ਲੁਧਿਆਣਾ, 13 ਜੁਲਾਈ (ਗਿਆਨ ਸਿੰਘ): ਪੰਜਾਬੀ ਭਵਨ ਲੁਧਿਆਣਾ ਵਿਖੇ ਵਿਖੇ ਸਵ: ਸਰਬਜੀਤ ਸਿੰਘ ਵਿਰਦੀ ਦੀ ਯਾਦ ਵਿੱਚ "ਯਾਦਾਂ ਵਿਰਦੀ ਦੀਆਂ" ਪਹਿਲਾ ਸਾਲਾਨਾ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦਾ ਆਯੋਜਨ ਚਿੰਤਨਸ਼ੀਲ ਸਾਹਿਤਧਾਰਾ ਅਤੇ ਸਿਰਜਣਧਾਰਾ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ। ਇਹ ਪ੍ਰੋਗਰਾਮ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਵੱਲੋਂ ਮਿਲੇ ਵੱਡੇ ਹੁੰਗ੍ਹਾਰੇ ਨਾਲ ਹੋਰ ਵੀ ਮਹੱਤਵਪੂਰਨ ਹੋ ਗਿਆ।ਚਿੰਤਨਸ਼ੀਲ ਸਾਹਿਤਧਾਰਾ ਦੇ ਡਾਇਰੈਕਟਰ ਮੈਡਮ ਮਨਦੀਪ ਕੌਰ ਭੰਮਰਾ, ਸਿਰਜਣਧਾਰਾ ਦੇ ਪ੍ਰਧਾਨ ਡਾ. ਗੁਰਚਰਨ ਕੌਰ ਕੋਚਰ ਅਤੇ ਉੱਘੇ ਗਾਇਕ, ਗੀਤਕਾਰ ਅਮਰਜੀਤ ਸ਼ੇਰਪੁਰੀ ਵਲੋ ਕੀਤੇ ਸਾਂਝੇ ਉਪਰਾਲੇ ਨਾਲ਼ ਉਲੀਕਿਆ ਗਿਆ। ਇਹ ਸਮਾਗਮ ਸਰਬਜੀਤ ਵਿਰਦੀ ਨਾਲ਼ ਨਿੱਘਾ ਸਨੇਹ ਰੱਖਣ ਵਾਲੇ ਸਾਹਿਤਕਾਰਾਂ, ਗੀਤਕਾਰਾਂ, ਲੇਖਕਾਂ ਦੇ ਸਹਿਯੋਗ ਨਾਲ਼ ਨੇਪਰੇ ਚਾੜ੍ਹਿਆ ਗਿਆ। ਵਿਰਦੀ ਪਰਿਵਾਰ ਨੂੰ ਸਨੇਹ ਅਤੇ ਮਾਣ ਸਤਿਕਾਰ ਦੇਣ ਹਿੱਤ ਉਲੀਕੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉੱਘੇ ਉਸਤਾਦ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ ਸਨ। ਪ੍ਰਧਾਨਗੀ ਮੰਡਲ ਵਿੱਚ ਪ੍ਰੋ ਰਵਿੰਦਰ ਸਿੰਘ ਭੱਠਲ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਗੁਰਇਕਬਾਲ ਸਿੰਘ, ਸ਼੍ਰੋਮਣੀ ਲੋਕ ਗਾਇਕ ਪਾਲੀ ਦੇਤਵਾਲੀਆ, ਅਮਰਜੀਤ ਸਿੰਘ ਟਿੱਕਾ ਅਤੇ ਗੁਰਸੇਵਕ ਸਿੰਘ ਢਿੱਲੋੰ ਸ਼ਾਮਿਲ ਸਨ। ਮੁੱਖ ਬੁਲਾਰਿਆਂ ਵਿੱਚ ਜਨਮੇਜਾ ਜੌਹਲ, ਡਾ ਫ਼ਕੀਰ ਚੰਦ ਸ਼ੁਕਲਾ, ਡਾ ਨਿਰਮਲ ਜੌੜਾ, ਡਾ. ਹਰੀ ਸਿੰਘ ਜਾਚਕ, ਅਮਰੀਕ ਸਿੰਘ ਤਲਵੰਡੀ, ਪ੍ਰਭਕਿਰਨ ਸਿੰਘ ਤੁਫ਼ਾਨ, ਰਿਟਾਇਰ ਡੀ ਪੀ ਆਰ ਓ ਗਿਆਨ ਸਿੰਘ ਸ਼ਾਮਿਲ ਸਨ।
ਸਾਰੇ ਬੁਲਾਰਿਆਂ ਨੇ ਸਰਬਜੀਤ ਵਿਰਦੀ ਦੇ ਨਿੱਘੇ ਸੁਭਾਅ,ਸਿਰੜੀ ਬਿਰਤੀ ਨਾਲ਼ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੇ ਉਪਰਾਲਿਆਂ ਦੀ ਸਾਂਝੇ ਤੌਰ ਤੇ ਸ਼ਲਾਘਾ ਕੀਤੀ।
ਵਰਨਣਯੋਗ ਹੈ ਕਿ ਵਿਰਦੀ ਨੇ ਪੰਜਾਬੀ ਦੇ ਹਜ਼ਾਰਾਂ ਸੈਂਕੜੇ ਪੁਰਾਣੇ ਅਤੇ ਨਵੇਂ ਗੀਤਕਾਰਾਂ ਦੇ ਸੱਭਿਆਚਾਰਕ ਗੀਤਾਂ ਨੂੰ ਇਕੱਤਰ ਕਰਕੇ ਕਈ ਸਾਂਝੇ ਗੀਤ ਸੰਗ੍ਰਹਿ ਛਪਵਾ ਕੇ ਸੱਭਿਆਚਾਰਕ ਖੇਤਰ ਵਿੱਚ ਇੱਕ ਗਹਿਰੀ ਛਾਪ ਛੱਡੀ। ਉਸ ਨੇ ਸੱਭ ਤੋਂ ਪਹਿਲਾਂ “ਗੀਤਾਂ ਭਰੀ ਚੰਗੇਰ”, “ਗੀਤਾਂ ਦਾ ਕਾਫ਼ਲਾ”, ਭਰੂਣ ਹੱਤਿਆਂ ਤੇ ਕਿਤਾਬ “ਨਾ ਮਾਰੋ ਅਣਜੰਮੀਆਂ”, ”ਜ਼ਹਿਰ ਭਰੇ ਦਰਿਆ”,ਦੇਵ ਥਰੀਕਿਆਂ ਵਾਲ਼ੇ ਦੇ ਸ਼ਗਿਰਦਾਂ ਦੇ ਗੀਤਾਂ ਦੀ ਕਿਤਾਬ “ਇੱਕ ਅੰਬਰ ਦੇ ਤਾਰੇ “(ਸਾਰੇ ਗੀਤ ਸੰਗ੍ਰਹਿ) ਛਪਵਾ ਕੇ ਨਵੇਂ ਗੀਤਕਾਰਾਂ ਦੇ ਉਤਸ਼ਾਹ ਵਿੱਚ ਚੋਖਾ ਵਾਧਾ ਕੀਤਾ ਤੇ ਉਹਨਾਂ ਦੀ ਸਾਹਿਤਕ ਅਤੇ ਗੀਤਕਾਰੀ ਦੇ ਖੇਤਰ ਵਿੱਚ ਗਹਿਰੀ ਪਛਾਣ ਬਣਾਈ। ਧਾਰਮਿਕ ਗੀਤਾਂ ਦੀ ਕਿਤਾਬ "ਛੇੜ ਮਰਦਾਨਿਆਂ ਰਬਾਬ" ਜੋ ਅਜੇ ਛਪਾਈ ਅਧੀਨ ਹੈ,ਕਿਸੇ ਪ੍ਰਕਾਸ਼ਕ ਕੋਲ ਪਈ ਹੈ, ਪਤਾ ਲੱਗਣ ਤੇ ਜਲਦੀ ਲੋਕ ਅਰਪਣ ਕੀਤੀ ਜਾਵੇਗੀ।
ਮੁੱਖ ਮਹਿਮਾਨ ਜਨਾਬ ਮੁਹੰਮਦ ਸਦੀਕ ਨੇ ਵਿਰਦੀ ਵੱਲੋਂ ਕੀਤੇ ਗਏ ਸਾਹਿਤਕ ਖੇਤਰ ਦੇ ਕੰਮਾਂ ਦੀ ਬਹੁਤ ਸਲਾਹਣਾ ਕੀਤੀ ਅਤੇ ਵਿਰਦੀ ਦੇ ਅਚਾਨਕ ਵਿਛੋੜੇ ਨੇ ਸਾਡੇ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ। ਐਸੇ ਵਧੀਆ ਕਲਮਕਾਰ ਅਤੇ ਨੇਕ ਇਨਸਾਨ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਸੀ, ਜੋ ਕਿ ਸਮਾਜ ਅਤੇ ਸਾਹਿਤ ਲਈ ਬਹੁਤ ਵੱਡਾ ਘਾਟਾ ਹੈ। ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਬੋਲਦੇ ਕਿਹਾ ਕਿ ਵਿਰਦੀ ਵਰਗਾ ਇਨਸਾਨ ਬਣਨਾ ਬਹੁਤ ਮੁਸ਼ਕਿਲ ਹੈ, ਵੱਡੇ ਤੋਂ ਵੱਡੇ ਸਾਹਿਤਕ ਕੰਮ ਨੂੰ ਵੀ ਕਰਨ ਤੋਂ ਕਦੇ ਨਹੀਂ ਸੀ ਝਿਜਕਦਾ, ਹਰ ਕੰਮ ਨੂੰ ਬੱਸ ਹੋ ਗਿਆ ਭਾਅ ਜੀ! ਏਡਾ ਜਿਗਰਾ, ਐਡਾ ਹੌਂਸਲਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਵਿਰਦੀ ਸਾਂਝੇ ਅਤੇ ਨੇਕ ਕੰਮਾਂ ਦੀ ਖੁਦ-ਬ-ਖੁਦ ਇੱਕ ਮਿਸਾਲ ਸੀ। ਅੱਜ ਇਸ ਮਿੱਤਰ ਪਿਆਰੇ ਦੀ ਯਾਦ ਨੂੰ ਮਨਾ ਕੇ ਚਿੰਤਨਸ਼ੀਲ ਸਾਹਿਤ ਧਾਰਾ ਅਤੇ ਸਿਰਜਣਧਾਰਾ ਨੇ ਉਸ ਕਾਰਜਸ਼ੀਲ ਤੇ ਉੱਦਮੀ ਸ਼ਖ਼ਸ ਦੀ ਯਾਦ ਨੂੰ ਇੱਕ ਸਦੀਵੀ ਯਾਦ ਬਣਾ ਦਿੱਤਾ ਹੈ। ਇਸ ਕਾਰਜ ਦੇ ਲਈ ਮਨਦੀਪ ਕੌਰ ਭੰਮਰਾ, ਡਾ ਗੁਰਚਰਨ ਕੌਰ ਕੋਚਰ ਅਤੇ ਅਮਰਜੀਤ ਸ਼ੇਰਪੁਰੀ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਉੱਥੇ ਵਿਰਦੀ ਪ੍ਰੀਵਾਰ ਦੇ ਦੁੱਖ ਸੁੱਖ ਵਿੱਚ ਨਾਲ ਖੜ੍ਹਨ ਦਾ ਵੀ ਭਰੋਸਾ ਦਿਵਾਇਆ। ਇਸ ਮੌਕੇ ਪ੍ਰਬੰਧਕਾਂ ਵਲੋ ਵਿਰਦੀ ਦੇ ਪਰਿਵਾਰਕ ਮੈਬਰਾਂ ਦਾ ਸਨਮਾਨ ਵੀ ਕੀਤਾ ਗਿਆ।
ਉਪਰੰਤ ਵਿਰਦੀ ਦੀ ਯਾਦ ਵਿੱਚ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ। ਲੱਗਭਗ ਸਾਰੀਆਂ ਰਚਨਾਵਾਂ ਵਿਰਦੀ ਨੂੰ ਹੀ ਸਮਰਪਿਤ ਸਨ।ਇਸ ਮੌਕੇ ਤੇ ਕੌਂਸਲਰ ਨਰਿੰਦਰ ਚੌਧਰੀ, ਰਣਜੀਤ ਹਠੂਰ, ਚਰਨਜੀਤ ਸਿੰਘ, ਸਤਨਾਮ ਸਿੰਘ ਕੋਮਲ, ਬਾਪੂ ਬਲਕੌਰ ਸਿੰਘ ਗਿੱਲ, ਕੇ ਸਾਧੂ ਸਿੰਘ, ਬਲਵਿੰਦਰ ਸਿੰਘ ਸੇਖੋਂ, ਰਵਿੰਦਰ ਰਵੀ, ਰਾਜਦੀਪ ਤੂਰ, ਐਡਵੋਕੇਟ ਇੰਦਰਜੀਤ ਸਿੰਘ, ਕਵਿਤਰੀ ਗੁਰਮੀਤ ਕੌਰ, ਕੁਲਵਿੰਦਰ ਕੌਰ ਕਿਰਨ, ਜਸਪ੍ਰੀਤ ਅਮਲਤਾਸ, ਮਨਜੀਤ ਕੌਰ ਧੀਮਾਨ, ਚਰਨਜੀਤ ਸਿੰਘ ਚੰਨ ਸਮੇਤ ਲੱਗਭਗ ਸੌ ਦੇ ਕਰੀਬ ਸਾਹਿਤਕ ਪ੍ਰੇਮੀ ਸ਼ਾਮਿਲ ਸਨ।