ਨਵੀਂ ਦਿੱਲੀ, 25 ਮਾਰਚ (ਪੋਸਟ ਬਿਊਰੋ)- ਸਪਰੀਮ ਕੋਰਟ ਦੇ ਦੂਜੇ ਸੀਨੀਅਰ ਜੱਜ ਐਨ ਵੀ ਰਮੰਨਾ ਭਾਰਤ ਦੇ ਅਗਲੇ ਚੀਫ਼ ਜਸਟਿਸ (ਸੀ ਜੇ ਆਈ) ਹੋਣਗੇ। ਅਗਲੀ 23 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਚੀਫ਼ ਜਸਟਿਸ ਸ਼ਰਦ ਅਰਵਿੰਦ ਬੋਬੜੇ ਨੇ ਆਪਣੇ ਤੋਂ ਬਾਅਦ ਦੇ ਚੀਫ ਜੱਜ ਲਈ ਜਸਟਿਸ ਰਮੰਨਾ ਦੇ ਨਾਂ ਦੀ ਸਿਫਾਰਸ਼ ਕੀਤੀ ਹੈ।
ਜਸਟਿਸ ਰਮੰਨਾ ਨੇ ਵਿਗਿਆਨ ਅਤੇ ਕਾਨੂੰਨ ਵਿੱਚ ਗਰੈਜੂਏਸ਼ਨ ਕਰਨ ਮਗਰੋਂ 10 ਫਰਵਰੀ 1983 ਨੂੰ ਵਕਾਲਤ ਸ਼ੁਰੂ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਆਂਧਰਾ ਪ੍ਰਦੇਸ਼ ਹਾਈ ਕੋਰਟ ਅਤੇ ਕੇਂਦਰੀ ਪ੍ਰਸ਼ਾਸਨਕ ਟਿਬਿਊਨਲ (ਕੈਟ) ਅਤੇ ਸੁਪਰੀਮ ਕੋਰਟ ਵਿੱਚ ਵੀ ਪ੍ਰੈਕਟਿਸ ਕੀਤੀ। 27 ਜੂਨ 2000 ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਦਾ ਸਥਾਈ ਜੱਜ ਨਿਯੁਕਤ ਹੋਣ ਮਗਰੋਂ ਉਹ 13 ਮਾਰਚ ਤੋਂ 20 ਮਈ 2013 ਤੱਕ ਉਸੇ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਨਿਯੁਕਤ ਰਹੇ।ਫਿਰ ਉਨ੍ਹਾਂ ਨੂੰ ਤਰੱਕੀ ਦੇ ਕੇ 2 ਸਤੰਬਰ 2013 ਨੂੰ ਦਿੱਲੀ ਹਾਈ ਕੋਰਟ ਦਾ ਮੁੱਖ ਜੱਜਬਣਾਇਆ ਗਿਆ। 17 ਫਰਵਰੀ 2014 ਨੂੰ ਉਨ੍ਹਾਂ ਨੂੰ ਇੱਕ ਹੋਰ ਤਰੱਕੀ ਦਿੱਤੀ ਗਈ। ਜਸਟਿਸ ਰਮੰਨਾ 26 ਅਗਸਤ 2022 ਵਿੱਚ ਸੇਵਾਮੁਕਤ ਹੋਣਗੇ।