ਮੁੰਬਈ, 12 ਦਸੰਬਰ (ਪੋਸਟ ਬਿਊਰੋ)- ਮਹਾਰਾਸ਼ਟਰ ਦੀ ਰਾਜਨੀਤੀ ਵਿੱਚ ਵੱਡਾ ਪਲਟਾ ਵੱਜ ਸਕਦਾ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ ਸੀ ਪੀ) ਦੇ ਪ੍ਰਧਾਨ ਸ਼ਰਦ ਪਵਾਰ ਨਾਲ ਮੁਲਾਕਾਤ ਦੇ ਬਾਅਦ ਭਾਜਪਾ ਦੇ ਨੇਤਾ ਏਕਨਾਥ ਖੜਸੇ ਨੇ ਮੁੱਖ ਮੰਤਰੀ ਉਧਵ ਠਾਕਰੇ ਨਾਲ ਵੀ ਮੁਲਾਕਾਤ ਕੀਤੀ ਹੈ।
ਏਕਨਾਥ ਖੜਸੇ ਨੇ ਕਿਹਾ ਕਿ ਉਧਵ ਠਾਕਰੇ ਨਾਲ ਵਿਧਾਨ ਸਭਾ ਖੇਤਰ ਵਿੱਚ ਕੁਝ ਯੋਜਨਾਵਾਂ ਬਾਰੇ ਗੱਲ ਹੋਈ ਹੈ। ਇਸ ਮੁਲਾਕਾਤ ਤੋੋਂ ਪਹਿਲਾਂ ਏਕਨਾਥ ਖੜਸੇ ਨੇ ਪੰਕਜਾ ਮੁੰਡੇ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਮੁੰਬਈ ਵਿੱਚ ਦੇਰ ਰਾਤ ਭਾਜਪਾ ਕੋਰ ਕਮੇਟੀ ਦੀ ਬੈਠਕ ਹੋਈ, ਜਿਸ ਵਿੱਚ ਡੈਮੇਜ ਕੰਟਰੋਲ ਕਰਨ ਅਤੇ ਨਾਗਪੁਰ ਸਮਾਗਮ ਦੀ ਰਣਨੀਤੀ ਬਣਾਉਣ ਉੱਤੇ ਮੰਥਨ ਕੀਤਾ ਗਿਆ। ਇਸ ਬੈਠਕ ਦੇ ਬਾਅਦ ਭਾਜਪਾ ਨੇਤਾ ਸੁਧੀਰ ਮੁਨਗੰਟੀਵਾਰ ਨੇ ਦੱਸਿਆ ਕਿ ਅਸੀ ਬੈਠਕ ਵਿੱਚ ਏਕਨਾਥ ਖੜਸੇ ਨਾਲ ਵਿਚਾਰ-ਵਟਾਂਦਰੇ ਦਾ ਫੈਸਲਾ ਲਿਆ, ਉਨ੍ਹਾਂ ਦੀ ਚਿੰਤਾਵਾਂ 'ਤੇ ਧਿਆਨ ਦਿੱਤਾ ਜਾਵੇਗਾ। ਪਾਰਟੀ ਦੇ ਖਿਲਾਫ ਕੰਮ ਕਰਨ ਵਾਲੇ ਲੋਕਾਂ ਨੂੰ ਲੈ ਕੇ ਖੜਸੇੇ ਨੇ ਕੁਝ ਸਬੂਤ ਸੌਪੇ ਹਨ, ਜਿਸ ਨੇ ਵੀ ਪਾਰਟੀ ਖਿਲਾਫ ਕੰਮ ਕੀਤਾ ਹੈ, ਉਸ ਨੂੰ ਬਾਹਰ ਕੱਢਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਬੈਠਕ ਵਿੱਚ ਪੰਕਜਾ ਮੁੰਡੇ ਸ਼ਾਮਲ ਨਹੀ ਸੀ।
ਮਹਾਰਾਸ਼ਟਰ ਵਿਧਾਨਸਭਾ ਚੋਣਾਂ ਵਿੱਚ ਚਚੇਰੇ ਭਰਾ ਕੋਲੋਂ ਪਰਲੀ ਵਿਧਾਨਸਭਾ ਸੀਟ ਤੋਂ ਚੋਣ ਹਾਰਨ ਦੇ ਪਿੱਛੇ ਅੰਦਰੂਨੀ ਮਾਰ ਦੇ ਸੰ਼ਕਿਆਂ ਦੇ ਬਾਅਦ ਪੰਕਜਾ ਮੁੰਡੇ ਭਾਜਪਾ ਨਾਲ ਨਾਰਾਜ਼ ਦੱਸੀ ਜਾਂਦੀ ਹੈ। ਏਕਨਾਥ ਖੜਸੇ ਕਹਿ ਚੁੱਕੇ ਹਨ ਕਿ ਪਾਰਟੀ ਦੇ ਕੁਝ ਵਰਕਰਾਂ ਦੇ ਕਾਰਨ ਹੀ ਪੰਕਜਾ ਮੁੰਡੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਭਾਜਪਾ ਦੇ ਇੰਚਾਰਜ ਚੰਦਰਕਾਂਤ ਪਾਟਿਲ ਨੂੰ ਕੁਝ ਸਬੂਤ ਸੌਪੇ ਹਨ।