇਸ਼ ਦਿੱਤੇ ਹਨ। ਇਸ ਸੰਬੰਧ ਵਿੱਚ ਦੋ ਅਪ੍ਰੈਲ 2021 ਨੂੰ ਸ਼ਰਮਾ ਨੇ ਇੱਕ ਅਰਜ਼ੀ ਪੇਸ਼ ਕੀਤੀ ਸੀ, ਜਿਸ ਵਿੱਚ ਦੋਸ਼ੀ ਪਰਮਰਾਜ ਸਿੰਘ ਉਮਰਾਨੰਗਲ, ਸੁਮੇਧ ਸਿੰਘ ਸੈਣੀ, ਬਿਕਰਮਜੀਤ ਸਿੰਘ, ਅਮਰਜੀਤ ਸਿੰਘ ਕੁਲਾਰ, ਸੁਹੇਲ ਸਿੰਘ ਬਰਾੜ ਅਤੇ ਪੰਕਜ ਬਾਂਸਲ ਦੇ ਖਿਲਾਫ ਪੁਲਸ ਵੱਲੋਂ ਪੇਸ਼ ਕੀਤੇ ਗਏ ਤਿੰਨ ਸਪਲੀਮੈਂਟਰੀ ਚਲਾਨਾਂ ਦੀਆਂ ਕਾਪੀਆਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਸਾਬਕਾ ਐੱਸ ਐੱਸ ਪੀ ਚਰਨਜੀਤ ਸ਼ਰਮਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਦਸਤਾਵੇਜ਼ ਨਹੀਂ ਦਿੱਤੇ ਗਏ, ਜੋ ਕੇਸਦਾ ਜਵਾਬ ਦੇਣ ਦੀ ਤਿਆਰੀ ਲਈ ਜ਼ਰੂਰੀ ਸਨ।
ਪੰਜਾਬ ਦੇ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਦਸਤਾਵੇਜ਼ਾਂ ਦੀਆਂ ਕਾਪੀਆਂ ਦੋਸ਼ੀ ਨੂੰ ਪਹਿਲਾਂ ਦਿੱਤੀਆਂ ਜਾ ਚੁੱਕੀਆਂ ਸਨ ਅਤੇ ਉਹ ਮੁਕੱਦਮੇ ਵਿੱਚ ਦੇਰੀ ਲਈ ਇੱਕ ਪਿੱਛੋਂ ਦੂਸਰੀ ਅਰਜ਼ੀਆਂ ਦੇ ਰਿਹਾ ਹੈ। ਅਰਜ਼ੀਆਂ ਪੇਸ਼ ਕਰਨ ਦਾ ਉਸ ਦਾ ਇੱਕੋ ਮਕਸਦ ਅਤੇ ਇਰਾਦਾ ਮੁਕੱਦਮੇ ਵਿੱਚ ਦੇਰੀ ਕਰਨਾ ਹੈ। ਇਸ ਤਰ੍ਹਾਂ ਦੀ ਅਰਜ਼ੀ ਪੇਸ਼ ਕਰ ਕੇ ਉਹ ਕੇਸ ਦੀ ਸੁਚਾਰੂ ਸੁਣਵਾਈ ਅਤੇ ਨਿਆਂ ਦਿਵਾਉਣ ਬਾਰੇ ਸਰਕਾਰੀ ਪੱਖਦੇ ਰਾਹ ਵਿੱਚ ਰੋੜਾ ਅਟਕਾ ਰਿਹਾ ਹੈ। ਓਧਰ ਸ਼ਰਮਾ ਨੇ ਦਾਅਵਾ ਕੀਤਾ ਕਿ ਕਿਉਂਕਿ ਕੇਸਦੇ ਸਾਰੇ ਚਲਾਨ ਆਪੋ ਵਿੱਚ ਜੁੜਦੇ ਹਨ, ਉਹ ਕਾਪੀਆਂ ਲੈਣ ਦਾ ਹੱਕਦਾਰ ਹੈ।