ਨਵੀਂ ਦਿੱਲੀ, 6 ਅਕਤੂਬਰ (ਪੋਸਟ ਬਿਊਰੋ)- ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ, ਮਹਾਰਾਸ਼ਟਰ ਪੁਲਸ ਵੱਲੋਂ ਲੁੱਕਆਊਟ ਸਰਕੂਲਰ (ਐਲ ਓ ਸੀ) ਜਾਰੀ ਕਰਨ ਤੋਂ ਪਹਿਲਾਂ ਜਾਂ ਫਰਜ਼ੀ ਪਾਸਪੋਰਟ ਨਾਲ ਦੇਸ਼ ਛੱਡ ਕੇ ਚਲੇ ਗਏ ਹੋਣਗੇ। ਅਧਿਕਾਰੀਆਂ ਦੇ ਮੁਤਾਬਕ ਪਰਮਬੀਰ ਸਿੰਘ ਦੇ ਛੁੱਟੀ ਉੱਤੇ ਜਾਣ ਤੋਂ ਦੋ ਮਹੀਨੇ ਬਾਅਦ ਮਹਾਰਾਸ਼ਟਰ ਪੁਲਸ ਨੇ ਐਲ ਓ ਸੀ ਜਾਰੀ ਕੀਤਾ ਸੀ।
ਵਰਨਣ ਯੋਗ ਹੈ ਕਿ ਪਰਮਬੀਰ ਸਿੰਘ ਨੇ ਸੱਤ ਮਈ ਨੂੰ ਆਪਣੀ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ਛੁੱਟੀ ਦੀ ਅਰਜ਼ੀ ਦਿੱਤੀ ਸੀ। ਛੁੱਟੀ ਲੈ ਕੇ ਉਹ ਚੰਡੀਗੜ੍ਹ ਚਲੇ ਗਏ। ਉਥੋਂ ਉਨ੍ਹਾਂ ਆਪਣੀਆਂ ਛੁੱਟੀਆਂ ਵਧਾ ਦਿੱਤੀਆਂ, ਪਰ ਉਸ ਤੋਂ ਬਾਅਦ ਉਨ੍ਹਾਂ ਦਾ ਪਤਾ ਨਹੀਂ ਲੱਗਾ। ਉਨ੍ਹਾਂ ਖਿਲਾਫ ਪਹਿਲੀ ਐਲ ਓ ਸੀ ਜੁਲਾਈ ਦੇ ਅੱਧ ਵਿੱਚ ਜਾਰੀ ਹੋਈ ਸੀ। ਲੱਗਦਾ ਹੈ ਕਿ ਉਹ ਇਸ ਤੋਂ ਪਹਿਲਾਂ ਦੇਸ਼ ਛੱਡ ਕੇ ਚਲੇ ਗਏ ਹੋਣਗੇ। ਪਰਮਬੀਰ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕਈ ਕੇਸਾਂ ਵਿੱਚ ਨਾਮਜ਼ਦ ਹਨ। ਉਨ੍ਹਾਂ ਨੂੰ ਅੰਟੀਲੀਆ ਕੇਸ ਵਿੱਚ ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਤਲਬ ਕੀਤਾ ਸੀ, ਪਰ ਉਹ ਕਦੇ ਵੀ ਜਾਂਚ ਵਿੱਚ ਸ਼ਾਮਲ ਨਹੀਂ ਹੋਏ। ਇੱਕ ਅਧਿਕਾਰੀ ਮੁਤਾਬਕ ਮਹਾਰਾਸ਼ਟਰ ਸਰਕਾਰ ਨੇ ਪਰਮਬੀਰ ਸਿੰਘ ਖਿਲਾਫ ਕਈ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਬਾਰੇ ਐਲ ਓ ਸੀ ਜਾਰੀ ਕੀਤਾ ਹੈ। ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਜਿਸ ਵਿਅਕਤੀ ਖਿਲਾਫ ਐਲ ਓ ਸੀ ਜਾਰੀ ਕੀਤਾ ਗਿਆ ਹੋਵੇ, ਉਹ ਦੇਸ਼ ਦੇ ਕਿਸੇ ਵੀ ਹਵਾਈ ਅੱਡੇ ਉੱਤੇ ਇਮੀਗਰੇਸ਼ਨ ਨੂੰ ਪਾਰ ਕਰ ਜਾਵੇ।ਅਧਿਕਾਰੀ ਨੇ ਕਿਹਾ ਕਿ ਜਦੋਂ ਵੀ ਕੋਈ ਅਜਿਹਾ ਵਿਅਕਤੀ, ਜਿਸ ਬਾਰੇ ਐਲ ਓ ਸੀ ਜਾਰੀ ਹੋਇਆ ਹੋਵੇ, ਇਮੀਗਰੇਸ਼ਨ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਸ ਵੇਲੇ ਫੜਿਆ ਜਾਂਦਾ ਹੈ। ਪਾਸਪੋਰਟ ਦਾ ਵੇਰਵਾ ਅਪਲੋਡ ਕਰਦੇ ਸਾਰ ਕੰਪਿਊਟਰ ਸਿਸਟਮ ਅਲਰਟ ਕਰ ਦਿੰਦਾ ਹੈ ਅਤੇ ਉਸ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਅਟਕਲਾਂ ਸਨ ਕਿ ਉਹ ਨੇਪਾਲ ਤੋਂ ਵਿਦੇਸ਼ ਚਲੇ ਗਏ ਹੋਣ, ਪਰ ਇਸ ਦੀ ਸੰਭਾਵਨਾ ਘੱਟ ਹੈ ਕਿਉਂਕਿ ਇਹ ਰੂਟ ਖੁਫੀਆ ਏਜੰਸੀਆਂ ਦੀ ਨਿਗਰਾਨੀ ਵਿੱਚ ਹੈ ਤੇ ਉਥੋਂ ਲੰਘਣਾ ਸੌਖਾ ਨਹੀਂ।