ਕਾਨਪੁਰ, 18 ਜਨਵਰੀ (ਪੋਸਟ ਬਿਊਰੋ)- ਇੰਦਰਾ ਗਾਂਧੀ ਦੇ ਕਤਲ ਪਿੱਛੋਂ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਦੌਰਾਨ ਜੇ ਕੇ ਕਾਲੋਨੀ ਕਾਨਪੁਰ ਵਿੱਚ ਦੋ ਸਕੇ ਭਰਾਵਾਂ ਦੀ ਹੱਤਿਆ ਹੋਈ ਸੀ। ਉਨ੍ਹਾਂ ਵਿੱਚੋਂ ਵੱਡੇ ਭਰਾ ਦੀ ਪਤਨੀ ਆਪਣੇ ਬੱਚਿਆਂ ਨਾਲ ਲੰਡਨ ਵਿੱਚ ਰਹਿੰਦੀ ਹੈ। ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਫੋਨ `ਤੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਘਟਨਾ ਦਾ ਸਾਰਾ ਵੇਰਵਾ ਦੱਸਿਆ ਹੈ, ਪਰ ਕਾਨਪੁਰ ਆ ਕੇ ਬਿਆਨ ਦੇਣ ਤੋਂ ਉਸ ਨੇ ਇਨਕਾਰ ਕਰ ਦਿੱਤਾ ਹੈ। ਉਸ ਦੀ ਦਰਾਣੀ ਦੇ ਬਿਆਨ ਲੈਣ ਲਈ 25 ਜਨਵਰੀ ਨੂੰ ਐਸ ਆਈ ਟੀ ਚੇਨਈ ਜਾਵੇਗੀ।
ਵਰਨਣ ਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਬਾਅਦ ਦੰਗਿਆਂ ਵਿੱਚ ਜੇ ਕੇ ਕਾਲੋਨੀ ਵਿੱਚ ਇੱਕ ਨਵੰਬਰ 1984 ਸਵੇਰੇ ਨਰਿੰਦਰ ਸਿੰਘ ਤੇ ਉਸ ਦੇ ਭਰਾ ਸੁਰਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ ਅਤੇ ਦੰਗਾਕਾਰੀਆਂ ਨੇ ਘਰ ਨੂੰ ਅੱਗ ਲਾ ਦਿੱਤੀ ਸੀ। ਨਰਿੰਦਰ ਸਿੰਘ ਦੀ ਪਤਨੀ ਕੁਝ ਸਮਾਂ ਪੰਜਾਬ ਰਹੀ ਤੇ ਫਿਰ ਦੋਵਾਂ ਬੱਚਿਆਂ ਨਾਲ ਲੰਡਨ ਚਲੀ ਗਈ ਸੀ। ਸੁਰਿੰਦਰ ਸਿੰਘ ਦੀ ਪਤਨੀ ਹਰਵਿੰਦਰ ਕੌਰ ਬੱਚਿਆਂ ਨਾਲ ਚੇਨਈ ਚਲੀ ਗਈ। ਐਸ ਆਈ ਟੀ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮਨਜੀਤ ਕੌਰ ਦਾ ਮੋਬਾਈਲ ਨੰਬਰ ਲੈ ਕੇ ਫੋਨ ਕੀਤਾ ਅਤੇ ਘਟਨਾ ਦੇ ਬਾਰੇ ਪੁੱਛਗਿੱਛ ਕੀਤੀ। ਜਾਣਕਾਰ ਸੂਤਰਾਂ ਮੁਤਾਬਕ ਮਨਜੀਤ ਕੌਰ ਨੇ ਦੱਸਿਆ ਕਿ ਸਵੇਰੇ ਅਚਾਨਕ ਸੌ ਤੋਂ ਵੱਧ ਲੋਕਾਂ ਦੀ ਭੀੜ ਆਈ ਅਤੇ ਭੰਨਤੋੜ ਕਰਨ ਤੇ ਅੱਗ ਲਾਉਣ ਲੱਗੀ। ਬਚਣ ਲਈ ਉਹ ਦਰਾਣੀ ਹਰਵਿੰਦਰ ਕੌਰ ਨਾਲ ਬੱਚਿਆਂ ਨੂੰ ਲੈ ਕੇ ਛੱਤ ਵੱਲੋਂ ਨਿਕਲ ਗਏ, ਪਰ ਪਤੀ ਅਤੇ ਦਿਓਰ ਨੂੰ ਦੰਗਾਕਾਰੀਆਂ ਨੇ ਘੇਰ ਕੇ ਇੱਟਾਂ-ਪੱਥਰਾਂ ਨਾਲ ਕੁਚਲ ਕੇ ਮਾਰਨ ਪਿੱਛੋਂ ਅੱਗ ਦੇ ਹਵਾਲੇ ਕਰ ਦਿੱਤਾ ਸੀ। ਜਾਂਚ ਟੀਮ ਨੇ ਮਨਜੀਤ ਕੌਰ ਨੂੰ ਕੋਰਟ ਵਿੱਚ ਬਿਆਨ ਦੇਣ ਨੂੰ ਕਿਹਾ, ਪਰ ਉਨ੍ਹਾਂ ਨੇ ਨਾਂਹ ਕਰ ਦਿੱਤੀ।