* ਕੋਲਾ ਮੰਤਰਾਲਾ ਨੇ ਸਥਿਤੀ ਸਪੱਸ਼ਟ ਕਰ ਕੇ ਪੱਲਾ ਝਾੜਿਆ
ਨਵੀਂ ਦਿੱਲੀ, 10 ਅਕਤੂਬਰ, (ਪੋਸਟ ਬਿਊਰੋ)- ਭਾਰਤ ਸਰਕਾਰ ਦੇ ਕੋਲਾ ਮੰਤਰਾਲੇ ਨੇ ਅੱਜ ਐਤਵਾਰ ਸਪੱਸ਼ਟ ਕੀਤਾ ਹੈ ਕਿ ਬਿਜਲੀ ਪਲਾਂਟਾਂ ਦੀ ਲੋੜ ਪੂਰੀ ਕਰਨ ਲਈ ਦੇਸ਼ ਵਿਚ ਕੋਲੇ ਦਾ ਪੂਰਾ ਭੰਡਾਰ ਹੈ। ਮੰਤਰਾਲੇ ਨੇ ਕੋਲੇ ਦੀ ਘਾਟ ਹੇਠ ਬਿਜਲੀ ਸਪਲਾਈ ਵਿੱਚ ਰੁਕਾਵਟ ਦੇ ਸ਼ੱਕ ਨੂੰ ਬੇਬੁਨਿਆਦ ਦੱਸਿਆ ਹੈ।
ਵਰਨਣ ਯੋਗ ਹੈ ਕਿ ਦੇਸ਼ ਵਿੱਚ ਇਹ ਖ਼ਬਰਾਂ ਸਨ ਕਿ ਕੋਲੇ ਦੀ ਘਾਟ ਨਾਲ ਭਾਰਤ ਵਿੱਚ ਬਿਜਲੀ ਦਾ ਸੰਕਟ ਪੈਦਾ ਹੋ ਕੇ ਬਲੈਕਆਊਟ ਹੋ ਸਕਦਾ ਹੈ। ਇਸ ਪਿੱਛੋਂ ਮੰਤਰਾਲੇ ਨੇਭਰੋਸਾ ਦਿੱਤਾ ਹੈ ਕਿ ਬਿਜਲੀ ਪਲਾਂਟਾਂ ਦੀ ਲੋੜ ਪੂਰੀ ਕਰਨ ਲਈ ਦੇਸ਼ ਵਿਚ ਕੋਲੇ ਦਾ ਯੋਗ ਭੰਡਾਰ ਹੈ ਅਤੇ ਇਸ ਕਾਰਨ ਬਿਜਲੀ ਸੰਕਟ ਦਾਸ਼ੱਕ ਪੂਰੀ ਤਰ੍ਹਾਂ ਗਲਤ ਹੈ। ਕੋਲਾ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵੀਟ ਕਰ ਕੇ ਕਿਹਾ ਕਿ ਦੇਸ਼ ਵਿਚ ਕੋਲੇ ਦੇ ਉਤਪਾਦਨ ਤੇ ਸਪਲਾਈ ਦੀ ਸਥਿਤੀ ਦੀ ਘੋਖਪਿੱਛੋਂ ਮੈਂ ਸਭ ਨੂੰ ਭਰੋਸਾ ਦੇਂਦਾ ਹਾਂ ਕਿ ਬਿਜਲੀ ਸਪਲਾਈਦੀ ਰੁਕਾਵਟ ਦਾ ਕੋਈ ਡਰ ਨਹੀਂ, ਕੋਲ ਇੰਡੀਆ ਹੈੱਡਕੁਆਰਟਰ ਉੱਤੇ 4.3 ਕਰੋੜ ਟਨ ਕੋਲੇ ਦਾ ਭੰਡਾਰ ਹੈ, ਜਿਹੜਾ 24 ਦਿਨ ਦੀ ਕੋਲੇ ਦੀ ਮੰਗ ਬਰਾਬਰ ਹੈ। ਉਨ੍ਹਾਂ ਇਹ ਸਪੱਸ਼ਟ ਕੀਤਾ ਹੈ ਕਿ ਬਿਜਲੀ ਪਲਾਂਟਾਂ ਕੋਲ ਕਰੀਬ 72 ਲੱਖ ਟਨ ਦਾ ਕੋਲਾ ਭੰਡਾਰ ਹੈ, ਜਿਹੜਾ 4 ਦਿਨਾਂ ਲਈ ਕਾਫੀ ਹੈ ਤੇ ਕੋਲ ਇੰਡੀਆ ਕੋਲ 400 ਲੱਖ ਟਨ ਭੰਡਾਰ ਹੈ, ਜਿਸ ਦੀ ਸਪਲਾਈ ਬਿਜਲੀ ਪਲਾਂਟਾਂ ਨੂੰ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਕੋਲੇ ਨਾਲ ਬਣਦੀ ਬਿਜਲੀ ਦਾ ਉਤਪਾਦਨ ਇਸ ਸਾਲ ਸਤੰਬਰ ਤਕ 24 ਫ਼ੀਸਦੀ ਵਧਿਆ ਹੈ।