ਲੁਧਿਆਣਾ, 9 ਜੁਲਾਈ (ਪੋਸਟ ਬਿਊਰੋ): ਪੰਜਾਬ ਦੇ ਲੁਧਿਆਣਾ `ਚ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ ਇੱਕ ਕੁੜੀ ਦੀ ਲਾਸ਼ ਨੂੰ ਬੋਰੀ ‘ਚ ਪਾ ਕੇ ਫਿਰੋਜ਼ਪੁਰ ਰੋਡ `ਤੇ ਡਿਵਾਈਡਰ `ਤੇ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਜਦੋਂ ਉੱਥੇ ਮੌਜੂਦ ਇੱਕ ਰੇਹੜੀ ਵਾਲੇ ਨੇ ਉਕਤ ਨੌਜਵਾਨਾਂ ਤੋਂ ਬੋਰੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਹ ਸੜੇ ਅੰਬ ਸੁੱਟਣ ਆਏ ਹਨ। ਜਦੋਂ ਰੇਹੜੀ ਵਾਲੇ ਨੇ ਬੋਰੀ ਦੀ ਜਾਂਚ ਕੀਤੀ ਤਾਂ ਉਸ `ਚ ਕੁੜੀ ਦੀ ਲਾਸ਼ ਸੀ।
ਇਸ ਤੋਂ ਬਾਅਦ ਨੌਜਵਾਨ ਸਾਈਕਲ ਛੱਡ ਕੇ ਉੱਥੋਂ ਭੱਜ ਗਏ। ਉਨ੍ਹਾਂ ਨੇ ਤੁਰੰਤ ਆਰਤੀ ਚੌਕ `ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਬਾਰੇ ਸੂਚਿਤ ਕੀਤਾ। ਲੋਕਾਂ ਨੇ ਲਾਸ਼ ਸੁੱਟੇ ਜਾਣ ਦੀ ਵੀਡੀਓ ਵੀ ਬਣਾਈ।
ਇਸ ਸੰਬੰਧੀ ਥਾਣਾ ਡਿਵੀਜ਼ਨ ਨੰਬਰ 8 ਦੇ ਸਬ-ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਿਸੇ ਨੇ ਲਾਸ਼ ਨੂੰ ਬੋਰੀ ‘ਚ ਪਾ ਕੇ ਫਿਰੋਜ਼ਪੁਰ ਰੋਡ ‘ਤੇ ਸੁੱਟ ਦਿੱਤਾ ਹੈ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਮੁਲਜ਼ਮ ਭੱਜ ਗਏ ਸਨ। ਫਿਲਹਾਲ ਲਾਸ਼ ਨੂੰ ਹਿਰਾਸਤ `ਚ ਲੈ ਲਿਆ ਗਿਆ ਹੈ। ਪੁਲਿਸ ਨੇ ਵੀਡੀਓ ਵੀ ਆਪਣੇ ਕਬਜ਼ੇ ‘ਚ ਲੈ ਲਈ ਹੈ, ਮ੍ਰਿਤਕਾ ਪ੍ਰਵਾਸੀ ਜਾਪਦੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ।